November 8, 2022 | By ਸਿੱਖ ਸਿਆਸਤ ਬਿਊਰੋ
ਪਰਥ, ਆਸਟ੍ਰੇਲੀਆ: ਜਦੋਂ ਕਿਸੇ ਵੀ ਭਾਈਚਾਰੇ/ਕੌਮ ਨਾਲ ਨਸਲਕੁਸ਼ੀ ਦਾ ਮਹਾਂ-ਦੁਖਾਂਤ ਵਾਪਰਦਾ ਹੈ ਤਾਂ ਉਸ ਦੁਖਾਂਤ ਤੋਂ ਬਾਅਦ ਅਗਲੀ ਪੀੜ੍ਹੀ ਦਾ ਇਹ ਫਰਜ਼ ਹੁੰਦਾ ਹੈ ਕਿ ਉਹ ਇਸ ਦੀ ਸਾਰੀ ਸੱਚਾਈ ਖੋਜੇ ਅਤੇ ਉਜਾਗਰ ਕਰੇ ਅਤੇ ਇਸ ਬਾਰੇ ਆਪਣਾ ਸਹੀ ਬਿਰਤਾਂਤ ਪੇਸ਼ ਕਰੇ।
ਨਵੰਬਰ 1984 ਦੌਰਾਨ ਇੰਡੀਆ ਭਰ ਵਿਚ ਮਿੱਥ ਕੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਪਰ ਬੀਤੇ 38 ਸਾਲ ਦੌਰਾਨ ਦਿੱਲੀ ਦਰਬਾਰ ਤੇ ਇਸ ਦੇ ਖਬਰਖਾਨੇ ਨੇ ਇਸ ਉੱਤੇ ਪਰਦਾ ਪਾਉਣ ਲਈ ਇਹਨਾ ਕਤਲੇਆਮਾਂ ਨੂੰ “ਦਿੱਲੀ ਦੰਗੇ” ਦਾ ਨਾਮ ਦਿੱਤਾ। ‘ਦਿੱਲੀ ਦੰਗੇ’ ਦਾ ਬਿਰਤਾਂਤ ਖੜ੍ਹਾ ਕਰਕੇ ਦਿੱਲੀ ਦਰਬਾਰ ਇਹ ਦਰਸਾਉਣਾ ਚਾਹੁੰਦਾ ਸੀ ਕਿ ਇਕ ਤਾਂ ਸਿੱਖਾਂ ਵਿਰੁਧ ਹਿੰਸਾ ਦਿੱਲੀ ਤੱਕ ਸੀਮਤ ਸੀ ਤੇ ਦੂਜਾ ਇਹ ਕਿ ਇਹ ਕਤਲੇਆਮ ਜਾਂ ਨਸਲਕੁਸ਼ੀ ਨਹੀਂ ਸਨ ਬਲਕਿ ‘ਦੰਗੇ’ ਸਨ।
ਹਾਲ ਹੀ ਵਿਚ ਛਪੀ “ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ (ਚਸ਼ਮਦੀਦਾਂ ਅਤੇ ਸਬੂਤਾਂ ਦੀ ਜ਼ੁਬਾਨੀ)” ਕਿਤਾਬ ਦਿੱਲੀ ਦਰਬਾਰ ਦੇ “ਦਿੱਲੀ ਦੰਗਿਆਂ” ਦੇ ਝੂਠੇ ਬਿਰਤਾਂਤ ਨੂੰ ਤੋੜ ਕੇ “ਸਿੱਖ ਨਸਲਕੁਸ਼ੀ 1984” ਦਾ ਸੱਚ ਪੇਸ਼ ਕਰਦੀ ਹੈ। ਇਹ ਕਿਤਾਬ ਨੌਜਵਾਨ ਸਿੱਖ ਖੋਜੀਆਂ ਗੁਰਜੰਟ ਸਿੰਘ ਬੱਲ ਅਤੇ ਸੁਖਜੀਤ ਸਿੰਘ ਸਦਰਕੋਟ ਦੀ ਮਿਹਨਤ ਦਾ ਸਿੱਟਾ ਹੈ। ਇਹ ਕਿਤਾਬ ਪੂਰੇ ਇੰਡੀਆ ਵਿਚ ਜਿੱਥੇ ਵੀ ਸਿੱਖਾਂ ਨਾਲ ਨਵੰਬਰ 1984 ਦੌਰਾਨ ਹਿੰਸਾ ਕੀਤੀ ਗਈ ਸੀ ਉਹਨਾ ਥਾਵਾਂ ਉੱਤੇ ਜਾ ਕੇ ਨਸਲਕੁਸ਼ੀ ਵਿਚੋਂ ਜਿੰਦਾ ਬਚੇ ਸਿੱਖਾਂ, ਚਸ਼ਮਦੀਦ ਗਵਾਹਾਂ ਅਤੇ ਦਸਤਾਵੇਜ਼ੀ ਸਬੂਤਾਂ ਦੇ ਅਧਾਰ ਉੱਤੇ ਲਿਖੀ ਗਈ ਹੈ।
ਇਹ ਕਿਤਾਬ 7 ਨਵੰਬਰ 2022 ਨੂੰ ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿਚ ਜਾਰੀ ਕੀਤੀ ਗਈ। ਕਿਤਾਬ ਜਾਰੀ ਕਰਨ ਲਈ ਪਰਥ ਸ਼ਹਿਰ ਦੀਆਂ ਸਿੱਖ ਸੰਸਥਾਵਾਂ ਅਤੇ ਜਥੇਬੰਦੀਆਂ ਵਲੋਂ ਸਾਂਝੇ ਤੌਰ ਉੱਤੇ ਇਕ ਸਮਾਗਮ ਕੀਤਾ ਗਿਆ ਜਿੱਥੇ ਕਿਤਾਬ ਸੰਗਤੀ ਰੂਪ ਵਿਚ ਜਾਰੀ ਕੀਤੀ ਗਈ। ਇਸ ਮੌਕੇ ਸਿੱਖ ਕੌਂਸਲ ਆਫ ਵੈਸਟਰਨ ਆਸਟ੍ਰੇਲੀਆ, ਸਿੱਖ ਸੇਵਕ ਜਥਾ ਪਰਥ, ਪੰਜਾਬੀ ਕੌਂਸਲ ਪਰਥ, ਪੰਜਾਬੀ ਯੂਥ ਫੈਡਰੇਸ਼ਨ ਆਫ ਵੈਸਟਰਨ ਆਸਟ੍ਰੇਲੀਆ, ਯੰਗ ਵਲੰਟੀਅਰਜ਼ ਆਸਟ੍ਰੇਲੀਆ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਸਕੂਲ ਪਰਥ ਦੇ ਨੁਮਾਇੰਦੇ ਸ਼ਾਮਿਲ ਹੋਏ।
ਇਹ ਕਿਤਾਬ ਬਿਬੇਕਗੜ੍ਹ ਪ੍ਰਕਾਸ਼ਨ ਵੱਲੋਂ ਛਾਪੀ ਗਈ ਹੈ ਜਿਹਨਾ ਵੱਲੋਂ ਖਾੜਕੂ ਸਿੱਖ ਸੰਘਰਸ਼ ਦੇ ਆਗੈ ਭਾਈ ਦਲਜੀਤ ਸਿੰਘ ਦੀ ਕਿਤਾਬ “ਖਾੜਕੂ ਸੰਘਰਸ਼ ਦੀ ਸਾਖੀ (ਅਣਜਾਣੇ, ਅਣਗੌਲੇ ਸਿਦਕੀ ਅਤੇ ਯੋਧੇ) ਕਿਤਾਬ ਸਮੇਤ ਕਈ ਪ੍ਰਮੁੱਖ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ।
ਇਸ ਤੋਂ ਪਹਿਲਾਂ ਇਹ ਕਿਤਾਬ ਸ੍ਰੀ ਅਕਾਲ ਤਖਤ ਸਾਹਿਬ ਵਿਖੇ 31 ਅਕਤੂਬਰ 2022 ਨੂੰ ਪੰਜ ਸਿੰਘਾਂ- ਭਾਈ ਦਲਜੀਤ ਸਿੰਘ ਬਿੱਟੂ, ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਸੁਖਵਿੰਦਰ ਸਿੰਘ ਅਗਵਾਨ, ਭਾਈ ਸਤਨਾਮ ਸਿੰਘ ਝੰਜੀਆਂ ਅਤੇ ਭਾਈ ਨਰਾਇਣ ਸਿੰਘ ਚੌੜਾ ਵਲੋਂ ਜਾਰੀ ਕੀਤੀ ਗਈ ਸੀ।
ਇਹ ਕਿਤਾਬ ਬਿਬੇਕਗੜ੍ਹ ਪ੍ਰਕਾਸ਼ਨ ਦੀ ਵੈਬਸਾਈਟ (https://bibekgarhpublication.com), ਫੇਸਬੁੱਕ ਸਫੇ (https://m.me/bibekgarhpublisher), ਜਾਂ ਵਟਸਐਪ ਨੰਬਰ (https://wa.me/919988868181) ਰਾਹੀਂ ਖਰੀਦੀ ਜਾ ਸਕਦੀ ਹੈ। ਇਹ ਕਿਤਾਬ ਸਿੱਖ ਸਿਆਸਤ ਰਾਹੀਂ (https://wa.me/918968225990) ਵੀ ਦੁਨੀਆ ਭਰ ਵਿਚ ਕਿਤੇ ਵੀ ਮੰਗਵਾਈ ਜਾ ਸਕਦੀ ਹੈ।
***
Related Topics: 1984 Sikh Genocide, Gurjant Singh Ball, Sikh Genocide, Sikh Genocide 1984, Sikhs in Australia, Sikhs in Australia (Sikh News from Australia), Sukhjit Singh Sadarkot, ਸਿੱਖ ਨਸਲਕੁਸ਼ੀ 1984 (Sikh Genocide 1984)