ਅਕਾਲ ਤਖਤ ਸਾਹਿਬ ਦੀ ਇੱਕ ਤਸਵੀਰ

ਸਿੱਖ ਖਬਰਾਂ

‘ਜਥੇਦਾਰਾਂ ਦੇ ਸੇਵਾ ਨਿਯਮ’ ਤੈਅ ਕਰਨ ਵਾਲਾ ਮਸਲਾ ਮੁੜ ਚਰਚਾ ਚ; ਸਿੱਖ ਧਿਰਾਂ ਦਾ ਰੁਖ ਵੇਖਣ ਵਾਲਾ ਹੋਵੇਗਾ

By ਸਿੱਖ ਸਿਆਸਤ ਬਿਊਰੋ

November 20, 2018

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ ਅਤੇ ਸਿੱਖ ਸਿਆਸਤ ਬਿਊਰੋ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ਼੍ਰੋ.ਗੁ.ਪ੍ਰ.ਕ) ਵੱਲੋਂ ਕੁਝ ਸਮਾਂ ਪਹਿਲਾਂ ਲਾਏ ਗਏ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋ.ਗੁ.ਪ੍ਰ.ਕ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਮਾਰਚ 2000 ਵਿੱਚ ਪੰਜ ਸਿੰਘ ਸਾਹਿਬਾਨ ਵਲੋਂ ਕਮੇਟੀ ਨੂੰ ਜਥੇਦਾਰਾਂ ਦੇ ਸੇਵਾ ਨਿਯਮ ਤੈਅ ਕਰਨ ਦੇ ਦਿੱਤੇ ਆਦੇਸ਼ ਤੇ ਹੋਈ ਕਾਰਵਾਈ ਬਾਰੇ ਤੋਂ ਉਹਨਾਂ ਨੂੰ ਜਾਣੂ ਕਰਵਾਇਆ ਜਾਏ।

ਜਿਕਰ ਕਰਨਾ ਬਣਦਾ ਹੈ ਕਿ ਅਕਾਲ ਤਖਤ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਪੂਰਨ ਸਿੰਘ ਵਲੋਂ ਤਤਕਾਲੀ ਸ਼੍ਰੋ.ਗੁ.ਪ੍ਰ.ਕ ਪ੍ਰਧਾਨ ਬੀਬੀ ਜਗੀਰ ਕੌਰ ਤੇ ਉਸ ਵੇਲੇ ਦੀ ਕਾਰਜਕਾਰਨੀ ਨੂੰ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੀ ਅਣਦੇਖੀ ਦਾ ਦੋਸ਼ੀ ਕਰਾਰ ਦਿੰਦਿਆਂ ਪੰਥ ਵਿੱਚੋਂ ਛੇਕਣ ਦੇ ਹੁਕਮਨਾਮੇ ਜਾਰੀ ਕਰ ਦਿੱਤੇ ਸਨ ਪਰ ਕਮੇਟੀ ਦੀ ਕਰਾਜਕਾਰਣੀ ਨੇ ਇਹਨਾਂ ਹੁਕਮਨਾਮਿਆਂ ਦੀ ਪ੍ਰਵਾਹ ਨਾ ਕਰਦਿਆਂ ਗਿਆਨੀ ਪੂਰਨ ਸਿੰਘ ਨੂੰ ਹੀ ਅਹੁਦੇ ਤੋਂ ਫਾਰਗ ਕਰ ਦਿੱਤਾ ਅਤੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਨਵਾਂ ਜਥੇਦਾਰ ਲਾ ਦਿੱੱਤਾ ਸੀ।

29 ਮਾਰਚ 2000 ਨੂੰ ਪੰਜ ਜਥੇਦਾਰਾਂ ਦੀ ਪਹਿਲੀ ਇੱਕਤਰਤਾ ਕਰਦਿਆਂ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਜਿੱਥੇ ਗਿਆਨੀ ਪੂਰਨ ਸਿੰਘ ਵੱਲੋਂ ਇਕ ਖਾਸ ਸਮੇਂ ਦੌਰਾਨ ਕੀਤੇ ਹੁਕਮਨਾਮੇ ਰੱਦ ਕੀਤੇ ਓਥੇ ਸ਼੍ਰੋ.ਗੁ.ਪ੍ਰ.ਕ. ਨੂੰ ਆਦੇਸ਼ ਕੀਤਾ ਸੀ ਕਿ ਉਹ ਤਖਤ ਸਾਹਿਬਾਨ ਦੇ ਜਥੇਦਾਰਾਂ ਦੀ ਯੋਗਤਾ, ਨਿਯੁਕਤੀ, ਸੇਵਾ ਫਲ, ਅਧਿਕਾਰ ਖੇਤਰ ਅਤੇ ਸੇਵਾ ਮੁਕਤੀ ਬਾਰੇ ਨਿਯਮਾਵਲੀ ਤਿਆਰ ਕਰੇ।

ਸਾਲ 2003 ਵਿੱਚ ਸ. ਗੁਰਚਨ ਸਿੰਘ ਟੌਹੜਾ ਵਲੋਂ ਸ਼੍ਰੋ.ਗੁ.ਪ੍ਰ.ਕ. ਦੀ ਮੁੜ ਪ੍ਰਧਾਨਗੀ ਸੰਭਾਲਦਿਆਂ ਪ੍ਰਸਿੱਧ ਕੀਰਤਨੀਏ ਭਾਈ ਜਸਬੀਰ ਸਿੰਘ ਖੰਨੇਵਾਲਿਆਂ ਦੀ ਅਗਵਾਈ ਹੇਠ ਇਕ ਜਥਾ (ਕਮੇਟੀ) ਕਾਇਮ ਕੀਤਾ ਗਿਆ ਸੀ ਪਰ ਭਾਈ ਜਸਬੀਰ ਸਿੰਘ ਅਤੇ ਸ. ਗੁਰਚਰਨ ਸਿੰਘ ਟੌਹੜਾ ਦੇ ਅਕਾਲ ਚਲਾਣੇ ਨਾਲ ਹੀ ਇਹ ਕਾਰਜ ਠੰਡੇ ਬਸਤੇ ਪੈ ਗਿਆ। ਸਾਲ 2008 ਵਿਚ ਦਲ ਖਾਲਸਾ ਨੇ ਇਕ ਸੈਮੀਨਾਰ ਕਰਵਾਕੇ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਦੇ ਹੁਕਮ ਅਨੁਸਾਰ ਕੰਮ ਕਰਨਾ ਚਾਹਿਆ ਤਾਂ ਤਤਕਾਲੀਨ ਸ਼੍ਰੋ.ਗੁ.ਪ੍ਰ.ਕ. ਪ੍ਰਧਾਨ ਅਵਤਾਰ ਸਿੰਘ ਮਕੱੜ ਨੇ ਇਹ ਕਹਿਕੇ ਵਰਜ ਦਿੱਤਾ ਕਿ ਇਹ ਅਧਿਕਾਰ ਖੇਤਰ ਸ਼੍ਰੋਮਣੀ ਕਮੇਟੀ ਦਾ ਹੈ।

ਸਾਲ 2015 ਵਿੱਚ ਜਥੇਦਾਰਾਂ ਵਲੋਂ ਡੇਰਾ ਸਿਰਸਾ ਮੁਖੀ ਨੂੰ ਦਿੱਤੀ ਮੁਆਫੀ ਮਾਮਲੇ ਨੂੰ ਲੈਕੇ ਸ਼੍ਰੋਮਣੀ ਕਮੇਟੀ ਪ੍ਰਬਧ ਹੇਠਲੇ ਤਖਤਾਂ ਦੇ ਜਥੇਦਾਰਾਂ ਦੀ ਕਾਰਜਸ਼ੈਲੀ ਖਿਲਾਫ ਉਠੇ ਸੰਗਤੀ ਰੋਹ ਕਾਰਨ ਹੀ ਨਵੰਬਰ 2015 ਦੇ ‘ਸਰਬੱਤ ਖਾਲਸਾ’ ਨੇ ਸ਼੍ਰੋ.ਗੁ.ਪ੍ਰ.ਕ. ਵੱਲੋਂ ਲਾਏ ਜਥੇਦਾਰਾਂ ਨੂੰ ਨਕਾਰ ਦਿੱਤਾ ਸੀ। ਇਸ ਪੰਥਕ ਇਕੱਠ ਦੌਰਾਨ ਇਹ ਐਲਾਨ ਕੀਤਾ ਗਿਆ ਸੀ ਕਿ ਇੱਕ ਸਾਲ ਦੇ ਅੰਦਰ ਜਥੇਦਾਰਾਂ ਲਈ ਸੇਵਾ ਨਿਯਮ ਤਿਆਰ ਕੀਤੇ ਜਾਣਗੇ ਜਿਸ ਬਾਰੇ ‘ਅਜ਼ਾਦ ਅਕਾਲ ਤਖਤ’ ਮੁਹਿੰਮ ਚਲਾ ਕੇ ਅਮਰੀਕਾ ਵਾਸੀ ਸਿੱਖ ਸ. ਹਰਿੰਦਰ ਸਿੰਘ ਨੇ ਇਕ ਖਰੜਾ ਤਿਆਰ ਵੀ ਕੀਤਾ ਹੈ।

⊕ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਦੀ ਬਹਾਲੀ ਬਾਰੇ ਸੱਥ ਚਰਚਾ ਹੋਈ (ਸਾਰ ਲੇਖਾ)

ਹੁਣ ਜਦੋਂ ਡੇਰਾ ਮੁਖੀ ਮੁਆਫੀ ਮਾਮਲੇ ਦੇ ਸੰਤਾਪ ਚੋਂ ਨਿਕਲਣ ਲਈ ਸ਼੍ਰੋ.ਗੁ.ਪ੍ਰ.ਕ. ਨੇ ਗਿਆਨੀ ਗੁਰਬਚਨ ਸਿੰਘ ਨੂੰ ਘਰ ਤੋਰਨ ਦਾ ਅੱਕ ਵੀ ਚੱਬ ਲਿਆ ਹੈ ਤਾਂ ਜਥੇਦਾਰਾਂ ਲਈ ਸੇਵਾ ਨਿਯਮ ਤੈਅ ਕਰਨ ਦੀ ਤਿਆਰੀ ਨੂੰ ਪੰਥਕ ਧਿਰਾਂ ਪਾਸੋਂ ਮੁੱਦਾ ਖੋਹੇ ਜਾਣ ਵਜੋਂ ਵੀ ਵੇਖਿਆ ਜਾ ਰਿਹਾ ਹੈ।

ਹੁਣ ਵੇਖਣਾ ਇਹ ਹੋਵੇਗਾ ਕਿ ਇਸ ਅਹਿਮ ਅਤੇ ਗੰਭੀਰ ਮਸਲੇ ਬਾਰੇ ਵੱਖ-ਵੱਖ ਰਾਵਾਂ ਰੱਖਣ ਵਾਲੀਆਂ ਸਥਾਪਤੀ ਪੱਖੀ ਤੇ ਸਥਾਪਤੀ ਵਿਰੋਧੀ ਧਿਰਾਂ ਕੀ ਪਹੁੰਚ ਅਖਤਿਆਰ ਕਰਦੀਆਂ ਹਨ?

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: