Site icon Sikh Siyasat News

ਭਾਰਤ ਤੋਂ ਬਾਹਰ ਦੀਆਂ ਸਿੱਖ ਜੱਥੇਬੰਦੀਆਂ ਨੇ ਸ਼ੋਮਣੀ ਕਮੇਟੀ ਵੱਲੋਂ ਜਾਰੀ ਕੈਲੰਦਰ ਨੂੰ ਕੀਤਾ ਰੱਦ

ਅੰਮ੍ਰਿਤਸਰ (15 ਮਾਰਚ, 2015): ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਕਮੇਟੀ ਵੱਲਂ ਜਾਰੀ ਕੈਲੰਡਰ ਨੂੰ ਰੱਦ ਕਰਦਿਆਂ ਮੂਲ ਨਾਨਕਸ਼ਾਹੀ ਕੈਲੰਡਰ ਜਾਰੀ ਕਰ ਦਿੱਤਾ ਹੈ ਅਤੇ ਆਖਿਆ ਕਿ ਉਸ ਇਸ ਕੈਲੰਡਰ ਮੁਤਾਬਕ ਹੀ ਗੁਰਪੁਰਬ ਮਨਾਉਣਗੇ। ਇਸ ਸਬੰਧ ਵਿੱਚ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕਤਰ ਗੋਪਾਲ ਸਿੰਘ ਚਾਵਲਾ ਨੇ ਗੱਲ ਕਰਦਿਆਂ ਦੱਸਿਆ ਕਿ ਪਾਕਿਸਤਾਨ ਵਿੱਚ ਨਵੇਂ ਵਰ੍ਹੇ ਦੇ ਮੌਕੇ ਮੂਲ ਨਾਨਕਸ਼ਾਹੀ ਕੈਲੰਡਰ ਜਾਰੀ ਕੀਤਾ ਗਿਆ ਹੈ ਅਤੇ ਉਸ ਅਨੁਸਾਰ ਹੀ ਸਾਰੇ ਦਿਨ ਤਿਉਹਾਰ ਮਨਾਏ ਜਾਣਗੇ ।

ਉਨ੍ਹਾਂ ਦੱਸਿਆ ਕਿ ਪੀਜੀਪੀਸੀ ਦੇ ਪ੍ਰਧਾਨ ਸ਼ਾਮ ਸਿੰਘ ਨੇ ਸ਼ਨਿਚਰਵਾਰਵਾਰ ਨੂੰ ਨਵੇਂ ਸਾਲ ਦੇ ਮੌਕੇ ਗੁਰਮਤਿ ਅਨੁਸਾਰ ਨਵੇਂ ਵਰ੍ਹੇ ਵਾਸਤੇ ਨਾਨਕਸ਼ਾਹੀ ਕੈਲੰਡਰ ਜਾਰੀ ਕਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਉਹ ਬਿਕਰਮੀ ਕੈਲੰਡਰ ਨੂੰ ਮਾਨਤਾ ਨਹੀ ਦੇਣਗੇ।

ਪਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੂਲ ਨਾਨਕਸ਼ਾਹੀ ਕੈਲੰਡਰ ਜਾਰੀ ਕਰਦੀ ਹੋਈ

ਇੱਥੇ ਦੱਸਣਯੋਗ ਹੈ ਕਿ ਨਾਨਕਸ਼ਾਹੀ ਕੈਲੰਡਰ ਵਿਵਾਦ ਨੂੰ ਹੱਲ ਕਰਨ ਲਈ ਪੰਜ ਸਿੰਘ ਸਾਹਿਬਾਨ ਵੱਲੋਂ ਇੱਕ 18 ਮੈਂਬਰੀ ਕਮੇਟੀ ਬਨਾਉਣ ਦਾ ਐਲਾਨ ਕੀਤਾ ਗਿਆ ਹੈ ਜੋ ਇਸ ਸਾਲ ਦੇ ਅੰਤ ਤਕ ਆਪਣੀ ਰਿਪੋਰਟ ਦੇਵੇਗੀ ਅਤੇ ਇਸੇ ਰਿਪੋਰਟ ਦੇ ਆਧਾਰ ’ਤੇ ਮੁੜ ਪੰਜ ਸਿੰਘ ਸਾਹਿਬਾਨ ਵੱਲੋਂ ਕੋਈ ਅਗਲਾ ਫੈਸਲਾ ਕੀਤਾ ਜਾਵੇਗਾ ਪਰ ਇਸ ਦੌਰਾਨ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਜਾਰੀ ਰੱਖਣ ਦੀ ਥਾਂ ਬਿਕਰਮੀ ਕੈਲੰਡਰ ਵਰਗਾ ਨਵਾਂ ਕੈਲੰਡਰ ਜਾਰੀ ਕਰ ਦਿੱਤਾ ਹੈ।

ਸਿੱਖ ਭਾਈਚਾਰੇ ਵੱਲੋਂ ਇਸ ਦਾ ਸਖਤ ਵਿਰੋਧ ਕੀਤਾ ਜਾ ਰਿਹਾ ਹੈ ,ਖਾਸ ਕਰਕੇ ਵਿਦੇਸ਼ ਵਸਦੇ ਸਿੱਖ ਭਾਈਚਾਰੇ ਨੇ ਸਖਤ ਰੋਸ ਦਾ ਪ੍ਰਗਟਾਵਾ ਕੀਤਾ ਅਤੇ ਇਸ ਨਵੇਂ ਕੈਲੰਡਰ ਨੂੰ ਰੱਦ ਕਰ ਦਿੱਤਾ ਹੈ।

ਅਮਰੀਕਾ ਵਿਚਲੇ ਗੁਰਦੁਆਰੇ ਨਾਲ ਜੁੜੀ ਸਿੱਖ ਜਥੇਬੰਦੀ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਪ੍ਰਿਤਪਾਲ ਸਿੰਘ ਨੇ ਆਖਿਆ ਕਿ ਜਥੇਬੰਦੀ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਬਣਾਈ 18 ਮੈਂਬਰੀ ਕਮੇਟੀ ਅਤੇ ਨਵੇਂ ਸਾਲ ਦਾ ਜਾਰੀ ਕੀਤਾ ਕੈਲੰਡਰ ਦੋਵੇਂ ਰੱਦ ਕਰ ਦਿੱਤੇ ਹਨ।

ਉਨ੍ਹਾਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖ ਭਾਈਚਾਰੇ ਦੀਆ ਭਾਵਨਾਵਾਂ ਨਾਲ ਖੇਡਣ ਦਾ ਯਤਨ ਨਾ ਕਰਨ।

ਗਲੋਬਲ ਸਿੱਖ ਕੌਂਸਲ ਦੇ ਆਗੂ ਗੁਲਬਰਗ ਸਿੰਘ ਨੇ ਆਖਿਆ ਕਿ ਨਵੇਂ ਵਰ੍ਹੇ ਮੌਕੇ ਸ੍ਰੋਮਣੀ ਕਮੇਟੀ ਵੱਲੋਂ ਤਿਆਰ ਕੀਤੇ ਅਤੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਵੱਲੋਂ ਜਾਰੀ ਕੀਤੇ ਇਸ ਬਿਕਰਮੀ ਕੈਲੰਡਰ ਨੂੰ ਮੂਲੋ ਰੱਦ ਕਰ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਨਵਾਂ ਕੈਲੰਡਰ ਸਿਆਸੀ ਪ੍ਰਭਾਵ ਹੇਠ ਜਾਰੀ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਉਂਝ ਵੀ ਸ਼੍ਰੋਮਣੀ ਕਮੇਟੀ ਦਾ ਘੇਰਾ ਪੰਜਾਬ ਤਕ ਸੀਮਤ ਹੈ ਅਤੇ ਉਸਨੂੰ ਪੂਰੇ ਵਿਸ਼ਵ ਦੇ ਸਿੱਖ ਭਾਈਚਾਰੇ ਸਬੰਧੀ ਆਪੇ ਫੈਸਲੇ ਲੈਣ ਦਾ ਕੋਈ ਹੱਕ ਨਹੀ ਹੈ।

ਉਨ੍ਹਾਂ ਆਖਿਆ ਕਿ ਇਹ ਉਚਿੱਤ ਸਮਾਂ ਹੈ ਕਿ ਸਰਬੱਤ ਖਾਲਸਾ ਸੱਦ ਕੇ ਸਿੱਖ ਮਸਲਿਆ ਬਾਰੇ ਵਿਚਾਰ ਕੀਤਾ ਜਾਏ ਅਤੇ ਸਰਬੱਤ ਖਾਲਸਾ ਹੀ ਸਮੁੱਚੇ ਸਿੱਖ ਪੰਥ ਦੇ ਨਿਰਪੱਖ ਢੰਗ ਨਾਲ ਫੈਸਲੇ ਕਰੇ। ਨੈਸ਼ਨਲ ਸਿੱਖ ਕੌਂਸਲ ਆਫ ਅਸਟਰੇਲੀਆ ਜੋ ਕਿ ਗਲੋਬਲ ਸਿੱਖ ਕੌਂਸਲ ਦਾ ਵੀ ਹਿੱਸਾ ਹੈ , ਨੇ ਆਖਿਆ ਕਿ ਉਹ ਸ਼੍ਰੋਮਣੀ ਕਮੇਟੀ ਦੀ ਥਾਂ ਗਲੋਬਲ ਸਿੱਖ ਕੌਂਸਲ ਵੱਲੋਂ ਲਏ ਫੈਸਲੇ ਨੂੰ ਲਾਗੂ ਕਰਨਗੇ ।

ਇਸ ਦੌਰਾਨ ਫੈਡਰੇਸ਼ਨ ਆਫ ਸਿੱਖ ਸੁਸਾਇਟੀ ਆਫ ਕੈਨੇਡਾ, ਮਲੇਸ਼ੀਆ ਗੁਰਦੁਆਰਾ ਕੌਂਸਲ, ਪਾਕਿਸਤਾਨ ਸਿੱਖ ਕੌਂਸਲ, ਨੈਟਵਰਕ ਆਫ ਸਿੱਖ ਆਰਗੇਨਾਈਜੇਸ਼ਨ ਯੂ ਕੇ , ਵਰਲਡ ਸਿੱਖ ਕੌਂਸਲ ਅਮਰੀਕਾ ਰੀਜਨ ਅਤੇ ਹੋਰ ਜਥੇਬੰਦੀਆਂ ਨੇ ਵੀ ਇਸ ਨਵੇਂ ਵਰ੍ਹੇ ਦੇ ਜਾਰੀ ਕੀਤੇ ਕੈਲੰਡਰ ਦਾ ਵਿਰੋਧ ਕੀਤਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version