Site icon Sikh Siyasat News

ਯੂ.ਕੇ. ‘ਚ ਸਿੱਖਾਂ ਬਾਰੇ ਕੀਤੇ ਗਏ ਸਰਵੇ ਦੀ ਰਿਪੋਰਟ ਜਾਰੀ

ਲੰਡਨ: ਬਰਤਾਨੀਆ ‘ਚ ਸਿੱਖਾਂ ਬਾਰੇ ਕੀਤੇ ਗਏ ਇਕ ਸਰਵੇਖਣ ਦੀ ਰਿਪੋਰਟ ਜਾਰੀ ਕੀਤੀ ਗਈ ਹੈ। ਸਿੱਖ ਨੈੱਟਵਰਕ ਵੱਲੋਂ ਸਿੱਖ ਫੈਡਰੇਸ਼ਨ ਯੂ. ਕੇ. ਅਤੇ ਹੋਰ ਸਹਿਯੋਗੀ ਸੰਸਥਾਵਾਂ ਦੇ ਸਹਿਯੋਗ ਨਾਲ ਕੀਤੇ ਗਏ ਸਰਵੇਖਣ ‘ਚ ਕਈ ਅਹਿਮ ਮੁੱਦੇ ਸਾਹਮਣੇ ਆਏ ਹਨ। ਪ੍ਰਮੁੱਖ ਤੌਰ ‘ਤੇ ਇਸ ਸਰਵੇਖਣ ‘ਚ ਸਿੱਖੀ ਪਹਿਚਾਣ, ਦੂਜੇ ਨੰਬਰ ‘ਤੇ ਸਿੱਖਾਂ ਨਾਲ ਵਿਤਕਰਾ, ਨਫਰਤ ਅਤੇ ਗੁੰਮਰਾਹ ਕਰਨਾ (ਖਾਸ ਤੌਰ ‘ਤੇ ਲੜਕੀਆਂ ਨੂੰ), ਤੀਜੇ ਨੰਬਰ ‘ਤੇ ਵਿੱਦਿਆ, ਰੁਜ਼ਗਾਰ ਅਤੇ ਸਮਾਜ ਨੂੰ ਸਿੱਖਾਂ ਦੀ ਦੇਣ, ਰਾਜਸੀ ਤੌਰ ‘ਤੇ ਸਿੱਖਾਂ ਦੀ ਸਰਗਰਮੀ ਅਤੇ ਨੁਮਾਇੰਦਗੀ ਬਾਰੇ ਖੋਜ ਕੀਤੀ ਗਈ ਹੈ। ਵੈਸਟ ਮਿਡਲੈਂਡ ਦੀ ਵੁਲਵਰਹੈਂਪਟਨ ਯੂਨੀਵਰਸਿਟੀ ‘ਚ ਜਾਰੀ ਕੀਤੀ ਗਈ ਇਸ ਰਿਪੋਰਟ ਬਾਰੇ ਭਾਈ ਅਮਰੀਕ ਸਿੰਘ ਗਿੱਲ ਨੇ ਕਿਹਾ ਕਿ ਸਰਕਾਰ ਦੇ ਸਾਰੇ ਡਿਪਾਰਟਮੈਂਟਾਂ ਨੂੰ, ਸੰਸਦ ਮੈਂਬਰਾਂ ਤੋਂ ਇਲਾਵਾ ਗ੍ਰਹਿ ਮੰਤਰੀ ਅੰਬਰ ਰੂਡ ਨੂੰ ਸੌਂਪੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਰਿਪੋਰਟ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ, ਕਿਉਂਕਿ ਸਿੱਖਾਂ ਦੀ ਪਹਿਚਾਣ ਨੂੰ ਲੈ ਕੇ ਉਨ੍ਹਾਂ ‘ਤੇ ਹਮਲੇ ਹੋ ਰਹੇ ਹਨ, ਵਿਤਕਰੇ ਹੋ ਰਹੇ ਹਨ।

ਦੂਜੇ ਪਾਸੇ 10 ਹਫਤਿਆਂ ਦੀ ਸਰਵੇਖਣ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਬਰਤਾਨੀਆ ‘ਚ ਸਿੱਖਾਂ ਦੀ ਕੁਲ ਵਸੋਂ ਦਾ 69 ਫੀਸਦੀ ਹਿੱਸਾ ਯੂ. ਕੇ. ਦਾ ਜੰਮਪਲ ਹੈ, 91 ਫੀਸਦੀ ਸਿੱਖਾਂ ਕੋਲ ਬਰਤਾਨਵੀ ਨਾਗਰਿਕਤਾ ਹੈ। ਪਹਿਚਾਣ ਵਜੋਂ 20 ‘ਚੋਂ 19 ਸਿੱਖ ਖੁਦ ਨੂੰ ਸਿੱਖ ਵਜੋਂ ਪਹਿਚਾਣ ਦੱਸਣੀ ਪਸੰਦ ਕਰਦੇ ਹਨ, 93.5 ਫੀਸਦੀ ਸਿੱਖ 2021 ਦੀ ਜਨਗਣਨਾ ‘ਚ ਗਿਣਤੀ ਲਈ ਵੱਖਰਾ ਖਾਨਾ ਚਾਹੁੰਦੇ ਹਨ, 94 ਫੀਸਦੀ ਸਿੱਖ ਪੰਜ ਕਕਾਰਾਂ ਅਤੇ ਦਸਤਾਰ ਸਜਾਉਣ ਨੂੰ ਕਾਨੂੰਨੀ ਤੌਰ ‘ਤੇ ਮਾਨਤਾ ਚਾਹੁੰਦੇ ਹਨ। ਜਦਕਿ ਵਿਤਕਰਾ, ਨਫਰਤ ਅਤੇ ਗੁੰਮਰਾਹ ਮਾਮਲੇ ਸਬੰਧੀ ਕੰਮਕਾਰ ਵਾਲੀਆਂ ਥਾਵਾਂ ‘ਤੇ 7 ‘ਚੋਂ ਇੱਕ ਸਿੱਖ ਵਿਤਕਰੇ ਦਾ ਸ਼ਿਕਾਰ ਹੋਇਆ, 18 ਫੀਸਦੀ ਸਿੱਖਾਂ ਨਾਲ ਬੀਤੇ 12 ਮਹੀਨਿਆਂ ‘ਚ ਜਨਤਕ ਥਾਵਾਂ ‘ਤੇ ਵਿਤਕਰਾ ਹੋਇਆ ਹੈ, 8 ਫੀਸਦੀ ਸਿੱਖਾਂ ਨਾਲ ਸਰਕਾਰੀ ਦਫਤਰਾਂ ‘ਚ ਵਿਤਕਰਾ ਹੋਇਆ, ਬੀਤੇ 12 ਮਹੀਨਿਆਂ ‘ਚ 16 ਸਾਲ ਜਾਂ ਇਸ ਤੋਂ ਉਪਰ ਦੇ ਸਿੱਖਾਂ ਨਾਲ 1 ਲੱਖ ਨਫਰਤੀ ਅਪਰਾਧ ਹੋਏ ਹਨ। 40 ਸਾਲ ਤੋਂ ਘੱਟ ਉਮਰ ਦੇ 30 ਫੀਸਦੀ ਸਿੱਖਾਂ ਨੂੰ ਹੋਰ ਧਰਮ ‘ਚ ਤਬਦੀਲ ਹੋਣ ਲਈ ਨਿਸ਼ਾਨਾ ਬਣਾਇਆ ਗਿਆ। 7 ‘ਚੋਂ ਇਕ ਸਿੱਖ ਔਰਤ ਨੇ ਇਸ਼ਾਰਾ ਕੀਤਾ ਕਿ ਉਨ੍ਹਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। 90 ਫੀਸਦੀ ਦਾ ਮੰਨਣਾ ਹੈ ਕਿ ਜਿਸਮਾਨੀ ਗੁੰਮਰਾਹ ਕਰਨਾ ਅਤੇ ਜਬਰੀ ਧਰਮ ਬਦਲੀ ਰੋਕਣ ਲਈ ਪੁਖਤਾ ਕੰਮ ਨਹੀਂ ਕੀਤੇ ਗਏ। ਇਸ ਸਭ ਦੇ ਬਾਵਜੂਦ ਸਿੱਖਾਂ ਦੀਆਂ ਪ੍ਰਾਪਤੀਆਂ ਬਾਰੇ ਚੰਗੀ ਰਿਪੋਰਟ ਸਾਹਮਣੇ ਆਈ ਹੈ।

ਫਾਈਲ ਫੋਟੋ : ਸਿਰਫ ਪ੍ਰਤੀਕ ਵਜੋਂ

ਆਮ ਅਬਾਦੀ ਦੇ ਮੁਕਾਬਲੇ ਸਿੱਖਾਂ ਕੋਲ ਡਿਗਰੀ ਅਤੇ ਉਚੇਰੀ ਵਿੱਦਿਆ ਦੋ ਗੁਣਾ ਜ਼ਿਆਦਾ ਹੈ। ਸਿੱਖ ਸਭ ਤੋਂ ਘੱਟ ਬੇਰੁਜ਼ਗਾਰ ਹਨ, ਸਿੱਖੀ ਦੇ ਮੁੱਢਲੇ ਅਸੂਲਾਂ ਅਨੁਸਾਰ ਸਿੱਖ ਸਖ਼ਤ ਮਿਹਨਤ ਅਤੇ ਇਮਾਨਦਾਰੀ ਦੀ ਕਮਾਈ ਕਰ ਰਹੇ ਹਨ। 92 ਫੀਸਦੀ ਸਿੱਖ ਖੁਦ ਦੇ ਘਰਾਂ ‘ਚ ਰਹਿੰਦੇ ਹਨ, ਇਹ ਦਰ ਬਾਕੀਆਂ ਦੇ ਮੁਕਾਬਲੇ ਕਿਤੇ ਜ਼ਿਆਦਾ ਹੈ। ਸਿੱਖਾਂ ਵੱਲੋਂ 12 ਲੱਖ ਪੌਂਡ ਰੋਜ਼ਾਨਾ ਦਾਨ ਵਜੋਂ ਦਿੱਤੇ ਜਾਂਦੇ ਹਨ, ਇਹ ਦਰ ਆਮ ਦਾਨੀਆਂ ਨਾਲੋਂ 6.5 ਫੀਸਦੀ ਜ਼ਿਆਦਾ ਹੈ। 5 ‘ਚੋਂ 4 ਸਿੱਖ ਮੰਨਦੇ ਹਨ ਕਿ ਬਰਤਾਨੀਆ ਸਰਕਾਰ ਨੇ ਪਹਿਲੀ ਸੰਸਾਰ ਜੰਗ ‘ਚ ਕੁਰਬਾਨੀਆਂ ਦੇਣ ਵਾਲੇ ਸਿੱਖਾਂ ਲਈ ਜ਼ਿਆਦਾ ਕੁਝ ਨਹੀਂ ਕੀਤਾ। ਰਾਜਸੀ ਤੌਰ ‘ਤੇ ਸਿੱਖ ਸਰਗਰਮੀਆਂ ਅਤੇ ਨੁਮਾਇੰਦਗੀ ਬਾਰੇ ਰਿਪੋਰਟ ‘ਚ ਕਿਹਾ ਗਿਆ ਹੈ ਕਿ ਪਿਛਲੀਆਂ ਚੋਣਾਂ ‘ਚ ਸਿੱਖਾਂ ਨੇ ਬਾਕੀ ਧਰਮਾਂ ਦੇ ਲੋਕਾਂ ਨਾਲੋਂ ਕਿਤੇ ਵੱਧ ਮੱਤਦਾਨ ਕੀਤਾ ਜੋ 82 ਫੀਸਦੀ ਦਰ ਬਣਦੀ ਹੈ, ਬਾਕੀਆਂ ਨਾਲੋਂ 5 ਗੁਣਾ ਜ਼ਿਆਦਾ ਸਿੱਖ ਰਾਜਸੀ ਪਾਰਟੀਆਂ ਦੇ ਮੈਂਬਰ ਹਨ, ਇਕ ਤਿਹਾਈ ਸਿੱਖ ਆਪਣੇ ਸੰਸਦ ਮੈਂਬਰਾਂ ਤੋਂ ਇਸ ਕਰਕੇ ਅਸੰਤੁਸ਼ਟ ਹਨ ਕਿ ਉਨ੍ਹਾਂ ਦੇ ਮੁੱਦੇ ਉਹ ਅੱਗੇ ਲੈ ਕੇ ਨਹੀਂ ਜਾਂਦੇ। 9 ‘ਚੋਂ ਸਿਰਫ ਇਕ ਸਿੱਖ ਮੰਨਦਾ ਹੈ ਕਿ ਪਾਰਲੀਮੈਂਟ ‘ਚ ਉਨ੍ਹਾਂ ਨੂੰ ਅਸਰਦਾਇਕ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ। ਇਕ ਤਿਹਾਈ ਦਾ ਮੰਨਣਾ ਹੈ ਕਿ ਜੇ ਹੋਰ ਸਿੱਖ ਸੰਸਦ ਮੈਂਬਰ ਜਾਂ ਲੌਰਡ ਬਣਨ ਤਾਂ ਰਾਜਸੀ ਜੋੜ ਅਤੇ ਦਿਲਚਸਪੀ ‘ਚ ਵਾਧਾ ਹੋਵੇਗਾ।

ਇਸ ਸਰਵੇਖਣ ਦੀ ਰਿਪੋਰਟ ਤਿਆਰ ਕਰਨ ‘ਚ ਡਾ: ਉਪਿੰਦਰ ਕੌਰ ਤੱਖਰ ਯੂਨੀਵਰਸਿਟੀ ਆਫ ਵੁਲਵਰਹੈਂਪਟਨ, ਡਾ: ਜਸਜੀਤ ਸਿੰਘ ਯੂਨੀਵਰਸਿਟੀ ਲੀਡਜ਼, ਗੁਰਬਚਨ ਜੰਡੂ ਬਰਿੱਕਬੈਕ ਕਾਲਜ ਯੂਨੀਵਰਸਿਟੀ ਆਫ ਲੰਡਨ, ਡਾ: ਜਤਿੰਦਰ ਸਿੰਘ ਮਹਿਮੀ ਪ੍ਰਿੰਸੀਪਲ ਸੋਸ਼ਲ ਸਾਇੰਟਿਸਟ ਇਨਵਾਇਰਮੈਂਟ ਏਜੰਸੀ, ਕੈਥਰੀਨ ਜੋਏ ਡੌਡਜ਼ ਟਰਿਨਟੀ ਕਾਲਜ ਡਬਲਿਨ, ਦਬਿੰਦਰਜੀਤ ਸਿੰਘ ਓ. ਬੀ. ਈ., ਰਣਦੀਪ ਸਿੰਘ ਐਮ. ਐਸ. ਸੀ., ਜਸ ਸਿੰਘ ਏ. ਸੀ. ਐਮ. ਏ. ਦਾ ਅਹਿਮ ਯੋਗਦਾਨ ਰਿਹਾ ਹੈ। ਇਸ ਸਰਵੇਖਣ ‘ਚ 4559 ਸਿੱਖਾਂ ਨੇ ਹਿੱਸਾ ਲਿਆ।

ਇਸ ਖ਼ਬਰ ਅਤੇ ਜਾਰੀ ਰਿਪੋਰਟ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Finds of UK Sikh Survey 2016 Released: Implications For UK-India Relations …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version