Site icon Sikh Siyasat News

ਅਕਾਲੀ ਦਲ ਪੰਚ ਪ੍ਰਧਾਨੀ ਅਤੇ ਦਲ ਖ਼ਾਲਸਾ ਵੱਲੋਂ ਕੇਸਰੀ ਝੰਡੇ ਲਹਿਰਾਉਂਦਿਆਂ ‘ਅਜ਼ਾਦੀ ਮਾਰਚ’

ਜਲੰਧਰ, ਪੰਜਾਬ (ਨਵੰਬਰ 01, 2013): ਦਲ ਖ਼ਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਵੱਲੋਂ ਨਵੰਬਰ 1984 ਦੇ ਸਿੱਖ ਕਤਲੇਆਮ ਦੀ ਜਾਂਚ ਸੰਯੁਕਤ ਰਾਸ਼ਟਰ ਕੋਲੋਂ ਉਤੇ ਤਰਜ ਉਤੇ ਕਰਵਉਣ ਦੀ ਮੰਗ ਕੀਤੀ ਹੈ, ਜਿਵੇਂ ਪਾਕਿਸਤਾਨ ਦੀ ਮਰਹੂਮ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਕਤਲ ਦੀ ਜਾਂਚ ਸੰਯੁਕਤ ਰਾਸ਼ਟਰ ਵਲੋਂ ਕੀਤੀ ਗਈ ਹੈ।

ਇਹ ਦੱਸਣਯੋਗ ਹੈ ਕਿ ਸ੍ਰੀਮਤੀ ਭੁੱਟੋ ਦੀ ਮੌਤ ਤੋਂ ਬਾਅਦ ਸੰਯੁਕਤ ਰਾਸ਼ਟਰ ਵੱਲੋਂ ਇਹ ਜਾਂਚ ਪਾਕਿਸਤਾਨ ਦੇ ਲੋਕਾਂ ਵੱਲੋਂ ਸੰਯੁਕਤ ਰਾਸ਼ਟਰ ‘ਤੇ ਦਬਾਅ ਪਾਉਣ ਤੇ ਹੋਈ ਕਿਉਂਕਿ ਉਹਨਾਂ ਨੂੰ ਦੇਸ਼ ਦੀ ਸਰਕਾਰ ਉੱਤੇ ਵਿਸਵਾਸ਼ ਨਹੀਂ ਸੀ ਕਿ ਉਹ ਨਿਰਪੱਖ ਜਾਂਚ ਕਰੇਗੀ। ਜਥੇਬੰਦੀਆਂ ਨੇ ਸਪਸ਼ਟ ਕੀਤਾ ਕਿ ਉਹਨਾਂ ਬੇਨਜ਼ੀਰ ਭੁੱਟੋ ਦੇ ਕਤਲ ਦੇ ਮਾਮਲੇ ਦਾ ਉਦਾਹਰਨ ਕੇਵਲ ਇਹ ਦੱਸਣ ਲਈ ਦਿੱਤਾ ਹੈ ਕਿ ਸੰਯੁਕਤ ਰਾਸ਼ਟਰ ਪਾਸੋਂ ਅੰਤਰਰਾਸ਼ਟਰੀ ਜਾਂਚ ਦੀ ਪੂਰੀ ਵਿਵਸਥਾ ਮੌਜੂਦ ਹੈ। ਹਾਲਾਂਕਿ ਉਹ ਜਾਣਦੇ ਹਨ ਕਿ ਨਵੰਬਰ ਕਤਲੇਆਮ ਅਤੇ ਭੁੱਟੋ ਕਤਲ ਵਿੱਚ ਬਹੁਤ ਅੰਤਰ ਹੈ।

ਅਜ਼ਾਦੀ ਅਤੇ ਇਨਸਾਫ ਮਾਰਚ ਦਾ ਇਕ ਦ੍ਰਿਸ਼

ਦੋਹਾਂ ਪਾਰਟੀਆਂ ਦੇ ਸੈਂਕੜੇ ਵਰਕਰਾਂ ਨੇ ਜਲੰਧਰ ਸ਼ਹਿਰ ਦੀਆਂ ਗਲੀਆਂ-ਬਜ਼ਾਰਾਂ ਵਿੱਚ ਹੱਥਾਂ ਵਿੱਚ ਕੇਸਰੀ ਝੰਡੇ ਲਹਿਰਾਉਂਦਿਆਂ ‘ਅਜ਼ਾਦੀ ਮਾਰਚ’ ਕੀਤਾ। ਨੌਜਵਾਨਾਂ ਦੇ ਹੱਥਾਂ ਵਿੱਚ ਸਫੇਦ ਰੰਗ ਦੇ ਪੋਸਟਰ ਫੜੇ ਹੋਏ ਸਨ, ਜਿਹਨਾਂ ਉੱਤੇ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਨਰਸਿਮਾ ਰਾਓ ਦੀਆਂ ਤਸਵੀਰਾਂ ਸਨ ਅਤੇ ਉਹਨਾਂ ਦੋਵਾਂ ਨੂੰ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਠਹਿਰਾਉਂਦਿਆਂ ਸੰਯੁਕਤ ਰਾਸ਼ਟਰ ਵੱਲੋਂ ਇਹਨਾਂ ਖਿਲਾਫ ਜਾਂਚ ਦੀ ਮੰਗ ਕੀਤੀ ਗਈ । ਦੂਸਰੇ ਪੋਸਟਰ ਉੱਤੇ ਸਿੱਖ ਅਜ਼ਾਦੀ ਦੇ ਹੱਕ ਵਿੱਚ ਸੁਨੇਹਾ ਦਿੱਤਾ ਗਿਆ ਸੀ।’ਅਜ਼ਾਦੀ ਮਾਰਚ ਕਿਉਂ’ ਵਾਲਾ ਇੱਕ ਪੈਂਫਲਿਟ ਵੀ ਵੰਡਿਆ ਗਿਆ।

ਮਾਰਚ ਦੇ ਆਰੰਭ ਹੋਣ ਤੋਂ ਪਹਿਲਾਂ ਜਥੇਬੰਦੀਆਂ ਦੇ ਵਰਕਰ ਸਥਾਨਕ ਗੁਰਦੁਆਰੇ ਵਿੱਚ ਇਕੱਤਰ ਹੋਏ ਅਤੇ ਨਫਰਤ ਤੇ ਨਸਲਕੁਸ਼ੀ ਦੀ ਰਾਜਨੀਤੀ ਦੇ ਸ਼ਿਕਾਰ ਹਜ਼ਾਰਾਂ ਬੇਦੋਸ਼ੇ ਸਿੱਖਾਂ ਨੂੰ ਸ਼ਰਧਾਂਜਲੀ ਦਿੱਤੀ। ਕਤਲੇਆਮ ਦੌਰਾਨ ਮਾਰੇ ਗਏ ਸਿੱਖਾਂ ਦੀ ਯਾਦ ਵਿੱਚ ਅਰਦਾਸ ਕੀਤੀ ਗਈ। ਜਥੇਬੰਦੀਆਂ ਵੱਲੋਂ ਕੱਢੇ ਗਏ ਪ੍ਰਭਾਵਸ਼ਾਲੀ ‘ਅਜ਼ਾਦੀ ਮਾਰਚ’ ਨੂੰ ਸੰਬੋਧਨ ਕਰਦਿਆਂ ਦਲ ਖ਼ਾਲਸਾ ਦੇ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਅਤੇ ਸ਼੍ਰੋ. ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸੀਨੀਅਰ ਆਗੂ ਹਰਪਾਲ ਸਿੰਘ ਚੀਮਾ ਨੇ ਬੋਲਦਿਆਂ ਕਿਹਾ ਕਿ ਕਾਂਗਰਸ ਪਾਰਟੀ, ਕਾਂਗਰਸ ਸਰਕਾਰ, ਕਾਂਗਰਸ ਲੀਡਰਸ਼ਿਪ ਜੋ ਉਸ ਵੇਲੇ ਕੇਂਦਰ ਵਿੱਚ ਸੱਤਾ ‘ਤੇ ਸਨ ਅਤੇ ਵਿਰੋਧੀ ਧਿਰ ਭਾਜਪਾ ਸਭ ਅੱਜ ਤਕ ਨਾ-ਇਨਸਾਫੀ ਅਤੇ ਦੋਸ਼ੀਆਂ ਨੂੰ ਕਟਿਹਰੇ ਵਿੱਚ ਨਾ ਲਿਆ ਸਕਣ ਦੀ ਅਯੋਗਤਾ ਲਈ ਜ਼ਿੰਮੇਵਾਰ ਹਨ। ਉਹਨਾਂ ਕਿਹਾ ਕਿ ਉਸ ਵੇਲੇ ਵੀ ਕਾਂਗਰਸ ਦਾ ਰਾਜ ਸੀ ਅਤੇ ਅੱਜ ਵੀ ਕਾਂਗਰਸ ਦਾ ਰਾਜ ਹੈ। ਉਹਨਾਂ ਕਿਹਾ ਦੋਸ਼ੀਆਂ ਕੋਲੋਂ ਇਨਸਾਫ ਦੀ ਉਮੀਦ ਰੱਖਣਾ ਮੂਰਖਾਨਾ ਸੋਚ ਹੋਵੇਗੀ। ਉਹਨਾਂ ਕਿਹਾ ਕਿ ਹੁਣ ਜਦੋਂ ਹੋਰ ਕੋਈ ਸੰਭਾਵਨਾ ਨਹੀਂ ਰਹੀ ਤਾਂ ਸਿਰਫ ਇਕੋ-ਇਕ ਆਖਰੀ ਕਿਰਨ ਵਿਸ਼ਵ ਸੰਸਥਾ ਯੂ. ਐਨ. ਓ. ਹੀ ਨਜ਼ਰ ਆਉਂਦੀ ਹੈ।

ਅਜ਼ਾਦੀ ਅਤੇ ਇਨਸਾਫ ਮਾਰਚ ਦੀਆਂ ਹੋਰ ਤਸਵੀਰਾਂ ਵੇਖੋ

ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਨਵੰਬਰ 1984 ਦੇ ਕਤਲੇਆਮ ਦੇ ਕਈ ਪੱਖਾਂ ਦੀ ਘੋਖ ਜ਼ਰੂਰੀ ਹੈ। ਉਹਨਾਂ ਕਿਹਾ ਕਿ ਸਿੱਖ ਕੌਮ ਜਾਨਣਾ ਚਾਹੁੰਦੀ ਹੈ ਕਿ ਉਸ ਮੌਕੇ ਕਾਹਲੀ ਨਾਲ ਥਾਪੇ ਗਏ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਗ੍ਰਹਿ ਮੰਤਰੀ ਨਰਸਿਮਾ ਰਾਉ ਦੀ ਕੀ ਭੂਮਿਕਾ ਸੀ। ਉਹਨਾਂ ਕਿਹਾ ਕਿ ਅਹਿਜਾ ਤਾਂ ਹੀ ਸੰਭਵ ਹੈ ਜੇਕਰ ਯੂ. ਐਨ. ਓ. ਜਾਂਚ ਕਰੇ। ਉਹਨਾਂ ਕਿਹਾ ਕਿ ਉਹ ਸਿੱਖਾਂ ਦੇ ਸਵੈ-ਨਿਰਣੇ ਦੇ ਹੱਕ ਦੀ ਪ੍ਰਾਪਤੀ ਲਈ ਸੰਘਰਸ਼ ਨਿਰੰਤਰ ਜਾਰੀ ਰਖੱਣਗੇ।

ਮਾਰਚ ਵਿੱਚ ਸ ਗੁਰਤੇਜ ਸਿੰਘ ਸਾਬਕਾ ਆਈ ਏ ਐਸ, ਹਾਈ ਕੋਰਟ ਦੇ ਵਕੀਲ ਨਵਕਿਰਨ ਸਿੰਘ, ਅਮਰ ਸਿੰਘ ਚਾਹਲ, ਮਨਧੀਰ ਸਿੰਘ, ਅਮਰੀਕ ਸਿੰਘ ਈਸੜੂ, ਪਰਮਜੀਤ ਸਿੰਘ ਗਾਜ਼ੀ, ਕੰਵਰ ਸਿੰਘ ਧਾਮੀ, ਦਲ ਖਾਲਸਾ ਦੇ ਸਰਬਜੀਤ ਸਿੰਘ, ਗੁਰਦੀਪ ਸਿੰਘ ਕਾਲਕਟ, ਬਲਜੀਤ ਸਿੰਘ, ਗੁਰਪ੍ਰੀਤ ਸਿੰਘ ਮਾਨ, ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਰਣਬੀਰ ਸਿੰਘ, ਮਨਜੀਤ ਸਿੰਘ, ਨੋਬਲਜੀਤ ਸਿੰਘ ਆਦਿ ਪ੍ਰਮੁੱਖ ਤੌਰ ਉਤੇ ਸ਼ਾਮਿਲ ਹੋਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version