ਨਵੀਂ ਦਿੱਲੀ: ਸਿੱਕਿਮ ਹਾਊਸ ’ਚ ਸਿੱਕਿਮ ਦੇ ਮੁਖ ਮੰਤਰੀ ਪਵਨ ਚਾਂਮਲਿੰਗ ਨਾਲ ਮੁਲਾਕਾਤ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਦਲ ਦਲ ਦੇ ਆਗੂਆਂ ਨੇ ਸਿੱਕਿਮ ਸਰਕਾਰ ਵੱਲੋਂ 1991 ’ਚ ਧਾਰਮਿਕ ਸਥਾਨਾਂ ਬਾਰੇ ਕੱਢੇ ਗਏ ਨੋਟੀਫਿਕੇਸ਼ਨ ਬਾਰੇ ਗੱਲਬਾਤ ਕੀਤੀ।
ਸਿੱਕਿਮ ਦੇ ਮੁੱਖ ਮੰਤਰੀ ਨੂੰ ਮਿਲਣ ਗਏ ਵਫਦ ਵਿਚ ਬਾਦਲ ਦਲ ਦੇ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ, ਬਲਵਿੰਦਰ ਸਿੰਘ ਭੁੰਦੜ, ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਭਾਜਪਾ ਦੇ ਵਿਧਾਇਕ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਅਤੇ ਸਾਬਕਾ ਰਾਜਸਭਾ ਮੈਂਬਰ ਤ੍ਰਿਲੋਚਨ ਸਿੰਘ ਸ਼ਾਮਿਲ ਸਨ।
ਵਫ਼ਦ ਨੇ ਮੁਖ ਮੰਤਰੀ ਨੂੰ ਦੱਸਿਆ ਕਿ ਸਿੱਕਿਮ ਪ੍ਰਸ਼ਾਸਨ ਵੱਲੋਂ ਗੁਰਦੁਆਰਾ ਡਾਂਗਮਾਰ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਤੇ ਹੋਰ ਸਮਾਨ ਨੂੰ ਗੁਰਦੁਆਰਾ ਚੁੰਗਥਾਂਗ ਸਾਹਿਬ ਵਿਖੇ ਭੇਜਣ ਦੌਰਾਨ ਮਰਿਯਾਦਾ ਦਾ ਖਿਆਲ ਨਹੀਂ ਰੱਖਿਆ ਗਿਆ। ਜਿਸ ਕਰਕੇ ਸਮੂਹ ਸੰਸਾਰ ਵਿਚ ਵੱਸਦੇ ਸਿੱਖਾਂ ਦੀ ਭਾਵਨਾਵਾਂ ਆਹਤ ਹੋਈਆਂ ਹਨ। ਜੀ.ਕੇ. ਨੇ ਦਿੱਲੀ ਕਮੇਟੀ ਵੱਲੋਂ ਗੁਰਦੁਆਰਾ ਸਾਹਿਬਾਨਾਂ ਦੇ ਚੰਗੇ ਪ੍ਰਬੰਧ, ਸਟਾਫ਼ ਦੀ ਲੋੜ ਅਤੇ ਮੁਰੱਮਤ ਆਦਿਕ ਲਈ ਹਰ ਪ੍ਰਕਾਰ ਦੀ ਸਹਾਇਤਾ ਸਿੱਕਿਮ ਪ੍ਰਸ਼ਾਸਨ ਨੂੰ ਉਪਲਬਧ ਕਰਾਉਣ ਦੀ ਪੇਸ਼ਕਸ ਕੀਤੀ।
ਵਫਦ ਨੇ ਗੁਰਦੁਆਰਾ ਡਾਂਗਮਾਰ ਸਾਹਿਬ ਦੀ ਹਾਲਾਤ ਨੂੰ ਬਰਕਰਾਰ ਰੱਖਣ ਦੇ ਸਿੱਕਿਮ ਪ੍ਰਸ਼ਾਸਨ ਨੂੰ 1 ਸਤੰਬਰ 2017 ਨੂੰ ਦਿੱਤੇ ਗਏ ਆਦੇਸ਼ ਦੀ ਪਰਵਾਹ ਸਿੱਕਿਮ ਸਰਕਾਰ ਵੱਲੋਂ ਨਾ ਕਰਨ ਦਾ ਵੀ ਦੋਸ਼ ਲਗਾਇਆ। ਦਿੱਲੀ ਕਮੇਟੀ ਵਲੋਂ ਜਾਰੀ ਪ੍ਰੈਸ ਬਿਆਨ ‘ਚ ਕਿਹਾ ਗਿਆ ਕਿ ਜਾਣਬੁੱਝ ਕੇ ਚੁੰਗਥਾਂਗ ਦੇ ਐਸ.ਡੀ.ਐਮ. ਨੇ 2 ਸਤੰਬਰ ਨੂੰ ਗੁਰਦੁਆਰਾ ਚੁੰਗਥਾਂਗ ਸਾਹਿਬ ਨੂੰ ਗੈਰਕਾਨੂੰਨੀ ਨਿਰਮਾਣ ਸਬੰਧੀ ਪੱਤਰ ਭੇਜ ਕੇ ਸਿੱਖਾਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ।
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਾਰੀ ਪ੍ਰੈਸ ਬਿਆਨ ਮੁਤਾਬਕ ਸਿੱਕਿਮ ਦੇ ਮੁਖ ਮੰਤਰੀ ਨੇ ਦੋਵੇਂ ਗੁਰਦੁਆਰਾ ਸਾਹਿਬਾਨਾਂ ਦੀ ਮੌਜੂਦਾ ਸਥਿਤੀ ਨੂੰ ਬਰਕਰਾਰ ਰੱਖਣ ਲਈ ਕੰਮ ਕਰਨ ਦੀ ਗੱਲ ਕੀਤੀ ਹੈ। ਜਾਰੀ ਬਿਆਨ ਮੁਤਾਬਕ ਸਿੱਕਿਮ ਦੇ ਮੁਖ ਮੰਤਰੀ ਨੇ ਇਸ ਸਬੰਧ ‘ਚ ਤਿੰਨ ਮੈਂਬਰੀ ਕਮੇਟੀ ਬਣਾਈ ਹੈ।
ਸਬੰਧਤ ਖ਼ਬਰ:
ਦਿੱਲੀ ਕਮੇਟੀ ਵਫ਼ਦ ਨੇ ਭਾਰਤ ਦੇ ਗ੍ਰਹਿ ਮੰਤਰੀ ਨਾਲ ਸਿੱਖ ਮਸਲਿਆਂ ‘ਤੇ ਗੱਲਬਾਤ ਕੀਤੀ …