ਅਲਵਰ (ਰਾਜਸਥਾਨ): ਰਾਜਸਥਾਨ ਦੇ ਅਲਵਰ ‘ਚ ਗਊ ਰਖਸ਼ਕਾਂ ਨੇ ਕੁੱਝ ਦਿਨ ਪਹਿਲਾ ਹਰਿਆਣਾ ਨਾਲ ਸਬੰਧਤ 15 ਲੋਕਾਂ ‘ਤੇ ਹਮਲਾ ਕਰ ਦਿੱਤਾ। ਕਾਨੂੰਨ ਨੂੰ ਆਪਣੇ ਹੱਥ ਵਿਚ ਲੈਂਦੇ ਹੋਏ ਇਨ੍ਹਾਂ ਲੋਕਾਂ ਵਲੋਂ ਗਊਆਂ ਨੂੰ 6 ਗੱਡੀਆਂ ਵਿਚ ਲਿਜਾਅ ਰਹੇ ਲੋਕਾਂ ਦੀ ਜੰਮ ਕੇ ਕੁੱਟਮਾਰ ਕੀਤੀ ਤੇ ਜਿਨ੍ਹਾਂ ਵਿਚੋਂ ਇਕ ਵਿਅਕਤੀ ਪੀਹਲੂ ਖਾਨ ਦੀ ਇਲਾਜ ਦੌਰਾਨ ਮੌਤ ਹੋ ਗਈ।
ਜ਼ਖਮੀਆਂ ਵਿਚੋਂ ਇਕ ਅਜ਼ਮਤ (22) ਨੇ ਦੱਸਿਆ ਕਿ ਅਸੀਂ ਜੈਪੁਰ ਮੇਲੇ ‘ਚੋਂ ਸ਼ਨੀਵਾਰ ਨੂੰ 2 ਗਾਵਾਂ 75000/- ਰੁਪਏ ਦੀਆਂ ਖਰੀਦ ਕੇ ਲਿਆ ਸੀ। ਸਾਡੇ ਕੋਲ ਖਰੀਦ ਦੇ ਪੂਰੇ ਕਾਗਜ਼ ਵੀ ਸਨ। ਸ਼ਾਮ ਕਰੀਬ 6 ਵਜੇ ਗਊ ਰਖਸ਼ਕਾਂ ਨੇ ਸਾਡਾ ਟਰੱਕ ਰੋਕ ਲਿਆ ਅਤੇ ਸਾਡੇ ਸਾਰਿਆਂ ਦੇ ਨਾਂ ਪੁੱਛਣੇ ਸ਼ੁਰੂ ਕਰ ਦਿੱਤੇ। ਨਾਂ ਪੁੱਛਣ ਤੋਂ ਬਾਅਦ ਉਨ੍ਹਾਂ ਨੇ ਸਾਡੇ ਡਰਾਈਵਰ ਅਰਜੁਨ ਨੂੰ ਜਾਣ ਦਿੱਤਾ।
ਹੁਸੈਨ ਖਾਨ ਨੇ ਦੱਸਿਆ ਕਿ ਪੀਹਲੂ ਖਾਨ ਨੇ ਮਰਨ ਤੋਂ ਪਹਿਲਾਂ ਸਾਨੂੰ ਦੱਸਿਆ ਕਿ ਗਊ ਰਖਸ਼ਕਾਂ ਨੇ ਉਸਨੂੰ ਕੁੱਟਿਆ ਅਤੇ ਕਿਹਾ, “ਤੂੰ ਬੁੱਢਾ ਆਦਮੀ ਹੈ, ਭਾਗ ਜਾ”। ਜਦੋਂ ਪੀਹਲੂ ਭੱਜਿਆ ਤਾਂ ਗਊ ਰਖਸ਼ਕਾਂ ਨੇ ਉਸਦਾ ਪਿੱਛਾ ਕਰ ਕੇ ਭਜਾ ਕੇ ਕੁੱਟਿਆ।
ਬਾਕੀ ਜ਼ਖਮੀਆਂ ਵਿਚੋਂ ਇਰਸ਼ਾਦ, ਆਰਿਫ ਅਤੇ ਰਫੀਕ ਅਲਵਰ ਦੇ ਇਕ ਹਸਪਤਾਲ ਵਿਚ ਜ਼ੇਰੇ ਇਲਾਜ ਹਨ।
ਗਊ ਰਖਸ਼ਕਾਂ ‘ਤੇ ਧਾਰਾ 143, 323, 341, 147, 308, 379 ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਨਾਲ ਹੀ ਟਰੱਕ ਮਾਲਕ ‘ਤੇ ਵੀ 1995 ਦੇ ਕਾਨੂੰਨ ਮੁਤਾਬਕ, ਪਾਬੰਦੀਸ਼ੁਦਾ ਜਾਨਵਰ ਨੂੰ ਵੱਢਣ ਲਈ ਲਿਜਾਣ ਦੀਆਂ ਧਾਰਾਵਾਂ ਮੁਤਾਬਕ ਪਰਚਾ ਦਰਜ ਕਰ ਲਿਆ ਗਿਆ ਹੈ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Five men assaulted by gau rakshaks in Alwar (Rajasthan), 1 dead: media report …