ਚੰਡੀਗੜ: ਅਖੰਡ ਕੀਰਤਨੀ ਜਥੇ ਵੱਲੋਂ ਅੱਜ ਇਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਗਈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾਉਂਦੇ ਰਹੇ ਭਾਈ ਸਤਨਾਮ ਸਿੰਘ ਖੰਡੇਵਾਲਾ ਤੇ ਉਨ੍ਹਾਂ ਦੇ ਸਾਥੀ ਸਿੰਘਾਂ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦੀ ਅਗਵਾਈ ਵਿਚ ਵੱਖ-ਵੱਖ ਪੰਥਕ ਜਥੇਬੰਦੀਆਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਦੀ ਇਕ ਇਕੱਤਰਤਾ ਧਰਮਕੋਟ ਵਿਚ ਹੋਈ, ਜਿਸ ਵਿਚ ਅਜੋਕੇ ਪੰਥਕ ਹਾਲਾਤਾਂ ਅਤੇ ਪੰਜਾਬ ਦੀ ਵਰਤਮਾਨ ਧਾਰਮਿਕ, ਸਮਾਜਿਕ, ਅਤੇ ਰਾਜਨੀਤਕ ਦਸ਼ਾ ਬਾਰੇ ਗੰਭੀਰ ਵਿਚਾਰ ਚਰਚਾ ਹੋਈਆਂ।
ਬਿਆਨ ਅਨੁਸਾਰ ਇਸ ਇਕੱਰਤਾ ਵਿੱਚ ਹਿੱਸਾ ਲੈਣ ਵਾਲੇ ਵਿਅਕਤੀਆਂ ਤੇ ਜਥੇਬੰਦੀਆਂ ਵਲੋਂ ਇਹ ਮਹਿਸੂਸ ਕੀਤਾ ਗਿਆ ਕਿ ਪਿਛਲੇ ਸਮੇਂ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਭੂਸੱਤਾ ਨੂੰ ਰਾਜਨੀਤਕ ਲੋਕਾਂ ਵਲੋਂ ਆਪਣੇ ਨਿੱਜੀ ਸਵਾਰਥਾਂ ਲਈ ਮਾਰੀ ਗਈ ਸੱਟ ਅਤੇ ਪੰਜਾਬ ਵਿਚ ਵੱਖ-ਵੱਖ ਥਾਵਾਂ ‘ਤੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ, ਪੰਜਾਬ ‘ਚ ਵੱਧ ਰਹੇ ਨਸ਼ਿਆਂ ਦੇ ਪਸਾਰੇ, ਕਿਸਾਨ ਖੁਦਕੁਸ਼ੀਆਂ, ਧਾਰਮਿਕ, ਸਮਾਜਿਕ ਅਤੇ ਸੱਭਿਆਚਾਰਕ ਗਿਰਾਵਟ ਨੂੰ ਰੋਕਣ ਲਈ ਜ਼ਰੂਰੀ ਕਦਮ ਚੁੱਕਣ ਦੀ ਲੋੜ ਹੈ। ਜਿਸ ਦੇ ਸਿੱਟੇ ਵਜੋਂ ਸਮੂਹ ਹਾਜ਼ਰ ਪੰਥਕ ਜਥੇਬੰਦੀਆਂ ਅਤੇ ਸ਼ਖ਼ਸੀਅਤਾਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਹੇਠ ਇਕਮੁਠ ਹੋ ਕੇ ਚੱਲਣ ਦਾ ਅਹਿਦ ਕੀਤਾ ਗਿਆ।
ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਜੋ ਪੰਥਕ ਧਿਰਾਂ ਕਿਸੇ ਕਾਰਨ ਕਰਕੇ ਅੱਜ ਦੀ ਮੀਟਿੰਗ ਵਿਚ ਸ਼ਾਮਲ ਨਹੀਂ ਹੋ ਸਕੀਆਂ, ਉਨ੍ਹਾਂ ਨਾਲ ਸੰਪਰਕ ਕਰਨ ਲਈ ਸੱਤ ਮੈਂਬਰੀ ਏਕਤਾ ਪੈਨਲ ਦਾ ਗਠਨ ਕੀਤਾ ਗਿਆ, ਜਿਸ ਵਿਚ ਅਖੰਡ ਕੀਰਤਨੀ ਜਥੇ ਤੋਂ ਭਾਈ ਆਰ.ਪੀ. ਸਿੰਘ, ਦਮਦਮੀ ਟਕਸਾਲ ਸੰਗਰਾਵਾਂ ਤੋਂ ਭਾਈ ਕੁਲਦੀਪ ਸਿੰਘ, ਅਕਾਲੀ ਦਲ 1920 ਤੋਂ ਰਘਬੀਰ ਸਿੰਘ ਰਾਜਾਸਾਂਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵਲੋਂ ਭਾਈ ਸੁਖਜੀਤ ਸਿੰਘ ਖੋਸਾ, ਭਾਈ ਭਰਪੂਰ ਸਿੰਘ ਧਰਮ ਪ੍ਰਚਾਰ ਕਮੇਟੀ, ਬਾਬਾ ਗੁਰਸੇਵਕ ਸਿੰਘ ਸ਼ੀਰੀ ਸਾਹਿਬ ਅਤੇ ਗੁਰੂ ਮਾਨਿਓ ਗ੍ਰੰਥ ਖ਼ਾਲਸਾ ਜਥਾ ਤੋਂ ਭਾਈ ਗੁਰਨੇਕ ਸਿੰਘ ਨੂੰ ਸ਼ਾਮਲ ਕੀਤਾ ਗਿਆ। ਅੱਜ ਦੀ ਮੀਟਿੰਗ ਵਿਚ ਅਖੰਡ ਕੀਰਤਨੀ ਜਥੇ, ਦਮਦਮੀ ਟਕਸਾਲ ਸੰਗਰਾਵਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਏਕਨੂਰ ਖ਼ਾਲਸਾ ਫ਼ੌਜ, ਸਿੱਖ ਸਦਭਾਵਨਾ ਦਲ, ਅਕਾਲੀ ਦਲ 1920, ਮੀਰੀ-ਪੀਰੀ ਫ਼ੈਡਰੇਸ਼ਨ, ਧਰਮ ਪ੍ਰਚਾਰ ਕਮੇਟੀ, ਗੁਰੂ ਮਾਨਿਓ ਗ੍ਰੰਥ ਖ਼ਾਲਸਾ ਜਥਾ, ਜਸਪਾਲ ਸਿੰਘ ਹੇਰਾਂ, ਬਾਬਾ ਗੁਰਸੇਵਕ ਸਿੰਘ ਸ਼ੀਰੀ ਸਾਹਿਬ ਅਤੇ ਪ੍ਰਿੰਸੀਪਲ ਚਰਨਜੀਤ ਸਿੰਘ ਲੁਧਿਆਣਾ ਸਮੇਤ ਹੋਰ ਕਈ ਪੰਥਕ ਜਥੇਬੰਦੀਆਂ ਵੀ ਸ਼ਾਮਲ ਹੋਈਆਂ।