Site icon Sikh Siyasat News

ਅਮਰੀਕਾ ‘ਚ ਸਮਲਿੰਗੀਆਂ ਦੇ ਨਾਈਟ ਕਲੱਬ ‘ਚ ਗੋਲੀਬਾਰੀ: 50 ਲੋਕਾਂ ਦੀ ਮੌਤ ਅਤੇ 53 ਲੋਕ ਜ਼ਖ਼ਮੀ

Orlando Police officers direct family members away from a multiple shooting at a nightclub in Orlando, Fla., Sunday, June 12, 2016. A gunman opened fire at a nightclub in central Florida, and multiple people have been wounded, police said Sunday. (AP Photo/Phelan M. Ebenhack)

ਓਰਲੈਂਡੋ: ਅਮਰੀਕਾ ‘ਚ ਫਲੋਰੀਡਾ ਸੂਬੇ ‘ਚ ਅੱਜ ਤੜਕੇ ਇਕ ਸਮਲਿੰਗੀਆਂ ਦੇ ਨਾਈਟ ਕਲੱਬ ‘ਚ ਇਕ ਹਮਲਾਵਰ ਵੱਲੋਂ ਅੰਨ੍ਹੇਵਾਹ ਗੋਲੀਬਾਰੀ ਕਰਨ ਨਾਲ 50 ਲੋਕਾਂ ਦੀ ਮੌਤ ਹੋ ਗਈ ਅਤੇ 53 ਲੋਕ ਜ਼ਖ਼ਮੀ ਹੋ ਗਏ। ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ ਹਮਲਾਵਰ ਵੀ ਮਾਰਿਆ ਗਿਆ। ਹਮਲਾਵਰ ਦੀ ਪਛਾਣ ਅਫ਼ਗਾਨ ਮੂਲ ਦੇ ਉਮਰ ਮਤੀਨ ਵਜੋਂ ਕੀਤੀ ਗਈ। ਇਸ ਹਮਲੇ ਨੂੰ ਅਮਰੀਕਾ ਦੇ ਇਤਿਹਾਸ ‘ਚ 9/11 ਤੋਂ ਬਾਅਦ ਸਭ ਤੋਂ ਭਿਆਨਕ ਹਮਲਾ ਦੱਸਿਆ ਜਾ ਰਿਹਾ ਹੈ। ਜਿਸ ਤੋਂ ਬਾਅਦ ਘਟਨਾ ਸਥਾਨ ‘ਤੇ ਭਾਰੀ ਗਿਣਤੀ ‘ਚ ਪੁਲਿਸ ਸਵਾਤ ਟੀਮ ਦੀ ਤਾਇਨਾਤੀ ਕੀਤੀ ਗਈ ਤੇ ਐਮਰਜੈਂਸੀ ਵਾਹਨਾਂ ਦੀ ਵਿਵਸਥਾ ਕੀਤੀ ਗਈ ਹੈ।

ਓਰਲੈਂਡੋ ਦੇ ਮੇਅਰ ਬੱਡੀ ਡਯੇਰ ਵੱਲੋਂ ਓਰਲੈਂਡੋ ਸ਼ਹਿਰ ‘ਚ ਐਮਰਜੈਂਸੀ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਓਰਲੈਂਡੋ ਸ਼ਹਿਰ ਦੇ ਪਲਸ ਨਾਈਟ ਕਲੱਬ ‘ਚ ਗੋਲੀਬਾਰੀ ਸ਼ੁਰੂ ਹੋਣ ਤੋਂ ਕਾਫੀ ਸਮੇਂ ਬਾਅਦ ਹਮਲਾਵਰ ਨੂੰ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ ਮਾਰ ਦਿੱਤਾ ਗਿਆ। ਓਰਲੈਂਡੋ ਪੁਲਿਸ ਮੁਖੀ ਜਾਨ ਮਿਨਾ ਨੇ ਕਿਹਾ ਕਿ ਹਮਲਾਵਰ ਕਲੱਬ ਵਿਚ ਮੌਜੂਦ ਲੋਕਾਂ ਨੂੰ ਬੰਦੀ ਵੀ ਬਣਾ ਸਕਦਾ ਸੀ ਜਿਸ ਕਾਰਨ ਸਥਿਤੀ ਹੋਰ ਵਿਗੜ ਸਕਦੀ ਸੀ। ਉਨ੍ਹਾਂ ਕਿਹਾ ਕਿ ਪੁਲਿਸ ਨੇ ਘੱਟੋ-ਘੱਟ 30 ਲੋਕਾਂ ਦੀ ਜਾਨ ਬਚਾਈ ਤੇ ਇਸ ਦੌਰਾਨ ਇਕ ਪੁਲਿਸ ਮੁਲਾਜ਼ਮ ਵੀ ਜ਼ਖ਼ਮੀਂ ਹੋ ਗਿਆ।

ਹਮਲਾਵਰ ਉਮਰ ਮਤੀਨ (ਫਾਈਲ ਫੋਟੋ)

ਦੇਖਣ ਵਾਲਿਆਂ ਦਾ ਕਹਿਣਾ ਹੈ ਕਿ ਇਹ ਘਟਨਾ ਦੇਰ ਰਾਤ 2 ਵਜੇ (ਸਥਾਨਕ ਸਮੇਂ ਅਨੁਸਾਰ) ਉਸ ਸਮੇਂ ਵਾਪਰੀ ਜਦ ਕਲੱਬ ‘ਚ ਕਾਫੀ ਭੀੜ-ਭੜੱਕਾ ਸੀ ਤੇ ਇਹ ਕਲੱਬ ਬੰਦ ਹੋਣ ਦਾ ਸਮਾਂ ਸੀ। ਰਾਸ਼ਟਰਪਤੀ ਬਰਾਕ ਓਬਾਮਾ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟਾਉਂਦਿਆਂ ਸੰਘੀ ਸਰਕਾਰ ਨੂੰ ਹੁਕਮ ਦਿੱਤਾ ਕਿ ਉਹ ਫਲੋਰਿਡਾ ਪੁਲਿਸ ਨੂੰ ਇਸ ਗੋਲੀਬਾਰੀ ਦੀ ਘਟਨਾ ਦੀ ਜਾਂਚ ਵਿਚ ਪੂਰਾ ਸਹਿਯੋਗ ਦੇਵੇ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਉਹ ਇਸ ਘਟਨਾ ਬਾਰੇ ਉਨ੍ਹਾਂ ਨੂੰ ਜਾਣਕਾਰੀ ਲਗਾਤਾਰ ਦਿੰਦੇ ਰਹਿਣ।

ਜ਼ਿਕਰਯੋਗ ਹੈ ਕਿ ਇਹ ਹਫਤੇ ‘ਚ ਤੀਜੀ ਘਟਨਾ ਵਾਪਰੀ ਹੈ। ਪਲਸ ਨਾਈਟ ਕਲੱਬ ਦੀ ਇਸ ਘਟਨਾ ਤੋਂ ਇਕ ਦਿਨ ਪਹਿਲਾਂ ਹੀ ਓਰਲੈਂਡੋ ‘ਚ ਇਕ ਸਿਰਫਿਰੇ ਨੇ ਉੱਭਰਦੀ ਗਾਇਕਾ ਕ੍ਰਿਸਟਿਨੀ ਗਿ੍ਮੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਗਿ੍ਮੀ ‘ਤੇ ਗੋਲੀ ਚਲਾਉਣ ਵਾਲੇ ਕੇਵਿਨ ਜੇਮਜ਼ ਨੇ ਖ਼ੁਦ ਨੂੰ ਵੀ ਗੋਲੀ ਮਾਰ ਲਈ ਸੀ। ਇਕ ਹਫਤਾ ਪਹਿਲਾਂ ਭਾਰਤੀ ਵਿਦਿਆਰਥੀ ਮੈਨਾਕ ਸਰਕਾਰ ਨੇ ਆਪਣੀ ਪਤਨੀ ਦੀ ਹੱਤਿਆ ਤੋਂ ਬਾਅਦ ਕੈਲੇਫੋਰਨੀਆ ਯੂਨੀਵਰਸਿਟੀ ਜਾ ਕੇ ਆਪਣੇ ਪ੍ਰੋਫੈਸਰ ਦੀ ਹੱਤਿਆ ਕਰ ਦਿੱਤੀ ਸੀ। ਬਾਅਦ ‘ਚ ਉਸ ਨੇ ਖ਼ੁਦ ਨੂੰ ਵੀ ਗੋਲੀ ਮਾਰ ਲਈ ਸੀ।

ਫਲੋਰਿਡਾ ਦੇ ਸੈਨੇਟਰ ਬਿਲ ਨੇਲਸਨ ਨੇ ਕਿਹਾ ਕਿ ਇਸਲਾਮਿਕ ਸਟੇਟ ਦੀ ਅਮਾਕ ਨਿਊਜ਼ ਏਜੰਸੀ ਵਲੋਂ ਕੀਤੇ ਦਾਅਵੇ ਦੀ ਅਜੇ ਪੁਸ਼ਟੀ ਨਹੀਂ ਹੋ ਸਕੀ ਹੈ। ਅਮਰੀਕੀ ਟੀਵੀ ਨੈਟਵਰਕ ਐਨ ਬੀ ਸੀ ਨਿਊਜ਼ ਅਨੁਸਾਰ ਮਤੀਨ ਨੇ ਗੋਲੀਬਾਰੀ ਤੋਂ ਪਹਿਲਾਂ ਐਮਰਜੈਂਸੀ ਹੈਲਪਲਾਈਨ ਨੂੰ ਫ਼ੋਨ ਕੀਤਾ ਸੀ ਤੇ ਇਸਲਾਮਿਕ ਸਟੇਟ ਨਾਲ ਜੁੜੇ ਹੋਣ ਦੀ ਗੱਲ ਕਹੀ ਸੀ। ਅਧਿਕਾਰੀਆਂ ਅਨੁਸਾਰ ਕਿਸੇ ਕੱਟੜਪੰਥੀ ਦੀ ਸੂਚੀ ‘ਚ ਉਸ ਦਾ ਨਾਂਅ ਸ਼ਾਮਿਲ ਨਹੀਂ ਸੀ, ਹਾਲਾਂਕਿ ਇਕ ਅਪਰਾਧਿਕ ਮਾਮਲੇ ‘ਚ ਉਸ ਦੀ ਜਾਂਚ ਚੱਲ ਰਹੀ ਸੀ।

ਇਸਲਮਿਕ ਸਟੇਟ ਦੇ ਟਵਿਟਰ ਅਕਾਊਂਟ ‘ਤੇ ਫਲੋਰਿਡਾ ਦੇ ਪਲਸ ਨਾਈਟ ਕਲੱਬ ‘ਚ ਗੋਲੀਬਾਰੀ ਕਰਨ ਵਾਲੇ ਉਮਰ ਮਤੀਨ ਦੀ ਤਸਵੀਰ ਪਾਈ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਅਜੇ ਇਹ ਕਹਿਣਾ ਸੰਭਵ ਨਹੀਂ ਹੈ ਕਿ ਇਹ ਤਸਵੀਰ ਉਮਰ ਮਤੀਨ ਦੀ ਹੀ ਹੈ, ਹੋ ਸਕਦਾ ਹੈ ਕਿ ਕੁਝ ਆਈ. ਐੱਸ. ਦੇ ਸਮਰਥਕਾਂ ਵੱਲੋਂ ਇਸ ਹਮਲੇ ਦੀ ਪ੍ਰਸ਼ੰਸ਼ਾ ‘ਚ ਇਹ ਤਸਵੀਰਾਂ ਪਾਈਆਂ ਗਈਆਂ ਹੋਣ।

ਅਮਰੀਕੀ ਟੈਲੀਵਿਜ਼ਨ ਨੈੱਟਵਰਕ ਦੀ ਰਿਪੋਰਟ ਅਨੁਸਾਰ ਪਲਸ ਓਰਲੈਂਡੋ ਨਾਈਟ ਕਲੱਬ ‘ਤੇ ਹਮਲਾ ਕਰਨ ਵਾਲੇ ਦੀ ਸ਼ਨਾਖ਼ਤ ਅਫਗਾਨ ਮੂਲ ਦੇ ਵਿਅਕਤੀ ਵਜੋਂ ਹੋਈ ਹੈ। ਸੀ. ਬੀ. ਐੱਸ. ਨਿਊਜ਼ ਏਜੰਸੀ ਅਨੁਸਾਰ ਉਸ ਹਮਲਾਵਰ ਦਾ ਨਾਂਅ ਉਮਰ ਮਤੀਨ ਹੈ ਜਿਸ ਦਾ ਜਨਮ 1986 ‘ਚ ਅਫਗਾਨ ‘ਚ ਹੋਇਆ ਸੀ। ਹੁਣ ਉਹ ਫਲੋਰਿਡਾ ਦੇ ਪੋਰਟ ਸੈਂਟ ਲੁਈਸ ‘ਚ ਰਹਿੰਦਾ ਸੀ। ਮਤੀਨ ਦੇ ਪਿਤਾ ਮੀਰ ਸਾਦਿਕ ਨੇ ਕਿਹਾ ਕਿ ਇਸ ਘਟਨਾ ਦਾ ਧਰਮ ਨਾਲ ਕੋਈ ਸਬੰਧ ਨਹੀਂ ਹੈ, ਪਰ ਹੋ ਸਕਦਾ ਹੈ ਕਿ ਮਯਾਮੀ ‘ਚ ਇਕ ਸਮਲਿੰਗੀ ਜੋੜੇ ਨੂੰ ਇਤਰਾਜਯੋਗ ਹਾਲਤ ‘ਚ ਦੇਖ ਕੇ ਹਮਲਾਵਰ ਗੁੱਸੇ ‘ਚ ਆ ਗਿਆ ਹੋਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version