7 ਮਤਿਆਂ ਨੂੰ ਸੰਗਤ ਨੇ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦਿੱਤੀ
ਫ਼ਤਹਿਗੜ੍ਹ ਸਾਹਿਬ (27 ਦਸੰਬਰ, 2011): ਪੰਥਕ ਸੇਵਾ ਲਹਿਰ (ਬਾਬਾ ਬਲਜੀਤ ਸਿੰਘ ਦਾਦੂਵਾਲ), ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਅਤੇ ਸਮੂਹ ਪੰਥਕ ਜਥੇਬੰਦੀਆਂ ਦੀ ਸ਼ਹੀਦਾਂ ਨੂੰ ਸਰਧਾਂਜਲੀ ਭੇਂਟ ਕਰਨ ਲਈ ਕੀਤੀ ਗਈ ਸਾਂਝੀ ਕਾਨਫਰੰਸ ਵਿੱਚ ਪੰਥਕ ਬੁਲਾਰਿਆਂ ਨੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ, ਪ੍ਰੋ. ਦਵਿੰਦਰਪਾਲ ਸਿੰਘ ਭੁਲੱਰ ਤੇ ਹੋਰਨਾਂ ਬੇਦੋਸ਼ੇ ਨਜ਼ਰਬੰਦ ਸਿੱਖਾਂ ਦੀ ਰਿਹਾਈ, ਸਾਕਾ ਨੀਲਾ ਤਾਰਾ ਦੀ ਯਾਦਗਾਰ ਦੀ ਉਸਾਰੀ ਅਤੇ ਅਨੰਦ ਮੈਰਿਜ਼ ਐਕਟ ਦੇ ਮੁੱਦਿਆਂ ਦੇ ਹੱਲ ਲਈ ਸਮੁੱਚੀ ਕੌਮ ਨੂੰ ਇੱਕਜੁਟ ਹੋ ਕੇ ਹੰਭਲਾ ਮਾਰਨ ਦਾ ਸੱਦਾ ਦਿੱਤਾ ਗਿਆ।
ਇਸ ਮੌਕੇ ਬੋਲਦਿਆਂ ਪੰਥਕ ਸੇਵਾ ਲਹਿਰ ਦਾਦੂ ਸਾਹਿਬ ਦੇ ਸਰਪ੍ਰਸਤ ਸੰਤ ਬਾਬਾ ਬਲਜੀਤ ਸਿੰਘ ਖਾਲਸਾ ਨੇ ਕਿਹਾ ਕਿ ਭਾਰਤੀ ਸਿਆਸਤਦਾਨਾਂ ਵਲੋਂ ਅਪਣੇ ਨਿੱਜ਼ੀ ਮੁਫ਼ਾਦਾਂ ਲਈ ਉਲਝਾ ਦਿੱਤੇ ਗਏ ਸਿੱਖ ਕੌਮ ਦੇ ਸਮੁੱਚੇ ਮਸਲਿਆਂ ਦੇ ਹੱਲ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ ਇਸ ਲਈ ਭਾਵੇਂ ਸਾਨੂੰ ਕੋਈ ਵੀ ਕੁਰਬਾਨੀ ਕਰਨੀ ਪਵੇ ਅਸੀਂ ਆਖਰੀ ਦਮ ਤੱਕ ਸੰਗਤਾਂ ਦੇ ਸਹਿਯੋਗ ਨਾਲ ਲੜਦੇ ਰਹਾਂਗੇ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਨਾਲ ਸਬੰਧਤ ਪਾਵਨ ਗੁਰਧਾਮ ਗਿਆਨ ਗੋਦੜੀ ਸਾਹਿਬ ’ਤੇ ਸਰਕਾਰ ਨੂੰ ਕਬਜ਼ਾ ਜਾਰੀ ਰੱਖਣ ਦੀ ਇਜਾਜ਼ਤ ਕਦੇ ਨਹੀਂ ਦਿੱਤੀ ਜਾਵੇਗੀ।
ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਰਤੀ ਸਰਕਾਰਾਂ ਨੇ ਪਿਛਲ਼ੇ ਲੰਮੇ ਸਮੇਂ ਤੋਂ ਬੇਦੋਸ਼ੇ ਸਿੱਖ ਨੌਜਵਾਨਾਂ ’ਤੇ ਵੱਖ-ਵੱਖ ਕੇਸ ਪਾ ਕੇ ਜੇਲ੍ਹਾ ਵਿੱਚ ਬੰਦ ਰੱਖਿਆ ਹੋਇਆ ਹੈ ਤੇ ਭਾਰਤੀ ਤੰਤਰ ਦੀ ਇਹ ਨੀਤੀ ਅੱਜ ਵੀ ਜਾਰੀ ਹੈ ਉਨ੍ਹਾਂ ਕਿਹਾ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ, ਭਾਈ ਦਲਜੀਤ ਸਿੰਘ ਬਿੱਟੂ ਅਤੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਤੁਰੰਤ ਰਿਹਾਆ ਕੀਤਾ ਜਾਵੇ।
ਆਲ ਇੰਡੀਆ ਸਿੱਖ ਕਾਨਫਰੰਸ ਦੇ ਪ੍ਰਧਾਨ ਸ. ਗੁਰਚਰਨ ਸਿੰਘ ਬੱਬਰ ਨੇ ਕਿਹਾ ਕਿ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਆਜ਼ਾਦੀ ਲਈ ਚੱਲ ਰਹੇ ਸੰਘਰਸ਼ ਨੂੰ ਹੋ ਤਿੱਖਾ ਰੂਪ ਦੇਣ ਲਈ 10 ਜਨਵਰੀ ਨੂੰ ਉਤਰਾਖੰਡ ਦੇ ਗਵਰਨਰ ਨੂੰ ਦੇਹਰਦੂਨ ਵਿਖੇ ਯਾਦ ਪੱਤਰ ਦਿੱਤਾ ਜਾਵੇਗਾ ਅਤੇ 15 ਜਨਵਰੀ ਤੱਕ ਜੇ ਉਤਰਾਖੰਡ ਦੀ ਭਾਜਪਾ ਸਰਕਾਰ ਨੇ ਕੋਈ ਫ਼ੈਸਲਾ ਨਾ ਕੀਤਾ ਤਾਂ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਸਿੱਖਾਂ ਨੂੰ ਭਾਜਪਾ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਗਿਆ ਹੈ।
14 ਜਨਵਰੀ ਨੂੰ ਸਿੱਖ ਸੰਗਤਾਂ ਨੂੰ ਇਸ ਸਬੰਧੀ ਜਾਗਰੂਕ ਕਰਨ ਲਈ ਮੁਕਤਸਰ ਸਾਹਿਬ ਵਿਖੇ ਮਾਘੀ ਦੀ ਵਿਸ਼ਾਲ ਕਾਨਫਰੰਸ ਕੀਤੀ ਜਾਵੇਗੀ।
ਸ਼੍ਰੋਮਣੀ ਕਮੇਟੀ ਮੈਂਬਰ ਭਾਈ ਕੁਲਬੀਰ ਸਿੰਘ ਬੜਾ ਪਿੰਡ ਤੇ ਖ਼ਾਲਸਾ ਐਕਸਨ ਕਮੇਟੀ ਦੇ ਭਾਈ ਮੋਹਕਮ ਸਿੰਘ ਨੇ ਵੀ ਸ਼ਹੀਦਾਂ ਦੀ ਯਾਦਗਾਰ ਬਣਾਉਣ ਤੇ ਹੋਰਨਾਂ ਸਿੱਖ ਮੁੱਦਿਆਂ ’ਤੇ ਕੌਮ ਨੂੰ ਇੱਕਜੁਟ ਹੋ ਜਾਣ ਲਈ ਕਿਹਾ।ਇਸ ਮੌਕੇ ਸਟੇਜ ਸਕੱਤਰ ਦੀ ਸੇਵਾ ਸੰਤੋਖ ਸਿੰਘ ਸਲਾਣਾ ਨੇ ਨਿਭਾਈ। ਕਾਨਫਰੰਸ ਵਿੱਚ 7 ਮਤਿਆਂ ਵੀ ਸੰਗਤਾਂ ਨੇ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦਿੱਤੀ। ਇਸ ਕਨਫਰੰਸ ਵਿੱਚ, ਤਨਾਮ ਸਿੰਘ ਪਾਉਂਟਾ ਸਾਹਿਬ ਦਲ ਖ਼ਾਲਸਾ, ਸੁਤੰਤਰ ਅਕਾਲੀ ਦਲ ਦੇ ਪ੍ਰਮਜੀਤ ਸਿੰਘ ਸਹੌਲੀ, ਬਾਬਾ ਅਵਤਾਰ ਸਿੰਘ ਸਾਧਾਂਵਾਲੇ, ਗਿਆਨੀ ਰਾਜਪਾਲ ਸਿੰਘ ਦਾਦੂ ਸਾਹਿਬ ਪੰਥਕ ਸੇਵਾ ਲਹਿਰ, ਭਾਈ ਕਰਨੈਲ ਸਿੰਘ ਪੀਰ ਮੁਹੰਮਦ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ, ਪੰਜਾਬੀ ਕ੍ਰਾਂਤੀ ਮੋਰਚਾ ਉਤਰਾਖੰਡ ਦੇ ਪ੍ਰਧਾਨ ਕੰਵਰ ਜੁਪਿੰਦਰ ਸਿੰਘ, ਪ੍ਰੀਤਮ ਸਿੰਘ ਸੰਧੂ ਪ੍ਰਧਾਨ ਤਰਾਈ ਸਿੱਖ ਮਹਾਂ ਸਭਾ ਉਤਰਾਖੰਡ, ਗੁਰਦੀਪ ਸਿੰਘ ਗੋਸ਼ਾ ਪ੍ਰਧਾਨ ਯੂਥ ਵਿੰਗ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਬਾਬਾ ਅਮਰੀਕ ਸਿੰਘ ਨਿਕੇ ਘੁੰਮਣਾ ਵਾਲੇ, ਬਾਬਾ ਦਿਲਬਾਗ ਸਿੰਘ ਫ਼ਤਹਿਗੜ੍ਹ ਸਭਰਾ, ਬਾਬਾ ਧਰਮਵੀਰ ਸਿੰਘ ਘਰਾਂਗਣੇ ਵਾਲੇ, ਬਾਬਾ ਪ੍ਰਦੀਪ ਸਿੰਘ ਚਾਂਦਪੁਰਾ, ਬਾਬਾ ਬੋਹੜ ਸਿੰਘ ਤੂਤਾਂ ਵਾਲੇ, ਬਾਬਾ ਦਰਸ਼ਨ ਸਿੰਘ ਦਿੱਲੀ, ਬਾਬਾ ਗੁਰਨਾਮ ਸਿੰਘ ਦਿੱਲੀ ਦਮਦਮੀ ਟਕਸਾਲ, ਦਵਿੰਦਰ ਸਿੰਘ ਸੋਢੀ, ਗੁਰਮੁਖ ਸਿੰਘ ਡਡਹੇੜੀ, ਦਰਸ਼ਨ ਸਿੰਘ ਬੈਣੀ, ਹਰਪਾਲ ਸਿੰਘ ਸ਼ਹੀਦਗੜ੍ਹ, ਪ੍ਰਮਿੰਦਰ ਸਿੰਘ ਕਾਲਾ, ਹਰਪ੍ਰੀਤ ਸਿੰਘ ਹੈਪੀ, ਭਗਵੰਤ ਸਿੰਘ ਮਹੱਦੀਆਂ, ਕਿਹਰ ਸਿੰਘ ਮਾਰਵਾ, ਅਮਰਜੀਤ ਸਿੰਘ ਬਡਗੁਜਰਾਂ, ਰਣਧੀਰ ਸਿੰਘ ਏਕਨੂਰ ਖ਼ਾਲਸਾ ਫੌਜ ਨੇ ਹਾਜ਼ਰੀ ਭਰੀ।
ਫਤਹਿਗੜ੍ਹ ਸਾਹਿਬ ਦੀ ਸ਼ਹੀਦੀ ਸਭਾ ਮੌਕੇ ਅੱਜ ਸ਼੍ਰੋਮਣੀ ਅਕਾਲੀ ਦਲ (ਮਾਨ), ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਕਾਂਗਰਸ ਪਾਰਟੀ ਵੱਲੋਂ ਵੀ ਸਿਆਸੀ ਕਾਨਫਰੰਸਾਂ ਕੀਤੀਆਂ ਗਈਆਂ।