Site icon Sikh Siyasat News

ਪੰਜਾਬ ਸਣੇ ਕਈ ਰਾਜਾਂ ਦੇ ਕਿਸਾਨਾਂ ਵੱਲੋਂ ਦਿੱਲੀ ’ਚ ਮੁਜ਼ਾਹਰਾ; ਕੀਤੀ ਫ਼ਸਲਾਂ ਦੇ ਵਾਜਬ ਮੁੱਲ ਦੀ ਮੰਗ

ਨਵੀਂ ਦਿੱਲੀ: ਪੰਜਾਬ ਸਣੇ ਕਈ ਹੋਰ ਰਾਜਾਂ ਦੇ ਕਿਸਾਨਾਂ ਨੇ ਸੋਮਵਾਰ ਨੂੰ ਦਿੱਲੀ ਵਿਖੇ ਰਾਸ਼ਟਰੀ ਕਿਸਾਨ ਮਹਾਂਸੰਘ ਦੇ ਝੰਡੇ ਹੇਠ ਜੰਤਰ ਮੰਤਰ ਵਿਖੇ ਰੋਸ ਮੁਜ਼ਾਹਰਾ ਕਰਦਿਆਂ ਨੀਤੀ ਆਯੋਗ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਪਰ ਦਿੱਲੀ ਪੁਲਿਸ ਨੇ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਉਨ੍ਹਾਂ ਨੂੰ ਦੇਰ ਸ਼ਾਮ ਰਿਹਾਅ ਕਰ ਦਿੱਤਾ ਗਿਆ। ਮੁਜ਼ਾਹਰਾਕਾਰੀ ਕਿਸਾਨ ਖੇਤੀ ਕਰਜ਼ੇ ਮੁਆਫ਼ ਕਰਨ ਅਤੇ ਖ਼ੁਦਕੁਸ਼ੀਆਂ ਕਰ ਗਏ ਕਿਸਾਨਾਂ ਦੇ ਵਾਰਸਾਂ ਨੂੰ ਉਚਿਤ ਮੁਆਵਜ਼ਾ ਤੇ ਫਸਲਾਂ ਦੇ ਸਹੀ ਮੁੱਲ ਦਿੱਤੇ ਜਾਣ ਦੀ ਮੰਗ ਕਰ ਰਹੇ ਸਨ।

ਪੰਜਾਬ ਸਣੇ ਕਈ ਰਾਜਾਂ ਦੇ ਕਿਸਾਨਾਂ ਵੱਲੋਂ ਦਿੱਲੀ ’ਚ ਮੁਜ਼ਾਹਰਾ ਕਰਕੇ ਕੀਤੀ ਫ਼ਸਲਾਂ ਦੇ ਵਾਜਬ ਮੁੱਲ ਦੀ ਮੰਗ

ਇਸ ਮੁਜ਼ਾਹਰੇ ਵਿੱਚ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ, ਹਿਮਾਚਲ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਸਮੇਤ ਗੁਜਰਾਤ ਦੇ ਕਿਸਾਨਾਂ ਨੇ ਸ਼ਿਰਕਤ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਭਾਰਤੀ ਉਪ ਮਹਾਂਦੀਪ ਦੀ 60-70 ਫੀਸਦੀ ਆਬਾਦੀ ਖੇਤੀ ਉਪਰ ਨਿਰਭਰ ਹੈ ਪਰ ਫਿਰ ਵੀ ਸੱਤਾ ‘ਤੇ ਕਾਬਜ਼ ਸਰਕਾਰਾਂ ਨੀਤੀਆਂ ਬਣਾਉਣ ਲੱਗੀਆਂ ਕਿਸਾਨਾਂ ਨੂੰ ਅਣਗੌਲਦੀਆਂ ਹਨ। ਉਨ੍ਹਾਂ ਕਿਹਾ ਕਿ ਸਨਅਤਕਾਰਾਂ ਦੇ ਕਰੋੜਾਂ ਰੁਪਏ ਦੇ ਕਰਜ਼ੇ ਮੁਆਫ਼ ਕਰਨ ਨੂੰ ਪਲ ਵੀ ਨਹੀਂ ਲੱਗਦਾ ਪਰ ਕਿਸਾਨਾਂ ਦੇ ਲੰਬੇ ਸਮੇਂ ਦੇ ਕਰਜ਼ੇ ਮੁਆਫ਼ ਕਰਨ ਦੀ ਮੰਗ ਮੋਦੀ ਸਰਕਾਰ ਨੇ ਪੂਰੀ ਨਹੀਂ ਕੀਤੀ ਹੈ। ਕਿਸਾਨਾਂ ਵੱਲੋਂ ਆਪਣੀਆਂ ਜਿਣਸਾਂ ਦੇ ਭਾਅ ਸਵਾਮੀਨਾਥਨ ਕਮੇਟੀ ਦੀਆਂ ਸਿਫ਼ਾਰਸ਼ਾਂ ਮੁਤਾਬਕ ਦੇਣ ਦੀ ਮੰਗ ਵੀ ਪ੍ਰਮੁੱਖਤਾ ਨਾਲ ਉਠਾਈ ਗਈ।

ਕਿਸਾਨਾਂ ਦੀਆਂ 62 ਜੱਥੇਬੰਦੀਆਂ ਦੀ ਇਸ ਸਾਂਝੀ ਸੰਸਥਾ ਦੇ ਮੁਖੀ ਸ਼ਿਵ ਕੁਮਾਰ ਸ਼ਰਮਾ ਨੇ ਕਿਹਾ ਕਿ ਕੇਂਦਰੀ ਖੇਤੀਬਾੜੀ ਮੰਤਰੀ ਦਾ ਕਿਸਾਨਾਂ ਬਾਰੇ ਬਿਆਨ ਮੰਦਭਾਗਾ ਸੀ। ਉਨ੍ਹਾਂ ਕਿਹਾ ਕਿ ਇਹ ਮੁਜ਼ਾਹਰਾ ਭਾਜਪਾ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਤੇ ਮੱਧ ਪ੍ਰਦੇਸ਼ ਵਿੱਚ ਛੇ ਕਿਸਾਨਾਂ ਨੂੰ ਪੁਲਿਸ ਗੋਲੀਆਂ ਰਾਹੀਂ ਮਾਰੇ ਜਾਣ ਦੇ ਰੋਸ ਵਜੋਂ ਕੀਤਾ ਗਿਆ ਹੈ।

ਪੰਜਾਬ ਦੇ ਮਾਲਵੇ ਤੋਂ ਆਏ ਕਿਸਾਨਾਂ ਨੇ ਦਰਦ ਬਿਆਨਦਿਆਂ ਦੱਸਿਆ ਕਿ ਇਸ ਖਿੱਤੇ ਵਿੱਚ ਰੋਜ਼ਾਨਾ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ ਕਿਉਂਕਿ ਫਸਲਾਂ ਦੇ ਭਾਅ ਸਹੀ ਨਹੀਂ ਮਿਲ ਰਹੇ। ਇਸ ਕਾਰਨ ਕਿਸਾਨ ਦਿਨ-ਬ-ਦਿਨ ਕਰਜ਼ੇ ਹੇਠ ਡੁੱਬਿਆ ਜਾ ਰਿਹਾ ਹੈ। ਸਰਕਾਰਾਂ ਹੁਣ ਕਿਸਾਨਾਂ ਦੀ ਬਾਂਹ ਨਹੀਂ ਫੜ ਰਹੀਆਂ। ਸਗੋਂ ਕੀਤੇ ਗਏ ਵਾਅਦਿਆਂ ਤੋਂ ਸਰਕਾਰਾਂ ਮੁੱਕਰ ਜਾਂਦੀਆਂ ਹਨ। ਕਿਸਾਨ ਆਗੂਆਂ ਦਾ ਇਸ਼ਾਰਾ ਸਵਾਮੀਨਾਥਨ ਕਮੇਟੀ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ ਤੋਂ ਭਾਜਪਾ ਵੱਲੋਂ ਟਾਲ਼ਾ ਵੱਟਣ ਵੱਲ ਸੀ। ਇਸੇ ਦੌਰਾਨ ਕਿਸਾਨਾਂ ਨੇ ਕੇਂਦਰ ਸਰਕਾਰ ਵੱਲੋਂ ਜੀਐਸਟੀ ਲਾਗੂ ਕਰਨ ਕਰ ਕੇ ਉਨ੍ਹਾਂ ਉਪਰ ਪਏ ਵਾਧੂ ਭਾਰ ਦੇ ਵਿਰੁੱਧ ਵੀ ਕੇਂਦਰ ਸਰਕਾਰ ਖ਼ਿਲਾਫ਼ ਰੋਸ ਜ਼ਾਹਰ ਕੀਤਾ ਤੇ ਨੀਤੀ ਆਯੋਗ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੀ ਮੁਖ਼ਾਲਫ਼ਤ ਕੀਤੀ। ਕਿਸਾਨਾਂ ਮੁਤਾਬਕ ਜੀਐਸਟੀ ਦੇ ਦਾਇਰੇ ਵਿੱਚ ਕਿਸਾਨੀ ਸੰਦ ਵੀ ਆਉਣਗੇ, ਜੋ ਕਿਸਾਨਾਂ ਉਪਰ ਹੋਰ ਬੋਝ ਪਾਉਣਗੇ। ਮੁਜ਼ਾਹਰੇ ਤੋਂ ਬਾਅਦ 500 ਤੋਂ ਵੱਧ ਕਿਸਾਨਾਂ ਨੇ ਨੀਤੀ ਆਯੋਗ ਵੱਲ ਰੋਸ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਪਰ ਦਿੱਲੀ ਪੁਲੀਸ ਨੇ ਉਨ੍ਹਾਂ ਨੂੰ ਰੋਕ ਲਿਆ। ਜਬਰੀ ਅੱਗੇ ਜਾਣ ਦੀ ਕੋਸ਼ਿਸ਼ ਕਰਨ ਵਾਲੇ ਕਿਸਾਨਾਂ ਨੂੰ ਪਾਰਲੀਮੈਂਟ ਥਾਣੇ ਵਿੱਚ ਡੱਕ ਲਿਆ, ਜਿਨ੍ਹਾਂ ਨੂੰ ਬਾਅਦ ਵਿੱਚ ਛੱਡ ਦਿੱਤਾ ਗਿਆ।

ਦੇਖੋ ਸਬੰਧਤ ਵੀਡੀਓ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version