ਵਰਜੀਨੀਆ ਦੇ ਪੰਜ ਵਿਅਕਤੀਆਂ ਨੂੰ ਪੰਥ ’ਚੋਂ ਛੇਕਣ ਬਾਰੇ ਹੁਕਮਨਾਮਾ ਜਾਰੀ ਕਰਦੇ ਹੋਏ ਸ਼੍ਰੋਮਣੀ ਕਮੇਟੀ ਵਲੋਂ ਥਾਪੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗੁਰਬਚਨ ਸਿੰਘ

ਸਿੱਖ ਖਬਰਾਂ

ਸਾਬਕਾ ਹਜ਼ੂਰੀ ਰਾਗੀ ਬਲਬੀਰ ਸਿੰਘ ਨੂੰ ਤਨਖਾਹੀਆ ਅਤੇ ਵਰਜੀਨੀਆ ਦੇ ਪੰਜ ਬੰਦਿਆਂ ਨੂੰ ਪੰਥ ’ਚੋਂ ਛੇਕਿਆ

By ਸਿੱਖ ਸਿਆਸਤ ਬਿਊਰੋ

June 05, 2016

ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਹੋਈ ਇਕੱਤਰਤਾ ਵਿੱਚ ਗਿਆਨੀ ਗੁਰਬਚਨ ਸਿੰਘ, ਗਿਆਨੀ ਇਕਬਾਲ ਸਿੰਘ, ਗਿਆਨੀ ਜੋਤਇੰਦਰ ਸਿੰਘ, ਗਿਆਨੀ ਮੱਲ ਸਿੰਘ ਅਤੇ ਗਿਆਨੀ ਗੁਰਮੁਖ ਸਿੰਘ ਸ਼ਾਮਲ ਹੋਏ। ਜਥੇਦਾਰ ਗੁਰਬਚਨ ਸਿੰਘ ਨੇ ਸ੍ਰੀ ਅਕਾਲ ਤਖ਼ਤ ਦੀ ਫਸੀਲ ਤੋਂ ਵਰਜੀਨੀਆ ਦੇ ਗੁਰਦੁਆਰੇ ਦੇ ਪੰਜ ਆਗੂਆਂ ਨੂੰ ਪੰਥ ਵਿੱਚੋਂ ਛੇਕਣ ਦਾ ਹੁਕਮਨਾਮਾ ਜਾਰੀ ਕੀਤਾ।

ਕੁਲਦੀਪ ਸਿੰਘ, ਗੁਰਦੀਪ ਸਿੰਘ, ਅਮਰਜੀਤ ਸਿੰਘ, ਰਜਿੰਦਰ ਸਿੰਘ ਅਤੇ ਅਮਰਜੀਤ ਸਿੰਘ ਨਰੂਲਾ ਨੂੰ ਅੰਮ੍ਰਿਤ ਸੰਚਾਰ ਦੀ ਮਰਿਆਦਾ ਦੀ ਉਲੰਘਣਾ ਦਾ ਦੋਸ਼ੀ ਠਹਿਰਾਇਆ ਗਿਆ ਹੈ। ਸਮੂਹ ਸਿੱਖ ਸੰਗਤ ਨੂੰ ਇਨ੍ਹਾਂ ਨਾਲ ਰੋਟੀ ਬੇਟੀ ਦੀ ਸਾਂਝ ਨਾ ਰੱਖਣ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਮੇਲ ਮਿਲਾਪ ਨਾ ਰੱਖਣ ਦੀ ਹਦਾਇਤ ਕੀਤੀ ਹੈ। ਉਨ੍ਹਾਂ ਦੱਸਿਆ ਕਿ 15 ਅਪਰੈਲ, 2016 ਨੂੰ ਵਰਜੀਨੀਆ ਦੇ ਗੁਰਦੁਆਰੇ ਦੇ ਇਨ੍ਹਾਂ ਵਿਅਕਤੀਆਂ ਨੇ ਪੰਜ ਪਿਆਰਿਆਂ ਦੇ ਰੂਪ ਵਿੱਚ ਅੰਮ੍ਰਿਤ ਸੰਚਾਰ ਕੀਤਾ ਸੀ ਅਤੇ ਮਰਿਆਦਾ ਦੀ ਉਲੰਘਣਾ ਕਰਦਿਆਂ ਪੰਜ ਬਾਣੀਆਂ ਦਾ ਪਾਠ ਕਰਨ ਦੀ ਥਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੁਝ ਬਾਣੀ ਪੜ੍ਹ ਕੇ ਅੰਮ੍ਰਿਤ ਸੰਚਾਰ ਕੀਤਾ ਸੀ।

ਅਕਾਲ ਤਖ਼ਤ ਸਾਹਿਬ ਵੱਲੋਂ ਇਸ ਮਾਮਲੇ ਦੀ ਜਾਂਚ ਕਰਾਈ ਗਈ ਸੀ ਅਤੇ ਰਿਪੋਰਟ ਦੇ ਆਧਾਰ ’ਤੇ ਇਨ੍ਹਾਂ ਨੂੰ 4 ਜੂਨ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਹਾਜ਼ਰ ਹੋ ਕੇ ਸਪੱਸ਼ਟੀਕਰਨ ਦੇਣ ਦਾ ਆਦੇਸ਼ ਦਿੱਤਾ ਸੀ ਪਰ ਇਨ੍ਹਾਂ ’ਚੋਂ ਕੋਈ ਵੀ ਹਾਜ਼ਰ ਨਹੀਂ ਹੋਇਆ ਅਤੇ ਨਾ ਹੀ ਕੋਈ ਸਪੱਸ਼ਟੀਕਰਨ ਭੇਜਿਆ।

ਉੁਨ੍ਹਾਂ ਦੱਸਿਆ ਕਿ ਇਸੇ ਗੁਰਦੁਆਰੇ ਦੇ ਭਾਈ ਸੁਰਿੰਦਰ ਸਿੰਘ, ਜੋ ਉਸ ਵੇਲੇ ਗ੍ਰੰਥੀ ਵਜੋਂ ਹਾਜ਼ਰ ਸਨ, ਨੇ ਪਿਛਲੇ ਦਿਨੀਂ ਵਾਸ਼ਿੰਗਟਨ ਡੀਸੀ ਦੇ ਗੁਰਦੁਆਰੇ ਵਿੱਚ ਇਸ ਮਾਮਲੇ ਸਬੰਧੀ ਸਿੱਖ ਸੰਗਤ ਕੋਲੋਂ ਮੁਆਫ਼ੀ ਮੰਗੀ ਸੀ। ਉਸ ਨੇ ਇਹ ਮੁਆਫੀਨਾਮਾ ਸ੍ਰੀ ਅਕਾਲ ਤਖ਼ਤ ’ਤੇ ਵੀ ਭੇਜਿਆ ਸੀ, ਜਿਸ ਨੂੰ ਵਿਚਾਰਨ ਮਗਰੋਂ ਸੁਰਿੰਦਰ ਸਿੰਘ ਨੂੰ 30 ਜੂਨ ਤਕ ਸ੍ਰੀ ਅਕਾਲ ਤਖ਼ਤ ’ਤੇ ਹਾਜ਼ਰ ਹੋ ਕੇ ਸਪੱਸ਼ਟੀਕਰਨ ਦੇਣ ਦੀ ਹਦਾਇਤ ਕੀਤੀ ਹੈ। ਨਾ ਆਉਣ ਦੀ ਸੂਰਤ ’ਚ ਉਸ ਖ਼ਿਲਾਫ਼ ਵੀ ਇਨ੍ਹਾਂ ਪੰਜ ਵਿਅਕਤੀਆਂ ਵਾਲਾ ਹੁਕਮਨਾਮਾ ਲਾਗੂ ਹੋਵੇਗਾ।

ਇਸ ਦੌਰਾਨ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਬਲਬੀਰ ਸਿੰਘ ਨੂੰ ਆਸ਼ੂਤੋਸ਼ ਦੇ ਡੇਰੇ ’ਤੇ ਜਾ ਕੇ ਉਸ ਦੀ ਵਡਿਆਈ ਕਰਦਿਆਂ ਸ਼ਬਦ ਗਾਇਨ ਕਰਨ ਦੇ ਦੋਸ਼ ਹੇਠ ਤਨਖ਼ਾਹ ਲਾਈ ਗਈ। ਉਨ੍ਹਾਂ ਨੂੰ ਆਦੇਸ਼ ਦਿੱਤਾ ਕਿ ਉਹ ਖ਼ੁਦ ਇਕ ਸਹਿਜ ਪਾਠ ਕਰਨ ਜਾਂ ਸੁਣਨ, 10 ਦਿਨ ਲੰਗਰ ਵਿੱਚ ਬਰਤਨਾਂ ਦੀ ਸੇਵਾ ਕਰਨ ਅਤੇ ਮਗਰੋਂ 100 ਰੁਪਏ ਦੀ ਕੜਾਹ ਪ੍ਰਸਾਦਿ ਦੀ ਦੇਗ ਕਰਾਉਣ। ਇਸ ਮਗਰੋਂ ਸੌ ਰੁਪਏ ਗੁਰੂ ਦੀ ਗੋਲਕ ਵਿੱਚ ਪਾ ਕੇ ਖਿਮਾ ਯਾਚਨਾ ਦੀ ਅਰਦਾਸ ਕਰਾਉਣ।

ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਰਾਗੀ ਬਲਬੀਰ ਸਿੰਘ ਨੇ ਆਪਣੀ ਗਲਤੀ ਸਵੀਕਾਰ ਕਰਦਿਆਂ ਖਿਮਾ ਯਾਚਨਾ ਲਈ ਅਪੀਲ ਕੀਤੀ ਸੀ। ਇਸ ਦੌਰਾਨ ਬਜ਼ੁਰਗ ਰਾਗੀ ਨੇ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਨੂੰ ਸਮਰਪਿਤ ਹੈ ਅਤੇ ਇਥੋਂ ਲਾਈ ਗਈ ਤਨਖਾਹ ਨੂੰ ਪੂਰਾ ਕਰਨਗੇ। ਉਹ ਕਈ ਵਰ੍ਹੇ ਪਹਿਲਾਂ ਆਸ਼ੂਤੋਸ਼ ਦੇ ਡੇਰੇ ’ਤੇ ਗਏ ਸਨ ਪਰ ਇਸ ਸਬੰਧੀ ਤਸਵੀਰ ਕੁਝ ਸਮਾਂ ਪਹਿਲਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ, ਜਿਸ ਮਗਰੋਂ ਇਹ ਮਾਮਲਾ ਸ੍ਰੀ ਅਕਾਲ ਤਖ਼ਤ ’ਤੇ ਵਿਚਾਰਿਆ ਗਿਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: