ਚੰਡੀਗੜ੍ਹ ਵਿੱਚ ਵੀਰਵਾਰ ਨੂੰ ‘ਸੰਕਲਪ ਸੇ ਸਿੱਧੀ’ ਸਮਾਗਮ ਵਿੱਚ ਸ਼ਿਰਕਤ ਕਰ ਰਹੇ ਕੇਂਦਰੀ ਵਿੱਤ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ, ਚੰਡੀਗੜ੍ਹ ਭਾਜਪਾ ਦੇ ਮੁਖੀ ਸੰਜੈ ਟੰਡਨ ਅਤੇ ਮੇਅਰ ਆਸ਼ਾ ਜਸਵਾਲ

ਖੇਤੀਬਾੜੀ

ਕਿਸਾਨੀ ਸਮੱਸਿਆਵਾਂ ਦਾ ਹੱਲ ਸੂਬਾ ਸਰਕਾਰਾਂ ਹੀ ਕਰਨ, ਕੇਂਦਰ ਤੋਂ ਕੋਈ ਵਿਸ਼ੇਸ਼ ਪੈਕੇਜ ਨਹੀਂ: ਮੇਘਵਾਲ

By ਸਿੱਖ ਸਿਆਸਤ ਬਿਊਰੋ

September 01, 2017

ਚੰਡੀਗੜ੍ਹ: ਕੇਂਦਰ ਦੇ ਵਿੱਤ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਹੈ ਕਿ ਭਾਰਤ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਰਾਹਤ ਦੇਣ ਲਈ ਕਿਸੇ ਤਰ੍ਹਾਂ ਦਾ ਵਿਸ਼ੇਸ਼ ਵਿੱਤੀ ਪੈਕੇਜ ਦੇਣਾ ਸੰਭਵ ਨਹੀਂ ਹੈ।

ਉਨ੍ਹਾਂ ਸੈਕਟਰ 33 ਸਥਿਤ ਭਾਜਪਾ ਚੰਡੀਗੜ੍ਹ ਦੇ ਦਫ਼ਤਰ ‘ਕਮਲਮ’ ਵਿੱਚ ਕਰਵਾਏ ਪ੍ਰੋਗਰਾਮ ‘ਸੰਕਲਪ ਸੇ ਸਿੱਧੀ’ ਵਿੱਚ ਹਿੱਸਾ ਲਿਆ। ਬਾਅਦ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਮੁੱਦਾ ਰਾਜ ਸਰਕਾਰਾਂ ਨਾਲ ਜੁੜਿਆ ਹੈ। ਕਿਸਾਨੀ ਸਮੱਸਿਆਵਾਂ ਦਾ ਹੱਲ ਖ਼ੁਦ ਸੂਬਾ ਸਰਕਾਰਾਂ ਨੂੰ ਕਰਨਾ ਬਣਦਾ ਹੈ। ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਕੇਂਦਰ ਕੋਲੋਂ ਕਿਸਾਨਾਂ ਖ਼ੁਦਕੁਸ਼ੀਆਂ ਨੂੰ ਮੁੱਖ ਰੱਖਦਿਆਂ ਵਿਸ਼ੇਸ਼ ਵਿੱਤੀ ਪੈਕੇਜ ਦੇਣ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਇਸ ਬਾਰੇ ਸਪੱਸ਼ਟ ਕਰ ਚੁੱਕੀ ਹੈ ਕਿ ਕਿਸਾਨਾਂ ਦਾ ਮੁੱਦਾ ਰਾਜ ਸਰਕਾਰ ਨਾਲ ਸਬੰਧਤ ਹੈ ਜਿਸ ਕਾਰਨ ਭਾਰਤ ਸਰਕਾਰ ਪੰਜਾਬ ਦੇ ਕਿਸਾਨਾਂ ਲਈ ਕੈਪਟਨ ਸਰਕਾਰ ਨੂੰ ਕੋਈ ਵਿਸ਼ੇਸ਼ ਵਿੱਤੀ ਪੈਕੇਜ ਦੇਣ ਤੋਂ ਅਸਮਰੱਥ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਆਪਣੇ ਪੱਧਰ ’ਤੇ ਹੀ ਪ੍ਰਬੰਧ ਕਰਨੇ ਪੈਣਗੇ।

ਮੇਘਵਾਲ ਨੇ ਕਿਹਾ ਕਿ ਕੱਲ੍ਹ ਰਿਜ਼ਰਵ ਬੈਂਕ ਆਫ਼ ਇੰਡੀਆ ਵੱਲੋਂ ਨੋਟਬੰਦੀ ਤੋਂ ਬਾਅਦ 90 ਫ਼ੀਸਦੀ ਪੁਰਾਣੇ ਨੋਟ ਬੈਂਕਾਂ ਵਿੱਚ ਵਾਪਸ ਆਉਣ ਦੀ ਰਿਪੋਰਟ ’ਤੇ ਕਾਂਗਰਸ ਤੇ ਹੋਰ ਵਿਰੋਧੀ ਧਿਰਾਂ ਬੇਵਜਾ ਰੌਲਾ ਪਾ ਰਹੀਆਂ ਹਨ। ਉਨ੍ਹਾਂ ਵਿਰੋਧੀ ਧਿਰਾਂ ਦੇ ਦੋਸ਼ ਖਾਰਜ ਕਰਦਿਆਂ ਕਿਹਾ ਕਿ ਦੇਸ਼ ਦੀ ਅਰਥਵਿਵਸਥਾ ਪਟੜੀ ’ਤੇ ਹੈ ਅਤੇ ਜੀਐਸਟੀ ਲਾਗੂ ਹੋਣ ਨਾਲ ਵਿੱਤੀ ਸੁਧਾਰ ਦੇ ਸੰਕੇਤ ਮਿਲੇ ਰਹੇ ਹਨ। ਉਨ੍ਹਾਂ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਸੰਜੇ ਟੰਡਨ, ਸੰਸਦ ਮੈਂਬਰ ਕਿਰਨ ਖੇਰ ਤੇ ਆਗੂਆਂ ਚੰਦਰ ਸ਼ੇਖਰ, ਰਵਿੰਦਰ ਪਠਾਣੀਆ ਅਤੇ ਨਗਰ ਨਿਗਮ ਦੇ ਕੌਸਲਰਾਂ ਨਾਲ ਭਾਰਤ ਸਰਕਾਰ ਵੱਲੋਂ ਕੀਤੇ ਵਿਕਾਸ ਉਪਰ ਚਰਚਾ ਕੀਤੀ। ਇਸ ਦੌਰਾਨ ਉਨ੍ਹਾਂ ਇੰਡਸਟਰੀ ਐਸੋਸੀਏਸ਼ਨ ਆਫ਼ ਚੰਡੀਗੜ੍ਹ ਦੇ ਪ੍ਰਤੀਨਿਧਾਂ ਨਾਲ ਵੀ ਜੀਐਸਟੀ ’ਤੇ ਚਰਚਾ ਕੀਤੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: