Site icon Sikh Siyasat News

ਯੂਕੇ: ਪ੍ਰੀਤ ਕੌਰ ਗਿੱਲ ਨੂੰ ਸਿੱਖਾਂ ਲਈ ਸਰਬ ਪਾਰਟੀ ਸੰਸਦੀ ਗਰੁੱਪ ਦੀ ਮੁਖੀ ਦਾ ਅਹੁਦਾ ਮਿਲਿਆ

ਲੰਡਨ: ਬਰਤਾਨੀਆ ਦੀ ਪਹਿਲੀ ਸਿੱਖ ਔਰਤ ਐਮਪੀ ਪ੍ਰੀਤ ਕੌਰ ਗਿੱਲ ਇੰਗਲੈਂਡ ਦੀ ਸੰਸਦ ਵਿੱਚ ਪ੍ਰਭਾਵਸ਼ਾਲੀ ਸਰਬ-ਪਾਰਟੀ ਕਮੇਟੀ ਵਿੱਚ ਚੁਣੀ ਗਈ ਹੈ। ਇਹ ਕਮੇਟੀ ਗ੍ਰਹਿ ਦਫ਼ਤਰ ਦੇ ਕੰਮ-ਕਾਜ ਦੀ ਨਿਗਰਾਨੀ ਕਰਦੀ ਹੈ। ਜ਼ਿਕਰਯੋਗ ਹੈ ਕਿ 8 ਜੂਨ ਨੂੰ ਆਮ ਚੋਣਾਂ ਵਿੱਚ ਲੇਬਰ ਪਾਰਟੀ ਵੱਲੋਂ ਐਜਬਾਸਟਨ ਸੀਟ ਤੋਂ ਜਿੱਤੀ ਪ੍ਰੀਤ ਕੌਰ ਗਿੱਲ ਬਰਤਾਨੀਆ ਦੀ ਸੰਸਦ ਵਿੱਚ ਗ੍ਰਹਿ ਮਾਮਲਿਆਂ ਬਾਰੇ ਵਿਸ਼ੇਸ਼ ਕਮੇਟੀ ਵਿੱਚ ਚੁਣੀ ਗਈ ਹੈ। ਇਸ ਕਮੇਟੀ ਵਿੱਚ 10 ਹੋਰ ਬਰਤਾਨਵੀ ਸੰਸਦ ਮੈਂਬਰ ਵੀ ਸ਼ਾਮਲ ਹਨ।

ਪ੍ਰੀਤ ਕੌਰ ਗਿੱਲ (ਫਾਈਲ ਫੋਟੋ)

ਪ੍ਰੀਤ ਕੌਰ ਗਿੱਲ ਨੇ ਕਿਹਾ, ‘ਇਸ ਚੋਣ ਤੋਂ ਪਹਿਲਾਂ ਸਾਡੇ ਕੋਲ ਕੋਈ ਸਿੱਖ ਕਾਨੂੰਨਸਾਜ਼ ਨਹੀਂ ਸੀ। ਇਸ ਤਰ੍ਹਾਂ ਸਿੱਖਾਂ ਦੀ ਨੁਮਾਇੰਦਗੀ ਨਹੀਂ ਸੀ ਅਤੇ ਸਾਡੇ ਕੋਲ ਕੋਈ ਔਰਤ ਸਿੱਖ ਨੁਮਾਇੰਦਾ ਵੀ ਨਹੀਂ ਸੀ।’ ਜ਼ਿਕਰਯੋਗ ਹੈ ਕਿ ਹਾਊਸ ਆਫ ਕਾਮਨਜ਼ ਵਿੱਚ ਗ੍ਰਹਿ ਮਾਮਲਿਆਂ ਬਾਰੇ ਵਿਸ਼ੇਸ਼ ਕਮੇਟੀ ਦੇ ਕੀਥ ਵਾਜ਼ ਮੁਖੀ ਰਹੇ ਹਨ। ਉਨ੍ਹਾਂ ਨੇ ਇਸ ਅਹੁਦੇ ਤੋਂ ਪਿਛਲੇ ਸਾਲ ਅਸਤੀਫ਼ਾ ਦੇ ਦਿੱਤਾ ਸੀ। ਇਸ ਅਹੁਦੇ ਉਤੇ ਹੁਣ ਲੇਬਰ ਪਾਰਟੀ ਦੀ ਸੰਸਦ ਮੈਂਬਰ ਯਵੈਟੇ ਕੂਪਰ ਬਿਰਾਜਮਾਨ ਹੈ, ਜੋ ਪਿਛਲੇ ਹਫ਼ਤੇ ਨਿਰਵਿਰੋਧ ਚੁਣੀ ਗਈ ਸੀ।

ਦੱਸਣਯੋਗ ਹੈ ਕਿ ਪ੍ਰੀਤ ਕੌਰ ਗਿੱਲ ਬਰਤਾਨਵੀ ਸਿੱਖਾਂ ਲਈ ਸਰਬ ਪਾਰਟੀ ਸੰਸਦੀ ਗਰੁੱਪ (ਏਪੀਪੀਜੀ) ਦੀ ਮੁਖੀ ਵੀ ਚੁਣੀ ਗਈ ਹੈ। ਸਿੱਖ ਫੈਡਰੇਸ਼ਨ (ਯੂਕੇ) ਦੇ ਮੁਖੀ ਭਾਈ ਅਮਰੀਕ ਸਿੰਘ ਨੇ ਕਿਹਾ, ‘ਏਪੀਪੀਜੀ ਨੇ ਇਸ ਹਫ਼ਤੇ ਸ਼ਾਨਦਾਰ ਸ਼ੁਰੂਆਤ ਕੀਤੀ। ਸਾਨੂੰ ਪੂਰਾ ਭਰੋਸਾ ਹੈ ਕਿ ਪ੍ਰੀਤ ਕੌਰ ਗਿੱਲ ਸਿੱਖ ਭਾਈਚਾਰੇ ਦੇ ਅਹਿਮ ਮਸਲਿਆਂ ਦੇ ਠੋਸ ਹੱਲ ਲਈ ਏਪੀਪੀਜੀ ਦੀ ਸੁਚੱਜੀ ਅਗਵਾਈ ਕਰੇਗੀ।’

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version