ਫਿਲਮ "ਪੱਤਾ ਪੱਤਾ ਸਿੰਘਾਂ ਦਾ ਵੈਰੀ" ਦੇ ਉਦਘਾਟਨੀ ਸ਼ੋਅ ਸਮੇ ਰਾਜ ਕਾਕੜਾ ਅਤੇ ਜੌਹਨ ਮੈਕਡਾਨਲ ਦਾ ਸਨਮਾਨ ਕਰਦੇ ਪ੍ਰਬੰਧਕ

ਸਿੱਖ ਖਬਰਾਂ

ਪੰਜਾਬੀ ਫਿਲਮ “ਪੱਤਾ ਪੱਤਾ ਸਿੰਘਾਂ ਦਾ ਵੈਰੀ” ਦਾ ਲੰਡਨ ਵਿੱਚ ਹੋਇਆ ਉਦਘਾਟਨੀ ਸ਼ੋਅ

By ਸਿੱਖ ਸਿਆਸਤ ਬਿਊਰੋ

April 13, 2015

ਲੰਡਨ (12 ਅਪ੍ਰੈਲ, 2015): ਪੰਜਾਬੀ ਗੀਤਾਂ ਦੀ ਐਲਬਮ “ਐ ਭਾਰਤ” ਅਤੇ ਪੰਜਾਬੀ ਫਿਲਮ ” ਕੌਮ ਦੇ ਹੀਰੇ” ਰਾਹੀਂ ਚਰਚਾ ਵਿੱਚ ਆਏ ਪੰਜਾਬੀ ਗਾਇਕ/ਅਦਾਕਾਰ ਰਾਜ ਕਾਕੜਾ ਦੀ ਨਵੀਂ ਫ਼ਿਲਮ ‘ਪੱਤਾ-ਪੱਤਾ ਸਿੰਘਾਂ ਦਾ ਵੈਰੀ’ ਦਾ ਕੱਲ੍ਹ ਰਾਤੀਂ ਲੰਡਨ ਵਿਖੇ ਪ੍ਰੀਮੀਅਰ ਸ਼ੋਅ ਕਰਵਾਇਆ ਗਿਆ, ਜਿਸ ਵਿਚ ਹੇਜ਼ ਦੇ ਲੇਬਰ ਪਾਰਟੀ ਦੇ ਸੰਸਦੀ ਉਮੀਦਵਾਰ ਜੌਹਨ ਮੈਕਡਾਨਲ ਨੇ ਉਦਘਾਟਨ ਕੀਤਾ ।

ਪੰਜਾਬੀ ਅਖਬਾਰ ਅਜੀਤ ਅਨੁਸਾਰ ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਦੁਖਾਂਤ ਨੂੰ ਕਈ ਵਾਰ ਬਰਤਾਨੀਆ ਦੀ ਸੰਸਦ ਵਿਚ ਲਿਆ ਚੁਕੇ ਹਨ ।ਸਿੱਖਾਂ ਨਾਲ 1984 ‘ਚ ਧੱਕਾ ਹੋਇਆ ਅਤੇ ਕਤਲੇਆਮ ਹੋਇਆ, ਜਿਸ ਨੂੰ ਉਨ੍ਹਾਂ ਜਹੂਦੀਆਂ ਦੀ ਹੋਈ ਨਸਲਕੁਸ਼ੀ ਨਾਲ ਤੁਲਨਾ ਕੀਤੀ ਸੀ ।ਉਨ੍ਹਾਂ ਕਿਹਾ ਕਿ ਇਸ ਫਿਲਮ ਵਿਚ ਪੰਜਾਬ ਦੇ ਦੁਖਾਂਤ ਨੂੰ ਪੇਸ਼ ਕੀਤਾ ਗਿਆ ਹੈ ।

ਇਸ ਮੌਕੇ ਗੱਲ ਕਰਦਿਆਂ ਰਾਜ ਕਾਕੜਾ ਨੇ ਕਿਹਾ ਕਿ ਉਹ ਪੰਜਾਬ ਦੇ ਉਨ੍ਹਾਂ ਅਣਛੂਹੀਆ ਘਟਨਾਵਾਂ ਨੂੰ ਪਰਦੇ ‘ਤੇ ਉਤਾਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਨੂੰ ਪੰਜਾਬ ਅਤੇ ਪਜਾਬ ਵਾਸੀਆਂ ਨੇ ਆਪਣੇ ਪਿੰਡੇ ‘ਤੇ ਹੰਢਾਇਆ ।ਇਹ ਫ਼ਿਲਮ ਵੀ ਅਜਿਹੇ ਨੌਜਵਾਨ ਦੀ ਹੈ, ਜਿਸ ਦਾ ਪਿਤਾ ਸ੍ਰੀ ਦਰਬਾਰ ਸਾਹਿਬ ‘ਤੇ ਹੋਏ ਹਮਲੇ ਦੌਰਾਨ ਜਾਂਦਿਆਂ ਫੌਜ ਦੀ ਗੋਲੀ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਪੁਲਿਸ ਵੱਲੋਂ ਬੇਗੁਨਾਹਾਂ ਤੇ ਕੀਤੇ ਜ਼ੁਲਮਾਂ ਦੀ ਦਾਸਤਾਨ ਵੀ ਬਿਆਨਦੀ ਹੈ ।

ਫ਼ਿਲਮ ਵਿਚ ਅਜੋਕੇ ਪੰਜਾਬ ਵਿਚ ਵਗ ਰਹੇ ਨਸ਼ਿਆਂ ਦੇ ਦਰਿਆ ਨੂੰ ਵੀ ਹੁਕਮਰਾਨਾਂ ਦੀ ਸਾਜ਼ਿਸ਼ ਵਜੋਂ ਚਿਤਰਿਆ ਗਿਆ ਹੈ ।ਪੰਜਾਬ ਦੇ ਨੌਜਵਾਨਾਂ ਦੇ ਹੋਏ ਘਾਣ ਨੂੰ ਪੇਸ਼ ਕਰਦੀ ‘ਪੱਤਾ-ਪੱਤਾ ਸਿੰਘਾਂ ਦਾ ਵੈਰੀ’ ਫ਼ਿਲਮ ਨੂੰ ਸੈਂਕੜੇ ਦਰਸ਼ਕਾਂ ਨੇ ਵੇਖਿਆ ਅਤੇ ਇਸ ਫ਼ਿਲਮ ਦੀ ਹਰ ਪੱਖੋਂ ਸ਼ਲਾਘਾ ਕੀਤੀ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: