“ਨਾਨਕ ਸ਼ਾਹ ਫਕੀਰ” ਨਾਮੀ ਫਿਲਮ ਦੇ ਹਵਾਲੇ ਨਾਲ ਸਿੱਖ ਗੁਰੂ ਸਾਹਿਬਾਨ ਦੀ ਨਾਟਕੀ ਪੇਸ਼ਕਾਰੀ ਦੇ ਰੁਝਾਨ ਦੇ ਪੱਖ-ਵਿਰੋਧ ਵਿਚ ਚਰਚਾ ਬੀਤੇ ਦਿਨਾਂ ਦੌਰਾਨ ਭਖੀ ਹੋਈ ਹੈ। ਸਿੱਖ ਸਿਧਾਂਤ ਤੇ ਗੁਰਬਾਣੀ ਦੀ ਰੌਸ਼ਨੀ ਵਿਚ ਇਸ ਚਰਚਾ ਦੀ ਬਹੁਤੀ ਥਾਂ ਨਹੀਂ ਬਣਦੀ ਕਿਉਂਕਿ ਫਿਲਮ ਦੇ ਹੱਕ ਵਿਚ ਆਏ ਲੇਖਕ/ ਬੁਲਾਰੇ/ ਪੱਤਰਕਾਰ ਵੀ ਇਹ ਮੰਨਦੇ ਹਨ ਕਿ ਸਿੱਖ ਗੁਰੂ ਸਾਹਿਬਾਨ ਨੇ ਮਨੁੱਖਾਂ ਨੂੰ ਬੁੱਤਾਂ ਨਾਲੋਂ ਤੋੜਕੇ ‘ਸਬਦ’ ਦੇ ਲੜ੍ਹ ਲਾਇਆ ਹੈ। ਪਰ ਫਿਰ ਵੀ ਉਹ ਅਖੀਰੀ ਰੂਪ ਸਿੱਖਾਂ ਨੂੰ ਬੁਤ-ਪ੍ਰਸਤੀ ਵੱਲ ਧੱਕਣ ਦੇ ਇਨ੍ਹਾਂ ਸੁਚੇਤ/ਅਚੇਤ ਯਤਨਾਂ ਦੇ ਹੱਕ ਵਿਚ ਆ ਖੜ੍ਹਦੇ ਹਨ, ਜਿਸ ਕਾਰਨ ਇਸ ਚਰਚਾ ਨੇ ਆਪਣੀ ਥਾਂ ਬਣਾ ਲਈ ਹੈ।
ਬੀਤੇ ਦਿਨੀਂ ਪੱਤਰਕਾਰ ਸਿੱਧੂ ਦਮਦਮੀ ਦੀ ਅਜਿਹੀ ਹੀ ਇਕ ਲਿਖਤ ਪੰਜਾਬੀ ਟ੍ਰਿਬਿਊਨ ਅਖਬਾਰ ਵਿਚ ਛਪੀ ਸੀ, ਜਿਸ ਬਾਰੇ ਸ. ਪ੍ਰਭਜੋਤ ਸਿੰਘ ਨਵਾਂਸ਼ਹਿਰ ਦਾ ਪ੍ਰਤੀਕਰਮ ਅਸੀਂ ਪਹਿਲਾਂ ਹੀ ਪਾਠਕਾਂ ਦੀ ਨਜ਼ਰ ਪੇਸ਼ ਕਰ ਚੁੱਕੇ ਹਾਂ। ਪੱਤਰਕਾਰ ਸ: ਕਰਮਜੀਤ ਸਿੰਘ ਚੰਡੀਗੜ੍ਹ ਵਲੋਂ ਸਿੱਧੂ ਦਮਦਮੀ ਦੇ ਲੇਖ ਦੇ ਜਵਾਬ ਵਿਚ ਲਿਖੀ ਚਿੱਠੀ ਪੰਜਾਬੀ ਟ੍ਰਿਬਿਊਨ ਵਿਚ (੧੯ ਅਪ੍ਰੈਲ, ੨੦੧੫ ਨੂੰ) ਛਪੀ ਹੈ, ਜੋ ਕਿ ਪਾਠਕਾਂ ਦੀ ਜਾਣਕਾਰੀ ਹਿਤ ਹੇਠਾਂ ਸਾਂਝੀ ਕੀਤੀ ਜਾ ਰਹੀ ਹੈ – ਸੰਪਾਦਕ, ਸਿੱਖ ਸਿਆਸਤ।
ਖੁੱਲ ਕੇ ਕਹਿਣ ਦੀ ਦਲੇਰੀ ਕਿਉਂ ਨਹੀਂ?
-ਕਰਮਜੀਤ ਸਿੰਘ ਚੰਡੀਗੜ੍ਹ
ਸਿੱਖ ਫਿਲਮ ਦੇ ਫਿਲਮਾਕਣ ਦੀ ਘੂੰਡੀ ਲੇਖ ਵਿੱਚ ਸਿੱਧੂ ਦਮਦਮੀ ਦੀ ਪਹੁੰਚ ਦਰੁਸਤ ਨਹੀਂ। ਉਹ ਸਿੱਖੀ ਸਿਧਾਂਤਾਂ ਬਾਰੇ ਹੋ ਰਹੇ ਗੁਮਰਾਹਕੂਨ ਪ੍ਰਚਾਰ ਵਿੱਚ ਆਪਣਾ ਹਿੱਸਾ ਪਾਉਂਦੇ ਜਾਪਦੇ ਹਨ। ਉਹ ਇਸ ਸਿਧਾਂਤਕ ਸੱਚ ਉੱਤੇ ਤਾਂ ਮੋਹਰ ਲਾਉਦੇ ਹਨ ਕਿ ” ਸਿੱਖ ਲਈ ਮੂਰਤੀ ਪੂਜਾ ਦੀ ਮਨਾਹੀ ਹੈ” ਅਤੇ ਇਹ ਸਵੀਕਾਰ ਵੀ ਕਰਦੇ ਹਨ ਕਿ ਚੁਫੇਰੇ ਪਸਰੀ ਮੂਰਤੀ ਪੂਜਾ ਇਸਦਾ ਇੱਕ ਕਾਰਣ ਹੋ ਸਕਦੀ ਹੈ।
ਇਸਤੋਂ ਇਲਾਵਾ ਉਹ ਸਿੱਖਾਂ ਵਿੱਚ ਸਹਿਜੇ ਸਹਿਜੇ ਪਨਪੀ ਮੂਤਰੀ ਪੂਜਾ ਵਾਲੀ ਮਾਨਸਿਕਤਾ ਅੰਦਰ ਆਏ ਵਿਕਾਸ ਬਾਰੇ ਵੀ ਬਾਖੂਬੀ ਚਾਨਣਾ ਪਾਉਂਦੇ ਹਨ।ਪਰ ਇਸਤੋਂ ਅੱਗੇ ਜਾਕੇ ਉਹ ਮਨ ਭਾਉਨਦਾ ਮੋੜ ਕੱਟਦੇ ਹੋਏ ਇਸੇ ਮਾਨਸਿਕਤਾ ਦੇ ਹੱਕ ਵਿੱਚ ਭੁਗਤਦੇ ਹਨ ਅਤੇ ਫਿਲਮ ਨਾਨਕ ਸ਼ਾਹ ਫਕੀਰ ਦੀ ਬੜੀ ਸੂਖਮ ਤਰੀਕੇ ਨਾਲ ਹਾਮਇਤ ਕਰਦੇ ਹਨ।
ਭਲਾ ਜੇ ਸਿੱਖ ਕੌਮ ਦੇ ਲੀਡਰਸ਼ਿਪ ਦੀ ਸਮੂਹਿਕ ਮਾਨਸਿਕਤਾ ਹਰ ਪੜਾਅ ਉੱਤੇ ਮੂਰਤੀ ਪੂਜਾ ਦੇ ਖਤਰਨਾਖ ਰੂਝਾਨ ਬਾਰੇ ਗੰਭੀਰ ਲਾਪਰਵਾਹੀ ਤੇ ਗੈਰਜ਼ਿਮੇਵਾਰੀ ਵਿਖਾਉਦੀ ਰਹੀ ਹੈ ਤਾਂ ਸੁਯੋਗ ਲੇਖਕ ਨੂੰ ਚਾਹੀਦਾ ਸੀ ਕਿ ਉਹ ਸਿੱਖੀ ਸਿਧਾਂਤਾਂ ਦੀ ਰੌਸ਼ਨੀ ਵਿੱਚ ਨਿਰਭਉ ਤੇ ਨਿਰਵੈਰ ਹੋ ਕੇ ਲੀਡਰਸ਼ਿਪ ਦੀ ਤਿੱਖੀ ਆਲੋਚਨਾ ਕਰਦਾ ਤੇ ਉਸਨੂੰ ਕਟਹਿਰੇ ਵਿੱਚ ਖੜਾ ਕਰਦਾ। ਪਰ ਉਸਨੇ ਆਪਣੀ ਜਾਣਕਾਰੀ ਤੇ ਗਿਆਨ ਦੀਆਂ ਮੁਹਾਰਾਂ ਇੱਧਰ ਨਹੀਂ ਮੋੜੀਆਂ
ਅਸੀ ਤਿੱਖੀ ਆਲੋਚਨਾ ਕਰਨ ਦੀ ਸਲਾਹ ਦੇਣ ਦੀ ਗੁਸਤਾਖੀ ਵੀ ਇਸ ਲਈ ਕਰ ਰਹੇ ਹਾਂ ਕਿਉਂਕਿ ਲੇਖਕ ਇਤਫਾਕ ਵੱਸ ਉਸ ਪਵਿੱਤਰ ਤਖਤ ਦਮਦਮਾ ਸਾਹਿਬ ਦੀ ਭੂਮੀ ਦਾ ਨਾਗਰਿਕ ਹੈ, ਜਿੱਥੇ ਦਸਮ ਪਿਤਾ ਨੇ ਕਲਮਾਂ ਦਾ ਛੱਟਾ (ਗੁਰਦੁਆਰਾ ਸਾਹਿਬ ਲਿਖਣ ਸਰ) ਦੇ ਕੇ ਵਿਦਵਾਨਾਂ ਨੂੰ ਬਿਪਰਨ ਕੀ ਰੀਤ ਦੇ ਵਿਰੁੱਧ ਲਿਖਣ, ਸੋਚਣ ਤੇ ਮਹਿਸੂਸ ਕਰਨ ਦੀ ਅਸੀਸ ਤੇ ਹਦਾਇਤ ਦਿੱਤੀ ਸੀ।
ਪਰ ਆਪਣੀ ਰਚਨਾ ਵਿੱਚ ਇਹ ਦਾਨਿਸ਼ਵਰ ਉਸ ਰੀਤ ਦਾ ਉਪਾਸ਼ਕ ਨਜ਼ਰ ਆ ਰਿਹਾ ਹੈ ਅਤੇ ਮੌਜੂਦਾ ਸਿੱਖ ਲੀਡਰਸ਼ਿਪ ਦੇ ਫੈਸਲੇ ਨੂੰ ਯੂ-ਟਰਨ ਦੱਸ ਰਿਹਾ ਹੈ। ਇਹ ਦਰੁਸਤ ਨਹੀਂ।
ਨੋਟ 1: ਅੰਗਰੇਜ਼ੀ ਟ੍ਰਿਬਿਊਨ ਵਿਚ ਆਈ. ਜੇ. ਸਿੰਘ ਅਤੇ ਰਾਜਵੰਤ ਸਿੰਘ ਦੇ ਲੇਖ Nanak Shah Fakir: Dilemma and the solution ਦੇ ਜਵਾਬ ਵਿਚ ਉੱਘੇ ਸਮਾਜ-ਸ਼ਾਸਤਰੀ ਸ: ਭੁਪਿੰਦਰ ਸਿੰਘ ਪਟਿਆਲਾ ਦੀ ਅੰਗਰੇਜ਼ੀ ਟ੍ਰਿਬਿਊਨ ਵਿਚ ਛਪੀ ਚਿੱਠੀ ਪੜ੍ਹਨ ਲਈ ਵੇਖੋ: Response to IJ Singh and Rajwant Singh’s article Nanak Shah Fakir: Dilemma and the solution ਨੋਟ 2: ਫਿਲਮ ਦੇ ਹੱਕ ਵਿਰੋਧ ਵਿਚ ਉੱਭਰੀ ਬਹਿਸ ਬਾਰੇ ਸਿੱਖ ਚਿੰਤਕ ਸ: ਅਜਮੇਰ ਸਿੰਘ ਤੇ ਨੌਜਵਾਨ ਸਿੱਖ ਵਿਚਾਰਕ ਸ: ਹਰਮਕਮਲ ਸਿੰਘ ਸਰ੍ਹੀ ਨਾਲ ਸ: ਬਲਜੀਤ ਸਿੰਘ ਵਲੋਂ ਕੀਤੀ ਗਈ ਵਿਸਤਾਰਤ ਗੱਲਬਾਤ ਆਉਂਦੇ ਦਿਨਾਂ ਵਿਚ ਜਲਦ ਹੀ ਪਾਠਕਾਂ ਦੀ ਨਜ਼ਰ ਪੇਸ਼ ਕੀਤੀ ਜਾਵੇਗੀ।