ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਅਮਰੀਕਾ ਦੇ ਸ਼ਹਿਰ ਫਰਿਜਨੋ ਦੇ ਗੁਰਦੁਆਰਾ ਸਾਹਿਬ ਵਿਖੇ ਲਾਏ ਜਾ ਰਹੇ ‘ਨਾਚ-ਗਾਣਾ ਕੈਂਪ’ ਖਿਲਾਫ ਇੱਕ ਸ਼ਿਕਾਇਤ ਬੀਤੇ ਦਿਨ (18 ਜੁਲਾਈ ਨੂੰ) ਅਕਾਲ ਤਖਤ ਸਾਹਿਬ ਵਿਖੇ ਪੁੱਜੀ ਹੈ।
ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਾਚ-ਸੰਗੀਤ ਕੰਪਨੀ ਦੇ ਪ੍ਰਬੰਧਕਾਂ ਖਿਲਾਫ ਕਾਰਵਾਈ ਦੀ ਮੰਗ ਕਰਦਾ ਇੱਕ ਪੱਤਰ ਸ਼ਹੀਦ ਜਨਰਲ ਸ਼ਾਮ ਸਿੰਘ ਜਾਗ੍ਰਤੀ ਮਿਸ਼ਨ ਅਕੈਡਮੀ ਅਟਾਰੀ ਦੇ ਸ. ਗੁਰਸੇਵਕ ਸਿੰਘ ਪੱਧਰੀ ਨੇ ਅਕਾਲ ਤਖਤ ਸਾਹਿਬ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ਼੍ਰੋ.ਗੁ.ਪ੍ਰ.ਕ.) ਵੱਲੋਂ ਲਾਏ ਗਏ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਨੂੰ ਸੌਪਿਆ।
ਜਾਣਕਾਰੀ ਮੁਤਾਬਕ ਗਿਆਨੀ ਹਰਪ੍ਰੀਤ ਸਿੰਘ ਦੇ ਕਹੇ ਮੁਤਾਬਕ ਸ. ਜਸਪਾਲ ਸਿੰਘ ਨੇ ਗੁਰੁਦੁਆਰਾ ਪ੍ਰਬੰਧਕਾਂ ਤੇ ਸੰਗੀਤ ਕੰਪਨੀ ਨੂੰ 15 ਦਿਨਾਂ ਦੇ ਅੰਦਰ-ਅੰਦਰ ਸਪਸ਼ਟੀਕਰਨ ਦੇਣ ਲਈ ਕਿਹਾ ਹੈ।
ਇਸ ਮਾਮਲੇ ਚ ਅਕਾਲ ਤਖਤ ਸਾਹਿਬ ਵਿਖੇ ਸੌਂਪੇ ਗਏ ਮੰਗ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਫਰਿਜਨੋ ਸ਼ਹਿਰ ਦੇ ਗੁਰਦੁਆਰਾ ਸਿੰਘ ਸਭਾ, ਜੀ. ਐਚ. ਜੀ (ਗੁਰੂ ਹਰ ਗੋਬਿੰਦ) ਸੰਗੀਤ ਤੇ ਨਾਚ ਅਕੈਡਮੀ ਵਲੋਂ ਹਰ ਸਾਲ ਛੋਟੇ ਬੱਚਿਆਂ ਲਈ ਗਿੱਧੇ-ਭੰਗੜੇ ਦੀਆਂ ਕਲਾਸਾਂ ਦਾ ਕੈਂਪ ਲਗਾਇਆ ਜਾਂਦਾ ਹੈ ਜੋ ਇਸ ਸਾਲ ਵੀ 5 ਜੁਲਾਈ ਤੋਂ 19 ਜੁੁਲਾਈ ਤੀਕ ਹੈ।
ਪੱਤਰ ਵਿਚ ਸੰਗਤ ਰੂਪ ਵਿੱਚ ਬੇਨਤੀ ਕੀਤੀ ਹੈ ਕਿ ਗੁਰਮਤਿ ਮਰਿਆਦਾ ਦੇ ਉਲਟ ਹੋ ਰਹੇ ਇਸ ਕਾਰਜ ਲਈ ਜਿੰਮੇਵਾਰ ਪ੍ਰਬੰਧਕਾਂ ਤੇ ਡਾਂਸ ਅਕੈਡਮੀ ਖਿਲਾਫ ਕਾਰਵਾਈ ਕੀਤੀ ਜਾਵੇ।