ਆਮ ਖਬਰਾਂ

ਲਗਾਤਾਰ ਮੀਂਹ ਨਾਲ ਪੰਜਾਬ ਸਿਰ ਹੜਾਂ ਦਾ ਖਤਰਾ ਮੰਡਰਾਉਣ ਲੱਗਾ

By ਸਿੱਖ ਸਿਆਸਤ ਬਿਊਰੋ

September 24, 2018

ਚੰਡੀਗੜ੍ਹ: ਪੰਜਾਬ ਅਤੇ ਹਿਮਾਚਲ ਪਰਦੇਸ਼ ਵਿੱਚ ਪੈ ਰਹੇ ਲਗਾਤਾਰ ਮੀਹ ਕਾਰਨ ਦਰਿਆਵਾਂ ਤੇ ਬਰਸਾਤੀ ਨਾਲਿਆਂ ਵਿੱਚ ਵੱਧ ਪਾਣੀ ਆਉਣ ਕਾਰਨ ਡੈਮਾਂ ਵਿੱਚ ਵੀ ਪਾਣੀ ਦਾ ਪੱਧਰ ਤੇਜੀ ਨਾਲ ਵਧ ਰਿਹਾ ਹੈ। ਕਣੀਦਾਰ ਟਿਕਾਵਾਂ ਮੀਹ ਤਕਰੀਬਨ ਲੰਘੇ 36 ਘੰਟਿਆਂ ਤੋਂ ਜਾਰੀ ਹੈ ਜਿਸ ਨਾਲ ਭਾਖੜਾ ਅਤੇ ਪੌਂਗ ਬੰਨ੍ਹਾਂ ਵਿੱਚ ਪਾਣੀ ਦੇ ਪੱਧਰ ਚ ਤੇਜੀ ਨਾਲ ਵਾਧਾ ਹੋਣਾ ਜਾਰੀ ਹੈ।

ਅੱਸੂ ਮਹੀਨੇ ਵਿੱਚ ਪੈਣ ਵਾਲੇ ਇਹ ਮੀਂਹ ਪੰਜਾਬ ਲਈ ਬਹੁਤੇ ਸੁਖ ਦਾ ਸੁਨੇਹਾ ਲੈ ਕੇ ਨਹੀਂ ਆਉਂਦੇ ਰਹੇ। ਜਾਣਕਾਰ ਦੱਸਦੇ ਹਨ ਕਿ ਪੰਜਾਬ ਵਿੱਚ ਅੱਸੂ ਵਿੱਚ ਪੈਣ ਵਾਲੇ ਇਹ ਮੀਂਹ ਹੜਾਂ ਦਾ ਖਤਰਾ ਲੈ ਕੇ ਆਉਂਦੇ ਹਨ ਅਤੇ ਲੰਘੇ ਸਮਿਆਂ ਦੌਰਾਨ ਜਦੋਂ ਵੀ ਪੰਜਾਬ ਵਿੱਚ ਹੜ ਆਏ ਹਨ ਤਾਂ ਉਹ ਤਕਰੀਬਨ 25 ਸਤੰਬਰ ਦੇ ਆਸ-ਪਾਸ ਹੀ ਆਏ ਹਨ।

ਸੁਖਨਾ ਝੀਲ ਦੇ ਹੜਾਂ ਵਾਲੇ ਦਰਵਾਜ਼ੇ ਖੋਲ੍ਹੇ:

ਮੀਂਹ ਕਾਰਨ ਬਣ ਰਹੇ ਹਾਲਾਤ ਦੇ ਮੱਦੇਨਜ਼ਰ ਅੱਜ ਪੰਜਾਬ ਸਰਕਾਰ ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਸੰਬੰਧਤ ਮਹਿਕਮਿਆਂ ਨੇ ਚਿੱਠੀਆਂ ਜਾਰੀ ਕੀਤੀਆਂ ਹਨ ਕਿ ਡੈਮਾਂ ਵਿਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੇ ਪਹੁੰਚਣ ਉੱਤੇ ਦਰਿਆਵਾਂ ਵਿੱਚ ਵਾਧੂ ਪਾਣੀ ਛੱਡਣ ਲਈ ਹੜਾਂ ਵਾਲੇ ਦਰਵਾਜ਼ੇ ਖੋਲ੍ਹ ਦਿੱਤੇ ਜਾਣਗੇ।

ਕਈ ਸਾਲਾਂ ਦੇ ਵਕਫੇ ਬਾਅਦ ਅੱਜ ਚੰਡੀਗੜ੍ਹ ਸਥਿਤ ਸੁਖਨਾਂ ਝੀਲ, ਜੋ ਕਿ ਸੁਖਨਾ ਚੋਅ ਦਾ ਪਾਣੀ ਰੋਕ ਕੇ ਬਣਾਈ ਗਈ ਹੈ, ਦੇ ਹੜਾਂ ਵਾਲੇ ਦਰਵਾਜ਼ੇ ਖੋਲ੍ਹ ਦਿੱਤੇ ਗਏ। ਇਸ ਨਾਲ ਪੰਜਾਬ ਦੇ ਪਟਿਆਲਾ ਤੇ ਸੰਗਰੂਰ ਜਿਿਲ੍ਹਆ ਵਿੱਚ ਘੱਧਰ ਦਰਿਆ ਦੇ ਨੇੜਲੇ ਪਿੰਡਾਂ ਨੂੰ ਚੇਤਾਨਵੀ ਜਾਰੀ ਕੀਤੀ ਗਈ ਹੈ।

ਇਹ ਹੋਰ ਸਰਕਾਰੀ ਚਿੱਠੀ ਵਿੱਚ ਕਿਹਾ ਗਿਆ ਹੈ ਕਿ ਪੌਂਗ ਡੈਮ ਵਿੱਚ ਵਧ ਰਹੇ ਪਾਣੀ ਦੇ ਪੱਧਰ ਦੇ ਮੱਦੇ-ਨਜ਼ਰ ਦਰਿਆ ਬਿਆਸ ਵਿੱਚ ਵੀ ਕਿਸੇ ਵੀ ਵੇਲੇ ਵਾਧੂ ਪਾਣੀ ਛੱਡਿਆ ਜਾ ਸਕਦਾ ਹੈ।

ਇਸੇ ਤਰ੍ਹਾਂ ਰਾਵੀ ਨੇੜੇ ਰਹਿੰਦੇ ਲੋਕਾਂ ਲਈ ਵੀ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਬਾਰੇ ਚੇਤਾਵਨੀ ਦੇਂਦਿਆਂ ਸਾਵਧਾਨ ਰਹਿਣ ਦੀਆਂ ਹਿਦਾਇਤਾਂ ਜਾਰੀ ਕੀਤੀਆਂ ਹਨ।

ਮੌਸਮ ਮਹਿਕਮੇਂ ਵਲੋਂ ਅਗਲੇ 2 ਦਿਨ ਹੋਰ ਤੇਜ਼ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੇ ਜਾਣ ਮਗਰੋਂ ਫੌਜ ਨੂੰ ਤਿਆਰ ਰਹਿਣ ਲਈ ਕਿਹਾ ਗਿਆ ਹੈ। ਪੰਜਾਬ ਅੰਦਰ ਵਗਦੇ ਤਿੰਨ ਦਰਿਆਵਾਂ ਦੇ ਨਾਲ ਲੱਗਦੇ ਇਲਾਕਿਆਂ ‘ਚ ਰਹਿੰਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਲਈ ਸਬੰਧਿਤ ਜ਼ਿਿਲਆਂ ਦੇ ਅਫਸਰਾਂ ਨੂੰ ਬੇੜੀਆਂ ਦਾ ਪ੍ਰਬੰਧ ਕਰਨ ਲਈ ਵੀ ਕਿਹਾ ਗਿਆ ਹੈ।

ਮੀਂਹ ਕਾਰਨ ਪੰਜਾਬ ਵਿਚ ਕਈ ਥਾਈ ਘਰਾਂ ਦੀਆਂ ਛੱਤਾਂ ਡਿੱਗਣ ਨਾਲ ਮੌਤਾਂ ਹੋਣ ਦੀਆਂ ਮੰਦਭਾਗੀਆਂ ਖਬਰਾਂ ਵੀ ਆ ਰਹੀ ਹਨ।

ਇਸਦੇ ਦੌਰਾਨ ਪਠਾਣਕੋਟ ਦੇ ਸਰਹੱਦੀ ਪਿੰਡ ਬਮਿਆਲ ਵਿੱਚ ਭਾਰਤ ਦੀ ਸਰਹੱਦੀ ਫੋਜ (ਬੀ. ਐਸ. ਐਫ.) ਦੀਆਂ ਪੰਜ ਚੌਂਕੀਆਂ ਪਾਣੀ ਵਿੱਚ ਡੁੱਬ ਗਈਆਂ।

ਭਾਰਤੀ ਮੀਂਹ ਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਲੋਕਾਂ ਨੂੰ ਘਰਾਂ ਵਿੱਚ ਹੀ ਰਹਿਣ ਦੀ ਬੇਨਤੀ ਕੀਤੀ ਹੈ। ਕਈ ਥਾਈ ਪ੍ਰਸ਼ਾਸਨ ਵੱਲੋਂ ਦੋ ਦਿਨਾਂ ਲਈ ਸਕੂਲ ਬੰਦ ਕਰਨ ਦਾ ਐਲਾਨ ਵੀ ਕੀਤਾ ਜਾ ਚੁੱਕ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: