ਅੰਮ੍ਰਿਤਸਰ: ਸਾਬਕਾ ਹਜ਼ੂਰੀ ਰਾਗੀ ਅਤੇ ਸਿੱਖ ਸਦਭਾਵਨਾ ਦਲ ਦੇ ਮੁਖੀ ਭਾਈ ਬਲਦੇਵ ਸਿੰਘ ਵਡਾਲਾ ਨੇ ਦੋਸ਼ ਲਾਇਆ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ ਉਸਾਰੀ ਜਾ ਰਹੀ ਸਾਰਾਗੜ੍ਹੀ ਸਰਾਂ ਵਿਚ ਮਹਿੰਗੇ ਭਾਅ ਦਾ ਵਿਦੇਸ਼ੀ ਫਰਨੀਚਰ ਖਰੀਦਿਆ ਜਾ ਰਿਹਾ ਹੈ, ਜੋ ਕਿ ਪੰਜਾਬ ਵਿੱਚੋਂ ਹੀ ਸਸਤੇ ਭਾਅ ’ਤੇ ਵੀ ਬਣ ਸਕਦਾ ਹੈ। ਇਕ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਦਾਅਵਾ ਕੀਤਾ ਕਿ ਸਰਾਂ ਵਾਸਤੇ ਇਹ ਫਰਨੀਚਰ ਹਾਂਗਕਾਂਗ ਦੀ ਇਕ ਕੰਪਨੀ ਕੋਲੋਂ ਲਗਪਗ 3 ਲੱਖ ਅਮਰੀਕੀ ਡਾਲਰ ਵਿਚ ਖਰੀਦਣ ਦਾ ਸੌਦਾ ਹੋਇਆ ਹੈ ਤੇ 60 ਫੀਸਦੀ ਰਕਮ ਦੀ ਅਦਾਇਗੀ ਹੋ ਚੁੱਕੀ ਹੈ। ਇਹ ਫਰਨੀਚਰ ਚੀਨ ਦਾ ਬਣਿਆ ਹੋਇਆ ਹੈ, ਜਦੋਂਕਿ ਚੀਨ ਦੇ ਬਣੇ ਮਾਲ ਦੀ ਕੋਈ ਗਰੰਟੀ ਨਹੀਂ ਹੈ।
ਉਨ੍ਹਾਂ ਆਖਿਆ ਕਿ ਕਰਤਾਰਪੁਰ ਫਰਨੀਚਰ ਬਣਾਉਣ ਲਈ ਪ੍ਰਸਿੱਧ ਹੈ ਅਤੇ ਇਥੋਂ ਇਹੀ ਫਰਨੀਚਰ ਘੱਟ ਕੀਮਤ ਵਿਚ ਮਿਲ ਸਕਦਾ ਸੀ, ਜਿਸ ਦੀ ਗਰੰਟੀ ਵੀ ਹੋਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਇਸ ਸਰਾਂ ਦੀ ਉਸਾਰੀ ਲਈ ਨਗਰ ਨਿਗਮ ਕੋਲੋਂ ਐਨਓਸੀ ਵੀ ਨਹੀਂ ਹਾਸਲ ਕੀਤਾ ਗਿਆ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਜਿਨ੍ਹਾਂ ਹੋਟਲਾਂ ਦੀਆਂ ਇਮਾਰਤਾਂ ਨੂੰ ਨਜਾਇਜ਼ ਕਰਾਰ ਦਿੰਦਿਆਂ ਨੋਟਿਸ ਜਾਰੀ ਕੀਤੇ ਗਏ ਸਨ, ਉਨ੍ਹਾਂ ਵਿਚ ਇਹ ਸਰਾਂ ਵੀ ਸ਼ਾਮਲ ਹੈ। ਉਨ੍ਹਾਂ ਦੋਸ਼ ਲਾਇਆ ਕਿ 18 ਕਰੋੜ ਰੁਪਏ ਬਜਟ ਨਾਲ ਸ਼ੁਰੂ ਕੀਤੀ ਇਸ ਸਰਾਂ ’ਤੇ ਕਰੀਬ 68 ਕਰੋੜ ਰੁਪਏ ਖਰਚੇ ਕੀਤੇ ਜਾ ਚੁੱਕੇ ਹਨ ਅਤੇ ਕੰਮ ਹਾਲੇ ਵੀ ਅਧੂਰਾ ਹੈ।
ਉਸਾਰੀ ਦਾ ਠੇਕਾ ਜਿਸ ਵਿਅਕਤੀ ਨੂੰ ਦਿੱਤਾ ਗਿਆ, ਉਸ ਵਲੋਂ ਬਣਾਈਆ ਪਹਿਲੀਆਂ ਸਰਾਵਾਂ ਦੀ ਹਾਲਤ ਕੁਝ ਸਾਲਾਂ ਵਿਚ ਹੀ ਖਸਤਾ ਹੋ ਚੁੱਕੀ ਹੈ। ਉਨ੍ਹਾਂ ਇਸ ਕਾਰਵਾਈ ਨੂੰ ਗੁਰੂ ਦੀ ਗੋਲਕ ਦੀ ਨਜਾਇਜ਼ ਵਰਤੋਂ ਕਰਾਰ ਦਿੱਤਾ। ਇਸ ਮੌਕੇ ਉਨ੍ਹਾਂ 21 ਅਗਸਤ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਕੀਰਤਨ ਦੇ ਪ੍ਰੋਗਰਾਮ ਦੀ ਵੀ ਜਾਣਕਾਰੀ ਦਿੱਤੀ। ਉਨ੍ਹਾਂ ਆਖਿਆ ਕਿ ਉਹ ਉਥੇ ਸੰਗਤ ਰੂਪ ਵਿਚ ਕੀਰਤਨ ਕਰਨਗੇ ਅਤੇ ਇਸ ਨੂੰ ਧਰਨਾ ਨਹੀਂ ਕਿਹਾ ਜਾ ਸਕਦਾ। ਇਸ ਮੌਕੇ ਉਨ੍ਹਾਂ ਨਾਲ ਇਕਬਾਲ ਸਿੰਘ, ਪੂਰਨ ਸਿੰਘ, ਅਮਨਦੀਪ ਸਿੰਘ, ਸੁਖਦੇਵ ਸਿੰਘ, ਹਰਜਿੰਦਰ ਸਿੰਘ, ਕਮਲਜੀਤ ਸਿੰਘ ਆਦਿ ਹਾਜ਼ਰ ਸਨ।
ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਦਿਲਜੀਤ ਸਿੰਘ ਬੇਦੀ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕਰਦਿਆਂ ਆਖਿਆ ਕਿ ਉਸ ਦੇ ਦੋਸ਼ਾਂ ਦੀ ਘੋਖ ਕੀਤੀ ਜਾ ਰਹੀ ਹੈ।