ਅੰਮ੍ਰਿਤਸਰ: ਉੱਤਰੀ ਅਮਰੀਕਾ ਦੇ ਕੌਲੋਰੈਡੋ ਸੂਬੇ ਦੀ ਵਸਨੀਕ 23 ਸਾਲਾ ਨੌਰੀਨ ਕੌਰ ਨੂੰ ਉੱਤਰੀ ਅਮਰੀਕਾ ਵੱਲੋਂ ਨੁਮਾਇੰਦੇ ਦੇ ਤੌਰ ‘ਤੇ ਕੌਮਾਂਤਰੀ ਮਨੁੱਖੀ ਅਧਿਕਾਰ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਨਾਮਜ਼ਦ ਕੀਤਾ ਗਿਆ ਸੀ। ਉਹ ਇਸ ਕਾਨਫਰੰਸ ਵਿੱਚ ਭਾਗ ਲੈਣ ਵਾਲੀ ਪਹਿਲੀ ਸਿੱਖ ਬੀਬੀ ਸੀ ਜਿਨ੍ਹਾਂ ਨੇ ਅਮਰੀਕਾ ਦੀ ਨੁਮਾਇੰਦਗੀ ਕੀਤੀ। ਬੀਬੀ ਨੌਰੀਨ ਕੌਰ ਸਿੰਘ ਨੇ ਵੱਖ-ਵੱਖ ਦੇਸ਼ਾਂ ਤੋਂ ਆਏ 50 ਨੁਮਾਇੰਦਿਆਂ ਦੇ ਨਾਲ ਯੂਨਾਈਟਡ ਨੇਸ਼ਨਸ ਮੁੱਖ ਦਫਤਰ ਵਿਖੇ ਹੋਈ ਇਸ ਕਾਨਫਰੰਸ ਵਿਚ ਭਾਗ ਲਿਆ। ਉਹ ਸ਼ੁੱਕਰਵਾਰ (15 ਸਤੰਬਰ) ਨੂੰ ਦਰਬਾਰ ਸਾਹਿਬ ਮੱਥਾ ਟੇਕਣ ਪੁੱਜੇ। ਇਸ ਮੌਕੇ ਬੀਬੀ ਨੌਰੀਨ ਕੌਰ ਸਿੰਘ ਨੂੰ ਸਕੱਤਰ ਡਾ. ਰੂਪ ਸਿੰਘ ਤੇ ਅਵਤਾਰ ਸਿੰਘ ਸੈਂਪਲਾ, ਵਧੀਕ ਸਕੱਤਰ ਕੇਵਲ ਸਿੰਘ, ਮੀਤ ਸਕੱਤਰ ਸਕੱਤਰ ਸਿੰਘ, ਮੈਨੇਜਰ ਸੁਲੱਖਣ ਸਿੰਘ ਤੇ ਸੁਪ੍ਰਿੰਟੈਂਡੈਂਟ ਸਤਨਾਮ ਸਿੰਘ ਵੱਲੋਂ ਦਰਬਾਰ ਸਾਹਿਬ ਦੀ ਤਸਵੀਰ ਤੇ ਲੋਈ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਸਮੇਂ ਗੱਲਬਾਤ ਕਰਦਿਆਂ ਬੀਬੀ ਨੌਰੀਨ ਕੌਰ ਸਿੰਘ ਨੇ ਕਿਹਾ ਕਿ ਇਸ ਕਾਨਫਰੰਸ ਵਿੱਚ ਮਨੁੱਖੀ ਅਧਿਕਾਰਾਂ ਦੀ ਜ਼ਰੂਰਤ ਅਤੇ ਇਸ ਦੇ ਵਿੱਦਿਅਕ ਪ੍ਰਚਾਰ ਪ੍ਰਸਾਰ ਨੂੰ ਹੋਰ ਪੁਖਤਾ ਕਰਨਾ, ਮੁੱਖ ਮੁੱਦੇ ਸਨ। ਉਨ੍ਹਾਂ ਦੱਸਿਆ ਕਿ ਉਹ ਇਸ ਸਮੇਂ ਕੌਲੋਰੈਡੋ ਸਿੱਖਸ ਨਾਮੀ ਸੰਸਥਾ ਲਈ ਪਾਲਿਸੀ ਡਾਇਰੈਕਟਰ ਦੇ ਅਹੁਦੇ ‘ਤੇ ਕੰਮ ਕਰ ਰਹੇ ਹਨ। ਬੀਬੀ ਨੌਰੀਨ ਕੌਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਹੈ ਕਿ ਉਹ ਉਨ੍ਹਾਂ ਨੂੰ ਬੱਲ ਬਖ਼ਸ਼ਣ ਕਿ ਉਹ ਆਪਣੀ ਕੌਮ ਨੂੰ ਕੌਮਾਂਤਰੀ ਪੱਧਰ ‘ਤੇ ਨੁਮਾਇੰਦਗੀ ਦੇ ਸਕਣ।