ਖਾਸ ਲੇਖੇ/ਰਿਪੋਰਟਾਂ

ਕਿਸਾਨੀ ਅੰਦੋਲਨ 2024 ਦਾ ਅੱਖੀਂ ਡਿੱਠਾ ਹਾਲ (ਭਾਗ 3)

By ਸਿੱਖ ਸਿਆਸਤ ਬਿਊਰੋ

February 27, 2024

ਕਿਸਾਨੀ ਅੰਦੋਲਨ 2024 ਦਾ ਅੱਖੀਂ ਡਿੱਠਾ ਹਾਲ (ਭਾਗ 3)

(ਲੜੀ ਜੋੜਨ ਲਈ ਪਹਿਲੀ ਅਤੇ ਦੂਜੀ ਕੜੀ ਪੜ੍ਹੋ …)

ਚੱਲਦੀ ਮੀਟਿੰਗ ਦੌਰਾਨ ਆਈ ਮੰਦਭਾਗੀ ਖਬਰ:

ਕਿਸਾਨ ਆਗੂਆਂ ਅਤੇ ਕੇਂਦਰ ਸਰਕਾਰ ਦੇ ਮੰਤਰੀਆਂ ਦਰਮਿਆਨ 18 ਫਰਵਰੀ ਦੀ ਮੀਟਿੰਗ ਅਜੇ ਚੱਲ ਹੀ ਰਹੀ ਕਿ ਖਨੌਰੀ ਬਾਰਡਰ ਤੋਂ ਇਕ ਹੋਰ ਕਿਸਾਨ ਦੀ ਮੌਤ ਦੀ ਖਬਰ ਆ ਗਈ। ਪਟਿਆਲੇ ਦੇ ਪਿੰਡ ਕਾਂਗਥਲਾ ਦੇ ਰਹਿਣ ਵਾਲੇ ਕਿਸਾਨ ਮਨਜੀਤ ਸਿੰਘ ਦੀ ਮੋਰਚੇ ਦੇ ਹਾਲਾਤਾਂ ਕਰਕੇ ਸਿਹਤ ਵਿਗੜਨ ਕਾਰਨ ਉਹਨਾਂ ਨੂੰ ਖਨੌਰੀ ਬਾਰਡਰ ਤੋਂ ਪਟਿਆਲੇ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਮੌਤ ਹੋ ਗਈ। ਕਿਸਾਨ ਮਨਜੀਤ ਸਿੰਘ ਭਾਰਤੀ  ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਬਲਾਕ ਪਾਤੜਾਂ ਦੇ ਪ੍ਰਧਾਨ ਸਨ। 

ਓਧਰ ਅਗਲਾ ਦਿਨ (19 ਫਰਵਰੀ) ਚੜਨ ਤੱਕ 14 ਕਿਸਾਨ ਆਗੂਆਂ ਅਤੇ ਕੇਂਦਰ ਦੇ ਤਿੰਨ ਮੰਤਰੀਆਂ- ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ, ਕਾਰਪੋਰੇਟ ਮਸਲਿਆਂ ਦੇ ਮੰਤਰੀ ਪਿਯੂਸ਼ ਗੋਇਲ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਆਦਿਤਿਆਨੰਦ ਰਾਏ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵਿਚਾਲੇ ਮੀਟਿੰਗ ਚਲਦੀ ਰਹੀ। ਇਸ ਮੀਟਿੰਗ ਵਿੱਚ ਸਾਰੀਆਂ ਕਿਸਾਨੀ ਮੰਗਾਂ ‘ਤੇ ਗੱਲ ਨਾ ਹੋ ਸਕੀ ਪਰ ਸਰਕਾਰ ਨੇ ‘ਘੱਟੋ-ਘੱਟ ਖਰੀਦ ਮੁੱਲ’ ਬਾਰੇ ਇਕ ਤਜਵੀਜ਼ ਪੇਸ਼ ਕੀਤੀ। ਇੱਥੇ ਇਸ ਕਿਸਾਨੀ ਅੰਦੋਲਨ ਦੀਆਂ ਮੰਗਾਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ। 

ਕੀ ਹਨ ਮੌਜੂਦਾ ਕਿਸਾਨੀ ਸੰਘਰਸ਼ ਦੀਆਂ ਮੁੱਖ ਮੰਗਾਂ?

  1. ‘ਘੱਟੋ-ਘੱਟ ਸਮਰਥਨ ਮੁੱਲ’ (MSP) ਉੱਤੇ ਫਸਲਾਂ ਦੀ ਖਰੀਦ ਦੀ ਜਾਮਨੀ (ਗਰੰਟੀ) ਦਾ ਕਨੂੰਨ ਬਣਾਇਆ ਜਾਵੇ।
  2. ਪਹਿਲੇ ਕਿਸਾਨੀ ਅੰਦੋਲਨ ਦੌਰਾਨ ਕਿਸਾਨਾਂ ਤੇ ਪੂਰੇ ਭਾਰਤ ਅੰਦਰ ਦਰਜ਼ ਕੀਤੇ ਮੁਕੱਦਮੇ ਰੱਦ ਕੀਤੇ ਜਾਣ 
  3. ਲਖੀਮਪੁਰ ਖੀਰੀ (ਉੱਤਰ-ਪ੍ਰਦੇਸ਼) ਦੇ ਸ਼ਹੀਦ ਕਿਸਾਨਾਂ ਨੂੰ ਇਨਸਾਫ ਦਿੱਤਾ ਜਾਵੇ।
  4. ਬਿਜਲੀ ਸੋਧ ਬਿੱਲ 2020 ਨੂੰ ਰੱਦ ਕੀਤਾ ਜਾਵੇ।
  5. ਡਾ. ਸਵਾਮੀਨਾਥਨ ਦੀ ਰਿਪੋਰਟ ਵਿਚ ਦਿੱਤੇ ਫਾਰਮੁਲੇ ਅਨੁਸਾਰ ਫਸਲਾਂ ਦੇ ਮੁੱਲ ‘ਸੀ2+50%’ ਦੇ ਅਨੁਸਾਰ ਮਿੱਥੇ ਜਾਣ। (ਸੀ2+50% ਦਾ ਮਤਲਬ ਕਿਸਾਨਾਂ ਨੂੰ ਫਸਲਾਂ ਦੇ ਮੁੱਲ ਕੁੱਲ ਖ਼ਰਚ, ਜਿਸ ਵਿਚ ਕਿਸਾਨ ਦੇ ਪਰਿਵਾਰ ਦੀ ਮਿਹਨਤ ਅਤੇ ਜਮੀਨ ਦਾ ਠੇਕਾ ਵੀ ਸ਼ਾਮਿਲ ਹੋਵੇ, ਦਾ ਡੇਢ ਗੁਣਾ ਮੁੱਲ ਦਿੱਤਾ ਜਾਵੇ)।
  6. ਗੰਨੇ ਦਾ ਮੁੱਲ ਕਿਸਾਨ ‘C2+100%’ ਫੀਸਦੀ ਦੇ ਫਾਰਮੂਲੇ ਅਨੁਸਾਰ ਦਿੱਤਾ ਜਾਵੇ। (ਭਾਵ ਕਿ ਗੰਨੇ ਦਾ ਮੁੱਲ ਕੁੱਲ ਖਰਚ ਤੋਂ ਦੋ ਗੁਣਾ ਹੋਵੇ। ਜ਼ਿਕਰਯੋਗ ਹੈ ਕਿ ਗੰਨਾ ਸਾਲ ਭਰ ਦੀ ਫਸਲ ਹੈ ਜਦਕਿ ਬਾਕੀ ਫਸਲਾਂ ਛਮਾਹੀ ਹੁੰਦੀਆਂ ਹਨ।)
  7. ਸਮੁੱਚੀ ਕਿਸਾਨੀ ਅਤੇ ਮਜ਼ਦੂਰਾਂ ਨੂੰ ਕਰਜ਼ ਮੁਕਤ ਕੀਤੇ ਜਾਵੇ।
  8. ਭਾਰਤ ਖੇਤੀ ਖੇਤਰ ਵਾਸਤੇ ਵਿਸ਼ਵ ਵਪਾਰ ਸੰਗਠਨ  (WTO) ਵਿਚੋਂ ਬਾਹਰ ਆਵੇ।
  9. ਸਰਕਾਰ ਇੰਡੀਆ ਵਿਚ ਬਾਹਰੋਂ ਆਉਣ ਵਾਲੀਆਂ ਕਿਸਾਨੀ ਜਿਨਸਾਂ ਉੱਤੇ ‘ਦਰਾਮਦ ਕਰ’ (ਇਮਪੋਰਟ ਡਿਊਟੀ) ਘਟਾ ਕੇ ਕਿਸਾਨਾਂ ਦਾ ਨੁਕਸਾਨ ਕਰਨਾ ਬੰਦ ਕਰੇ।
  10. ਇੰਡਿਆ ਵਿਚ ਬਾਹਰੋਂ ਆਉਣ ਵਾਲੀਆਂ ਕਿਸਾਨੀ ਜਿਨਸਾਂ ਉੱਤੇ ‘ਦਰਾਮਦ ਕਰ’ (ਇੰਪੋਰਟ ਡਿਊਟੀ) ਵੱਧਾ ਕੇ ਭਾਰਤ ਦੇ ਕਿਸਾਨਾਂ ਨੂੰ ਯੋਗ ਭਾਅ ਦਵਾਉਣਾ ਯਕੀਨੀ ਬਣਾਇਆ ਜਾਵੇ।
  11. ਸਾਲ 2013 ਤੋਂ ਪਹਿਲਾਂ ਵਾਲਾ ‘ਭੌਂ-ਪ੍ਰਾਪਤੀ ਕਨੂੰਨ’ ਪ੍ਰਭਾਵੀ ਬਣਾਇਆ ਜਾਵੇ ਅਤੇ ਜ਼ਬਤ (ਐਕੁਆਇਰ) ਕੀਤੀ ਜਾਣ ਵਾਲੀ ਜ਼ਮੀਨ ਦੀ ਕੁਲੈਕਟਰ ਮੁੱਲ ਤੋਂ 4 ਗੁਣਾ ਵੱਧ ਕੀਮਤ ਕਿਸਾਨ ਨੂੰ ਦਿੱਤੀ ਜਾਵੇ। (ਜ਼ਿਕਰਯੋਗ ਹੈ ਕਿ 2013 ਤੋਂ ਪਹਿਲਾਂ ਭੌਂ-ਪ੍ਰਾਪਤੀ ਕਨੂੰਨ (Land Acquisition Act) ਅਨੁਸਾਰ ਕਿਸਾਨ ਦੀ ਜ਼ਮੀਨ ਲੈਣ ਲਈ ਕਿਸਾਨ ਦੀ ਰਜਾਮੰਦੀ ਲੈਣੀ ਜ਼ਰੂਰੀ ਸੀ)।
  12. ਖੇਤੀ ਖੇਤਰ ਨੂੰ ਨਵੇਂ ਪ੍ਰਦੂਸ਼ਣ ਐਕਟ ਦੇ ਘੇਰੇ ਤੋਂ ਬਾਹਰ ਰੱਖਿਆ ਜਾਵੇ।
  13. ਮਨਰੇਗਾ ਦੀ ਦਿਹਾੜੀ ਵਧਾ ਕੇ 700 ਰੁਪਏ ਕੀਤੀ ਜਾਵੇ ਅਤੇ ਘੱਟੋ-ਘੱਟ 200 ਦਿਨ ਰੁਜ਼ਗਾਰ ਦੀ ਗਾਰੰਟੀ ਦਿੱਤੀ ਜਾਵੇ।
  14. ਕਿਸਾਨਾਂ ਅਤੇ ਮਜ਼ਦੂਰਾਂ ਲਈ ਬੁਢਾਪਾ ਪੈਨਸ਼ਨ ਸਕੀਮ ਲਾਗੂ ਕੀਤਾ ਜਾਵੇ ਜਿਸ ਤਹਿਤ 60 ਸਾਲ ਤੋਂ ਵੱਧ ਉਮਰ ਦੇ ਕਿਸਾਨਾਂ ਤੇ ਮਜ਼ਦੂਰਾਂ ਨੂੰ 10 ਹਜ਼ਾਰ ਰੁਪਏ ਮਹੀਨਾਵਾਰੀ ਪੈਨਸ਼ਨ ਦਿੱਤੀ ਜਾਵੇ।
  15. ਨਕਲੀ ਕੀਟਨਾਸ਼ਕਾਂ ਅਤੇ ਖਾਦਾਂ ਬਨਾਉਣ ਵਾਲੀਆਂ ਕੰਪਨੀਆਂ ਅਤੇ ਵਿਅਕਤੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਦਾ ਪ੍ਰਬੰਧ ਕੀਤਾ ਜਾਵੇ। 
  16. ਹਲਦੀ, ਮਿਰਚ ਅਤੇ ਹੋਰ ਮਸਾਲਿਆਂ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਕਮਿਸ਼ਨ ਦੀ ਸਥਾਪਨਾ ਕੀਤੀ ਜਾਵੇ।  
  17. ਅਤਿ ਜਰੂਰੀ ਹਾਲਾਤਾਂ ਵਿੱਚ ਸੜਕਾਂ ਬਨਾਉਣ ਵੇਲੇ ਪੁਰਾਣੀ ਤਕਨੀਕ ਬਦਲ ਕੇ ਥੰਮਾਂ ਵਾਲੀ ਸੜਕ (ਐਲੀਵੇਟਡ ਰੋਡ) ਦੀ ਤਕਨੀਕ ਵਰਤੀ ਜਾਵੇ। ਤਾਂ ਜੋ ਪਾਣੀ ਦਾ ਕੁਦਰਤੀ ਵਹਾਅ ਨੂੰ ਰੋਕ ਨਾ ਲੱਗੇ।

ਇਹ ਉਹ ਮੁੱਖ ਮੰਗਾਂ ਨੂੰ ਲੈਕੇ ਕਿਸਾਨ ਸੜਕਾਂ ‘ਤੇ ਹਨ।

ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਕੀ ਤਜਵੀਜ਼ ਪੇਸ਼ ਕੀਤੀ?

18 ਫਰਵਰੀ ਦੀ ਬੈਠਕ ਵਿਚ ਕੇਂਦਰ ਸਰਕਾਰ ਨੇ ਮੱਕੀ, ਨਰਮਾ, ਹਰ-ਹਰ, ਉੜਤ (ਕਾਲੇ ਮਾਹ) ਅਤੇ ਮੂੰਗੀ ਉੱਤੇ ਪੰਜ ਸਾਲ ਲਈ ਸਮਝੌਤੇ (ਕੰਟਰੈਕਟ) ਅਧੀਨ ਉਹਨਾ ਕਿਸਾਨਾਂ ਦੀ ਫਸਲ ਉੱਤੇ ‘ਘੱਟੋ-ਘੱਟ ਖਰੀਦ ਮੁੱਲ’ ਦੇਣ ਦੀ ਪੇਸ਼ਕਸ਼ ਕੀਤੀ ਜਿਹੜੇ ਝੋਨੇ ਨੂੰ ਛੱਡ ਕੇ ਇਹ ਫਸਲਾਂ ਉਗਾਉਣਗੇ। ਇਹਨਾਂ ਦਾਲਾਂ ਅਤੇ ਫਸਲਾਂ ਦੀ ਖਰੀਦ ਸਰਕਾਰ ਦੇ ਕੋਆਪਰੇਟਿਵ ਅਦਾਰੇ ‘ਨੈਸ਼ਨਲ ਐਗਰੀਕਲਚਰਲ ਕੋਆਪਰੇਟਿਵ ਮਾਰਕਿਟਿੰਗ ਫੈਡਰੇਸ਼ਨ ਆਫ ਇੰਡੀਆ ਲਿਮਿਟਡ’, (National Agricultural Cooperative Marketing Federation of India Ltd), ਨੈਸ਼ਨਲ ਕੋਆਪਰੇਟਿਵ ਕੰਜ਼ਿਊਮਰ ਫੈਡਰੇਸ਼ਨ (National Cooperative Consumers’ Federation) ਅਤੇ ਨੈਸ਼ਨਲ ਕੋਆਪਰੇਟਿਵ ਕੰਜ਼ਿਊਮਰ ਫੈਡਰੇਸ਼ਨ (National Co-operative Consumer Federation) ਅਤੇ ਕੌਟਨ ਕਾਰਪੋਰੇਸ਼ਨ ਆਫ ਇੰਡੀਆ (Cotton Corporation of India) ਵੱਲੋਂ ਕੀਤੀ ਜਾਣੀ ਸੀ। ਪਹਿਲਾਂ ਕੇਂਦਰ ਦੇ ਵੱਲੋਂ 2 ਸਾਲ ਲਈ ‘ਘੱਟੋ-ਘੱਟ ਸਮਰਥਨ ਮੁੱਲ’ (MSP) ਦੇਣ ਦੀ ਤਜ਼ਵੀਜ ਸੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਾਅਵੇ ਅਨੁਸਾਰ ਓਹਨਾਂ ਦੇ ਕਹਿਣ ਉੱਤੇ ਇਹ ਸਮਾਂ ਮਿਆਦ 5 ਸਾਲ ਕੀਤੀ ਗਈ। 

ਤਜਵੀਜ਼ ਦੀ ਪੜਚੋਲ (ਵਿਚਾਰ):

ਸਰਕਾਰ ਦੀ ਤਜਵੀਜ਼ ਦੀ ਮੁੱਢਲੀ ਪੜਚੋਲ ਕੀਤਿਆਂ ਸਪਸ਼ਟ ਹੁੰਦਾ ਹੈ ਕਿ ਇੱਕ ਤਾਂ ਇਹ ‘ਕੰਟਰੈਕਟ ਫਾਰਮਿੰਗ’ ਵਰਗਾ ਪ੍ਰਸਤਾਵ ਸੀ, ਅਤੇ ਦੂਜਾ ਇਸਦਾ ਲਾਭ ਸਿਰਫ ਉਹਨਾ ਕਿਸਾਨਾਂ ਨੂੰ ਮਿਲਣਾ ਸੀ ਜੋ ਕਿਸਾਨ ਜੀਰੀ (ਝੋਨਾ) ਦੀ ਥਾਂ ਇਹਨਾਂ ਪੰਜਾਂ ਫਸਲਾਂ ਵਿੱਚੋਂ ਕੋਈ ਫਸਲ ਬੀਜੇਗਾ। ਭਾਵ ਕਿ ਪਹਿਲਾਂ ਤੋਂ ਨਰਮੇ ਜਾਂ ਦਾਲਾਂ ਦੀ ਖੇਤੀ ਕਰਦੇ ਕਿਸਾਨਾਂ ਲਈ ਇਸ ਵਿੱਚ ਕੋਈ ਤਜਵੀਜ਼ ਵਿਚ ਕੁਝ ਵੀ ਨਹੀਂ ਸੀ। 

ਤੀਜਾ ਐਮ.ਐਸ.ਪੀ. ਕਿੰਨੀ ਹੋਵੇਗੀ, ਇਸ ਬਾਰੇ ਵੀ ਕੋਈ ਚਰਚਾ ਨਹੀਂ ਸੀ ਕੀਤੀ ਗਈ। 

ਚੌਥਾ ਇਹ ਕਿ ਅਜੇ ਸਰਕਾਰ ਵੱਲੋਂ ਕਿਸਾਨਾਂ ਨੂੰ ਕੁਝ ਵੀ ਲਿਖਤੀ ਨਹੀਂ ਦਿੱਤਾ ਗਿਆ ਸੀ ਪਰ ਮੰਤਰੀ ਕਿਸਾਨ ਆਗੂਆਂ ਨੂੰ ਮੋਰਚਾ ਖਤਮ ਕਰਨ ਲਈ ਕਹਿ ਰਹੇ ਸਨ। 

ਕਰਜਾ ਮਾਫੀ ਅਤੇ ਸਵਾਮੀਨਾਥਮ ਫਾਰਮੂਲੇ (ਸੀ2+50%) ਅਨੁਸਾਰ ਫਸਲਾਂ ਦੇ ਭਾਅ ਤੈਅ ਕਰਨ ਬਾਰੇ ਕੇਂਦਰੀ ਮੰਤਰੀਆਂ ਦਾ ਕਹਿਣਾ ਸੀ ਕਿ ਨੀਤੀ (ਪਾਲਿਸੀ) ਨਾਲ ਜੁੜੇ ਮਸਲਿਆਂ ਬਾਰੇ ਇਕ ਮੀਟਿੰਗ ਵਿੱਚ ਹੱਲ ਕਰਨਾ ਮੁਸ਼ਕਿਲ ਹੈ। ਉਹਨਾਂ ਇਹ ਵੀ ਕਿਹਾ ਉਹ ਦਿੱਲੀ ਜਾ ਕੇ ਇਹਨਾਂ ਮਸਲਿਆਂ ਨੂੰ ਵਿਚਾਰਨਗੇ। 

ਕੇਂਦਰ ਸਰਕਾਰ ਦੀ ਪਹੁੰਚ:

ਕਿਸਾਨਾਂ ਨਾਲ ਕੀਤੀ ਮੀਟਿੰਗ ਤੋਂ ਬਾਅਦ ਕੇਂਦਰੀ ਮੰਤਰੀ ਪਿਯੂਸ਼ ਗੋਇਲ ਮੀਡੀਆ ਦੇ ਸਾਹਮਣੇ ਹੋਏ। ਉਹਨਾਂ ਨੇ ਆਪਣੀ ਸਾਰੀ ਗੱਲਬਾਤ ਪੰਜਾਬ ਕੇਂਦਰਿਤ ਰੱਖੀ। ਉਹਨਾਂ ਦੀਆਂ ਗੱਲਾਂ ਤੋਂ ਲਗਦਾ ਸੀ ਕਿ ਦਿੱਲੀ ਇਸ ਮੋਰਚੇ ਨੂੰ ਕੇਵਲ ਪੰਜਾਬ ਦਾ ਮੋਰਚਾ ਮੰਨ ਰਹੀ ਹੋਵੇ। ਕੇਵਲ ਪੰਜਾਬ ਦੀ ਖੇਤੀ ਦੇ ਹੱਲ ਇਸਦਾ ਹੱਲ ਮੰਨਦੀ ਹੋਵੇ। ਦਿੱਲੀ ਪੰਜਾਬ ਨੂੰ ਖੁਸ਼ ਕਰਦੀ ਨਜ਼ਰ ਆਈ ਤਾਂ ਜੋ ਪੰਜਾਬ ਤੋਂ ਉੱਠੀ ਆਵਾਜ਼ ਪੂਰੇ ਭਾਰਤ ਵਿੱਚ ਨਾ ਸੁਣਾਈ ਦੇਵੇ। ਉਹਨਾਂ ਪ੍ਰੈੱਸ ਕਾਨਫਰੰਸ ਵਿੱਚ ਅਨੇਕਾਂ ਵਾਰ ਪੰਜਾਬ ਸ਼ਬਦ ਦਾ ਜ਼ਿਕਰ ਕੀਤਾ ਜਦਕਿ ਕਿਸਾਨ ਆਗੂਆਂ ਨੇ ਜੋ ਮੰਗਾਂ ਮੰਗੀਆਂ ਹਨ ਉਹ ਪੂਰੇ ਇੰਡਿਆ ਦੀ ਕਿਸਾਨੀ ਵਾਸਤੇ ਹਨ।

ਕਿਸਾਨ ਆਗੂਆਂ ਨੇ ਕੀ ਕਿਹਾ?

ਇਸ ਮੀਟਿੰਗ ਵਿਚ ਸਰਕਾਰ ਨੇ ਤਜਵੀਜ਼ ਪੇਸ਼ ਕਰਕੇ ਗੇਂਦ ਕਿਸਾਨ ਆਗੂਆਂ ਦੇ ਪਾਲੇ ਵਿਚ ਸੁੱਟ ਦਿੱਤੀ ਸੀ। ਮੀਟਿੰਗ ਖਤਮ ਹੋਣ ਉਪਰੰਤ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਸਰਕਾਰ ਦੀ ਤਜਵੀਜ਼ ਉੱਤੇ ਵਿਚਾਰ ਕਰਨਗੇ। ਉਹਨਾਂ ਇਹ ਵੀ ਕਿਹਾ ਕਿ ਸਾਡਾ ਦਿੱਲੀ ਕੂਚ ਦਾ ਐਲਾਨ ਅਜੇ ਕਾਇਮ ਹੈ ਪਰ ਅਸੀਂ ਸਰਕਾਰ ਦੀ ਤਜਵੀਜ਼ ਬਾਰੇ ਖੇਤੀਬਾੜੀ ਮਾਹਿਰਾਂ ਤੋਂ ਸਲਾਹ ਲੈ ਕੇ ਆਪਣਾ ਫੈਸਲਾ ਮੀਡੀਆ ਰਾਹੀਂ ਸਾਂਝਾ ਕਰਾਂਗੇ। 

ਮੀਟਿੰਗ ਵਿੱਚ ਕਰਜ਼ਾ ਮਾਫੀ ਸਮੇਤ ਕਿਸਾਨ ਮੋਰਚੇ ਦੀਆਂ ਬਾਕੀ ਮੰਗਾਂ ਦੀ ਚਰਚਾ ਨਾ ਹੋਣ ਕਰਕੇ ਸੰਯੂਕਤ ਕਿਸਾਨ ਮੋਰਚਾ (ਰਾਜਨੀਤਿਕ) ਦੇ ਕੁਝ ਆਗੂ ਆਪਣੇ ਬਿਆਨਾਂ ਰਾਹੀਂ ਇਸ ਮੋਰਚੇ ਦੀ ਅਗਵਾਈ ਕਰਨ ਵਾਲੇ ਕਿਸਾਨਾਂ ਆਗੂਆਂ ਦੀ ਵਿਰੋਧਤਾ ਕਰਦੇ ਵੀ ਨਜ਼ਰ ਆਏ।

ਤੇਜ ਹਵਾਵਾਂ ਦੀ ਆਮਦ:

19 ਫਰਵਰੀ ਨੂੰ ਸ਼ੰਭੂ ਬਾਰਡਰ ’ਤੇ ਤੇਜ ਹਵਾਵਾਂ ਨਾਲ ਸਵੇਰ ਦਾ ਆਗਾਜ਼ ਹੋਇਆ। ਸਾਰੇ ਕਿਸਾਨ ਸਰਕਾਰ ਦੀ ਤਜ਼ਵੀਜ ਸਮਝਣ ਦੀ ਕੋਸ਼ਿਸ਼ ਕਰਨ ਲੱਗੇ ਹੋਏ ਸਨ। ਸਰਕਾਰੀ ਤਜ਼ਵੀਜ ਵਿੱਚ ਸ਼ਬਦਾਂ ਦਾ ਅਜਿਹਾ ਜਾਲ ਬੁਣਿਆ ਜਾਂਦਾ ਹੈ ਕਿ ਆਮ ਸਾਧਾਰਨ ਦੀ ਗੱਲ ਛੱਡੋ ਕਈ ਵਾਰ ਬੁੱਧੀਜੀਵੀ ਵੀ ਮਾਰ ਖਾ ਜਾਂਦੇ ਨੇ। ਪਰ ਕਿਸਾਨਾਂ ਦੇ ਮਾਮਲਿਆਂ ਵਿੱਚ ਅਜਿਹਾ ਨਹੀਂ ਸੀ। ਕਿਸਾਨ ਸਰਕਾਰ ਦੀ ਨੀਤੀ ਨੂੰ ਭਾਂਪ ਰਹੇ ਸਨ। ਆਮ ਕਿਸਾਨਾਂ ਨੇ ਕਿਸਾਨ ਆਗੂਆਂ ਉੱਤੇ ਆਪਣੀ ਤਕਦੀਰ ਦਾ ਫੈਸਲਾ ਛੱਡਿਆ ਹੋਇਆ ਸੀ। ਪਰ ਖੁੰਢ ਚਰਚਾ ਇਹ ਗੱਲ ਆਮ ਸੀ ਕਿ ਸਿਰਫ ‘ਐਮ.ਐਸ.ਪੀ’ ਲੈ ਕੇ ਨਹੀਂ ਮੁੜਨਾ। ਕਿਸਾਨ ਕਰਜ਼ ਮਾਫੀ ਅਤੇ ਫਸਲਾਂ ਦੇ ਭਾਅ ਮਿੱਥਣ ਲਈ ਸਵਾਮੀਨਾਥਮ ਫਾਰਮੂਲਾ ਲਾਗੂ ਕਰਵਾਉਣਾ ਚਾਹੁੰਦੇ ਸਨ।  

ਸਰਕਾਰ ਦੀਆਂ ਕਿਸਾਨਾਂ ਨੂੰ ਰੋਕਣ ਦੀਆਂ ਤਿਆਰੀਆਂ:

ਸ਼ੰਭੂ ਮੋਰਚੇ ਵਿੱਚ ਸਾਰਾ ਦਿਨ ਹੀ ਪੁਰੇ ਦੀਆਂ ਤੇਜ਼ ਹਵਾਵਾਂ ਚਲਦੀਆਂ ਰਹੀਆਂ।  ਸਰਕਾਰ ਨੇ ਪ੍ਰਸਤਾਵ ਰੱਖਣ ਤੋਂ ਬਾਅਦ ਵੀ ਕਿਸਾਨਾਂ ਨੂੰ ਦਿੱਲੀ ਵੱਲ ਵਧਣ ਤੋਂ ਰੋਕਣ ਦੀ ਆਪਣੀ ਤਿਆਰੀ ਜਾਰੀ ਰੱਖੀ ਜਿਵੇਂ ਓਹਨਾਂ ਨੂੰ ਲਗਦਾ ਹੋਵੇ ਕਿ ਕਿਸਾਨ ਆਗੂ ਪ੍ਰਸਤਾਵ ਰੱਦ ਕਰ ਸਕਦੇ ਹਨ। 

ਹਰਿਆਣੇ ਨੂੰ ਜਾਣ ਵਾਲੇ ਜੀ.ਟੀ. ਰੋਡ ਦੇ ਖੱਬੇ ਪਾਸੇ ਘੱਗਰ ਦਰਿਆ ਵਿੱਚ ਸਰਕਾਰ ਵੱਲੋਂ ਜੇਸੀਬੀ ਲਗਾ ਕੇ ਟੋਏ ਪੱਟੇ ਜਾ ਰਹੇ ਸਨ। ਇਹ ਟੋਏ ਇਸ ਲਈ ਵੀ ਪੱਟੇ ਜਾ ਰਹੇ ਸਨ ਕਿ ਕਿਸਾਨਾਂ ਨੇ ਘੱਗਰ ਦਰਿਆ ਤੇ ਲਾਂਘਾ ਬਨਾਉਣ ਦੀ ਨੀਤੀ ਵੀ ਬਣਾਈ ਹੋਈ ਸੀ। ਇਸ ਵਾਸਤੇ ਪੰਜ ਟਰਾਲੀਆਂ ਮਿੱਟੀ ਦੇ ਥੈਲੇ ਦੀਆਂ ਭਰੀਆਂ ਖੜੀਆਂ ਸਨ। ਕਿਸਾਨਾਂ ਦੀ ਇਸ ਤਿਆਰੀ ਤੋਂ ਬਾਅਦ ਹੀ ਘੱਗਰ ਦੇ ਪਰਲੇ ਪਾਰ ਹਰਿਆਣਾ ਪੁਲਿਸ ਦੀ ਤੈਨਾਤੀ ਵਧਾ ਦਿੱਤੀ ਗਈ। ਕਿਸਾਨਾਂ ਵੱਲੋਂ ਸਰਕਾਰ ਦਾ ਦਿੱਤਾ ਪ੍ਰਸਤਾਵ ਰੱਦ ਕਰਨ ਤੱਕ ਹਰਿਆਣਾ ਪੁਲਿਸ ਪਿਕਨਿਕ ਵਾਙ ਦਰਿਆ ਕੰਢੇ ਸੁੱਤੀ ਪਈ ਸੀ। 

ਬੱਚੇ ਤੇ ਝੰਡੇ:

ਮੋਰਚੇ ਵਿਚ ਲੋਕਾਂ ਦੀ ਆਮਦ ਦਿਨ ਪ੍ਰਤੀ ਦਿਨ ਵੱਧ ਰਹੀ ਸੀ। ਬਹੁਤ ਸਾਰੇ ਲੋਕ ਵਾਹਗਾ-ਅਟਾਰੀ ਸਰਹੱਦ ਵਾਙ ਬਾਰਡਰ ਸ਼ੰਭੂ ਬਾਰਡਰ ਦੇਖਣ ਆਉਂਦੇ ਸਨ। ਲੋਕ ਆਪਣੇ ਨਿੱਕੇ ਜਵਾਕਾਂ ਨੂੰ ਵੀ ਲੈਕੇ ਆਉਂਦੇ। ਨਿੱਕੇ ਜਵਾਕਾਂ ਦੇ ਹੱਥਾਂ ਵਿੱਚ ਲੋਕ ਝੰਡੇ ਫੜ੍ਹਾ ਕੇ ਲਿਆਉਂਦੇ। ਸ਼ੰਭੂ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਜਵਾਕ ਆਪ ਮੁਹਾਰੇ ਹੀ ਦਿਨ ਦੇ ਸਮੇਂ ਮੋਰਚੇ ਵਿੱਚ ਪਹੁੰਚ ਰਹੇ ਸਨ। ਕਈ ਜਵਾਕ ਟਰਾਲੀਆਂ ਵਿੱਚ ਜਾਕੇ ਕਿਸਾਨਾਂ ਕੋਲੋਂ ਝੰਡਿਆਂ ਦੀ ਮੰਗ ਵੀ ਕਰਦੇ। ਉਹਨਾਂ ਨੂੰ ਯੂਨੀਅਨ ਦੀ ਬਣਤਰ ਬਾਰੇ ਜਾਂ ਯੂਨੀਅਨ ਕੀ ਹੁੰਦੀ ਹੈ, ਇਸ ਬਾਰੇ ਕੋਈ ਜਾਣਕਾਰੀ ਨਾ ਹੁੰਦੀ। ਬਸ ਏਨਾ ਪਤਾ ਕਿ ਇਹ ਬਾਰਡਰਾਂ ਤੇ ਡਟੇ ਲੋਕ ਉਹਨਾਂ ਦੇ ਆਪਣੇ ਹਨ। ਇਹਨਾਂ ਦੇ ਝੰਡੇ ਵੀ ਓਹਨਾਂ ਦੇ ਆਪਣੇ ਹਨ। ਝੰਡਿਆਂ, ਨਿਸ਼ਾਨਾਂ ਅਤੇ ਚਿੰਨ੍ਹਾਂ ਦਾ ਕਿਸੇ ਦੇ ਜੀਵਨ ਤੇ ਕੀ ਪ੍ਰਭਾਵ ਪੈਂਦਾ ਇਸਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਜਵਾਕਾਂ ਨੂੰ ਸੰਘਰਸ਼ੀ ਹੋਣ ਲਈ ਝੰਡਾ ਚੁੱਕਣਾ ਜਰੂਰੀ ਲਗਦਾ ਸੀ। ਵੈਸੇ ਇਹ ਹੈ ਵੀ ਜ਼ਰੂਰੀ। ਉਹ ਬੱਚੇ ਭਾਵੇਂ ਜਥੇਬੰਦੀਆਂ ਦੇ ਢਾਂਚੇ ਤੋਂ ਬਾਹਰ ਸਨ ਪਰ ਇਹ ਝੰਡੇ ਓਹਨਾਂ ਨੂੰ ਇਸ ਅੰਦੋਲਨ ਨਾਲ ਜੋੜ ਰਹੇ ਸਨ। ਬਹੁਤ ਸਾਰੇ ਜਵਾਕ ਇਹਨਾਂ ਦਿਨਾਂ ਵਿੱਚ ਸਕੂਲ ਦੇ ਇਮਤਿਹਾਨ ਤੋਂ ਬਾਅਦ ਘਰ ਜਾਣ ਦੀ ਬਿਜਾਏ ਸਿੱਧਾ ਸ਼ੰਭੂ ਬਾਰਡਰ ‘ਤੇ ਪਹੁੰਚ ਜਾਂਦੇ। ਬਹੁਤ ਸਾਰੇ ਜਵਾਕ ਲੋਕਾਂ ਦੇ ਸਾਧਨਾਂ ਤੇ ਬੈਠ ਕੇ (ਲਿਫਟ ਲੈ ਕੇ) ਸ਼ੰਭੂ ਆ ਜਾ ਰਹੇ ਸਨ। ਜਿੱਥੋਂ ਇਸ ਅੰਦੋਲਨ ਪ੍ਰਤੀ ਓਹਨਾਂ ਦੀ ਭਾਵਨਾ ਨੂੰ ਸਮਝਿਆ ਜਾ ਸਕਦਾ ਹੈ। 

ਲੰਗਰ ਤੇ ਮੈਡੀਕਲ ਸੇਵਾਵਾਂ:

ਲੰਗਰ ਵੀ ਮੋਰਚੇ ਵਿੱਚ ਦਿਨੋ-ਦਿਨ ਵੱਧ ਰਹੇ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਸ਼ੰਭੂ ਬਾਰਡਰ ਲੰਗਰ ਸੇਵਾ ਚਾਲੂ ਕਰ ਦਿੱਤੀ ਸੀ। ਮੈਡੀਕਲ ਸਹਾਇਤਾ ਲਈ ਕਈ ਸੰਸਥਾਵਾਂ ਅੱਗੇ ਆ ਗਈਆਂ ਸਨ।

ਸਰਕਾਰ ਦੀ ਤਜਵੀਜ਼ ਰੱਦ, 21 ਫਰਵਰੀ ਨੂੰ ਅੱਗੇ ਵਧਣ ਦਾ ਐਲਾਨ:

ਕਿਸਾਨ ਆਗੂਆਂ ਨੇ 19 ਫਰਵਰੀ ਨੂੰ ਖੇਤੀ ਮਾਹਿਰਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਸਰਕਾਰ ਦੀ ਤਜ਼ਵੀਜ ਨੂੰ ਰੱਦ ਕਰ ਦਿੱਤਾ ਅਤੇ ਨਾਲ ਹੀ 21 ਫਰਵਰੀ ਨੂੰ ਦਿੱਲੀ ਕੂਚ ਤਹਿਤ ਅੱਗੇ ਵਧਣ ਦਾ ਐਲਾਨ ਕਰ ਦਿੱਤਾ। ਕਿਸਾਨਾਂ ਨੂੰ ਸੁਨੇਹਾ ਮਿਲ ਚੁੱਕਾ ਸੀ। ਕਿਸਾਨਾਂ ਦਾ ਜੋਸ਼ ਦੇਖਣ ਵਾਲਾ ਸੀ। 

ਕਿਸਾਨ ਆਗੂਆਂ ਦੀਆਂ ਦਲੀਲਾਂ:

ਕਿਸਾਨ ਆਗੂਆਂ ਨੇ ਸਰਕਾਰ ਦੀ ਤਜ਼ਵੀਜ ਰੱਦ ਕਰਨ ਪਿੱਛੇ ਕਈ ਦਲੀਲਾਂ ਦਿੱਤੀਆਂ, ਜਿਹਨਾ ਵਿਚੋਂ ਪ੍ਰਮੁੱਖ ਇਹ ਸਨ:

  1. ਕਿਸਾਨ ਆਗੂ “ਕੰਟਰੈਕਟ” ਅਧੀਨ ਖੇਤੀ ਕਰਨ ਦੇ ਹੱਕ ਵਿੱਚ ਨਹੀਂ ਹਨ। 
  2. ਦੂਸਰਾ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਦੀ ਤਜਵੀਜ਼ ਦਾ ਫਾਇਦਾ ਸਿਰਫ ਝੋਨਾ ਛੱਡ ਕੇ ਤਜਵੀਜ਼ੀ ਪੰਜ ਫਸਲਾਂ ਅਪਣਾਉਣ ਵਾਲਿਆਂ ਕਿਸਾਨਾਂ ਨੂੰ ਹੋਵੇਗਾ। ਜੋ ਕਿਸਾਨ ਪਹਿਲਾਂ ਤੋਂ ਦਾਲਾਂ, ਨਰਮਾ ਆਦਿ ਦੀ ਖੇਤੀ ਕਰ ਰਹੇ ਹਨ, ਉਹਨਾਂ ਨੂੰ ਇਸਦਾ ਫਾਇਦਾ ਨਹੀਂ ਹੋਵੇਗਾ। 

(ਇੱਥੇ ਇਹ ਵੀ ਸੋਚਣ ਵਾਲੀ ਗੱਲ ਹੈ ਕਿ ਸਰਕਾਰ ਕਹਿੰਦੀ ਸੀ ਕਿ ਉਸਦੀ ਤਜਵੀਜ਼ ਨਾਲ ਪੰਜਾਬ ਵਿੱਚ ਜੀਰੀ (ਝੋਨੇ) ਹੇਠ ਰਕਬਾ ਘਟੇਗਾ।  ਪਰ ਇਸ ਤਜਵੀਜ਼ ਨਾਲ ਪੰਜਾਬ ਵਿੱਚ ਐਮ.ਐਸ.ਪੀ. ਵਾਲਾ ਰਕਬਾ ਓਹਨਾ ਹੀ ਰਹਿਣ ਵਾਲਾ ਸੀ। ਜਿੰਨਾ ਰਕਬਾ ਸਰਕਾਰ ਦੀ ਤਜ਼ਵੀਜ ਵਾਲੀਆਂ ਫਸਲਾਂ ਅਧੀਨ ਵਧਣਾ ਸੀ ਓਨਾ ਝੋਨੇ ਹੇਠੋਂ ਘਟ ਜਾਣਾ ਸੀ।)

  1. ਕਿਸਾਨ ਆਗੂ ਸਾਰੀਆਂ 23 ਫਸਲਾਂ ਉੱਤੇ ਐਮ.ਐਸ.ਪੀ ਦੀ ਮੰਗ ਕਰ ਰਹੇ ਸਨ।
  2. ਸਰਕਾਰ ਵੱਲੋਂ ਐਮ.ਐਸ.ਪੀ ਦੀ ਲਿਖਤੀ ਗਰੰਟੀ ਦੀ ਕੋਈ ਗੱਲ ਨਹੀਂ ਕੀਤੀ ਗਈ ਸੀ।
  3. ਸਰਕਾਰ ਨੇ ਐਮ.ਐਸ.ਪੀ ਮਿੱਥਣ ਲਈ ਸਵਾਮੀਨਾਥਨ ਫਾਰਮੂਲਾ ‘ਸੀ2+50%’ ਦੀ ਕੋਈ ਗੱਲ ਨਹੀਂ ਕੀਤੀ।
  4. ਕਿਸਾਨਾਂ ਦੀਆਂ ਬਾਕੀ ਮੰਗਾਂ ਬਾਰੇ ਸਰਕਾਰ ਨੇ ਕੋਈ ਚਰਚਾ ਨਹੀਂ ਕੀਤੀ ਸੀ।

ਕਿਸਾਨ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਪਹਿਲਾਂ ਪਾਰਲੀਮੈਂਟ ਦਾ ਸ਼ੈਸ਼ਨ ਸੱਦ ਕੇ ਐਮ.ਐਸ.ਪੀ ਦਾ ਕਾਨੂੰਨ ਬਨਾਉਣ ਅਤੇ ਦੇਸ਼ ਦੀਆਂ ਬਾਕੀ ਪਾਰਟੀਆਂ ਇਹ ਸਪੱਸ਼ਟ ਕਰਨ ਕਿ ਉਹ ਇਸ ਕਾਨੂੰਨ ਦੀ ਹਿਮਾਇਤ ਕਰਨਗੀਆਂ।

ਖੇਤੀ ਮਾਹਿਰਾਂ ਦੀ ਰਾਏ:

ਖੇਤੀ ਮਾਹਰਾਂ ਨੇ ਕਿਹਾ ਕਿ ਸਰਕਾਰ ਵੱਲੋਂ ਸ਼ਰਤਾਂ ਤਹਿਤ ਪੰਜ ਫਸਲਾਂ ‘ਤੇ ਘੱਟੋ-ਘੱਟ ਸਰਮਥਨ ਮੁੱਲ (MSP) ਖੇਤੀ ਸੰਕਟ ਦਾ ਢੁਕਵਾਂ ਹੱਲ ਨਹੀਂ ਹੈ। ਉਹਨਾਂ ਨੇ ਸਰਕਾਰੀ ਤਜ਼ਵੀਜ ਨੂੰ ਪੂਰੇ ਭਾਰਤ ਪੱਖੀ ਨਾ ਕਹਿ ਕੇ ਕੇਵਲ ਪੰਜਾਬ ਕੇਂਦ੍ਰਿਤ ਦੱਸਿਆ। (ਇਸ ਤੋਂ ਸਿੱਧ ਹੁੰਦਾ ਹੈ ਕਿ ਸਰਕਾਰ ਖੇਤੀ ਵਿੱਚ ਪੰਜਾਬ ਤੋਂ ਉੱਠਦੀਆਂ ਆਵਾਜ਼ਾਂ ਨੂੰ ਮਿੱਠੀਆਂ ਗੋਲੀਆਂ ਨਾਲ ਚੁੱਪ ਕਰਾਉਣਾ ਚਾਹੁੰਦੀ ਹੈ। ਇਸ ਗੱਲ ਜਿਕਰ ਉੱਪਰ ਵੀ ਹੋ ਚੁੱਕਾ ਹੈ ਕਿ ਕੇਂਦਰੀ ਮੰਤਰੀ ਪਿਯੂਸ਼ ਗੋਇਲ ਵੱਲੋਂ ਪੱਤਰਕਾਰਾਂ ਨੂੰ ਸੰਬੋਧਨ ਦੌਰਾਨ ਪੰਜਾਬ ਦਾ ਜ਼ਿਕਰ ਵਾਰ-ਵਾਰ ਕੀਤਾ ਜਾ ਰਿਹਾ ਸੀ।)

ਹਾਈਕੋਰਟ ਦੀ ਸੁਣਵਾਈ:

19 ਫਰਵਰੀ ਨੂੰ ਹੀ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਵੀ ਕਿਸਾਨੀ ਮੋਰਚੇ ਅਤੇ ਕਿਸਾਨਾਂ ਦਾ ਰਾਹ ਰੋਕਣ ਦੇ ਮਾਮਲੇ ਉੱਤੇ ਸੁਣਵਾਈ ਸੀ। ਹਾਈ ਕੋਰਟ ਦੇ ਕਾਰਜਕਾਰੀ ਚੀਫ ਜਸਟਿਸ ਜੀ. ਐਸ. ਸੰਧਾਵਾਲੀਆ ਅਤੇ ਜਸਟਿਸ ਲਪਿਤਾ ਬੈਨਰਜੀ ਦੀ ਬੈਂਚ ਨੇ ਕਿਹਾ ਕਿ “ਹਰੇਕ ਨੂੰ ਸ਼ਾਂਤੀ ਪੂਰਨ ਢੰਗ ਨਾਲ ਇਕੱਤਰ ਹੋਣ ਦੀ ਆਜ਼ਾਦੀ ਹੈ ਪਰ ਇਸ ਨਾਲ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ”। ਉਹਨਾ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੂੰ ਛੋਟੇ ਸਮੂਹਾਂ ਵਿੱਚ ਇਕੱਤਰ ਹੋਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਅਤੇ “ਮੋਟਰ ਵਹੀਕਲ ਐਕਟ” ਤਹਿਤ ਹਾਈਵੇ ਉੱਤੇ ਟਰੈਕਟਰ ਟਰਾਲੀਆਂ ਦੇ ਨਾਲ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਇੰਝ ਪਿਛਲੀ ਸੁਣਵਾਈ ਨਾਲੋਂ ਹਾਈਕੋਰਟ ਦਾ ਰੁਖ ਹੁਣ ਬਦਲਿਆ ਹੋਇਆ ਸੀ। ਵੈਸੇ ਜੱਜਾਂ ਦੀਆਂ ਸੁਣਵਾਈ ਦੌਰਾਨ ਟਿੱਪਣੀਆਂ ਦੀ ਬਹੁਤੀ ਕਾਨੂੰਨੀ ਮਾਨਤਾ ਨਹੀਂ ਹੁੰਦੀ ਜਿੰਨਾ ਚਿਰ ਕਿ ਉਹ ਅਦਾਲਤ ਦੇ ਫੈਸਲੇ (ਜਜਮੈਂਟ) ਜਾਂ ਹੁਕਮ (ਆਰਡ) ਦਾ ਹਿੱਸਾ ਨਾ ਬਣਨ।

ਸੰ.ਕਿ.ਮੋ. (ਰਾਜਨੀਤਕ) ਵੱਲੋਂ ਘਿਰਾਓ ਦਾ ਸੱਦਾ ਤੇ ਇਕ ਹੋਰ ਕਿਸਾਨ ਦਾ ਚਲਾਣਾ:

ਸੰਯੁਕਤ ਕਿਸਾਨ ਮੋਰਚਾ (ਰਾਜਨੀਤਕ) ਵੱਲੋਂ ਪੰਜਾਬ ਵਿੱਚ ਬੀਜੇਪੀ ਲੀਡਰਾਂ ਦੇ ਘਰ ਘੇਰਨ ਦਾ ਐਲਾਨ ਕੀਤਾ ਗਿਆ ਸੀ ਜਿਸ ਤਹਿਤ ਕੈਪਟਨ ਅਮਰਿੰਦਰ ਸਿੰਘ ਦੀ ਪਟਿਆਲਾ ਸਥਿਤ ਰਿਹਾਇਸ਼ ਮੋਤੀ ਮਹਿਲ ਅੱਗੇ ਕਿਸਾਨਾਂ ਨੇ ਧਰਨਾ ਦਿੱਤਾ। ਜਿਸ ਵਿੱਚ ਪਟਿਆਲਾ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਬਠੋਈ ਕਲਾਂ ਦੇ ਕਿਸਾਨ ਨਰਿੰਦਰ ਪਾਲ ਸਿੰਘ ਦੀ ਸਿਹਤ ਵਿਗੜਨ ਕਰਕੇ ਮੌਤ ਹੋ ਗਈ। ਉਹਨਾਂ ਦੀ ਮੌਤ 18 ਫਰਵਰੀ ਦੀ ਰਾਤ  ਨੂੰ ਹੋਈ ਜਿਸ ਬਾਰੇ ਜਾਣਕਾਰੀ ਅਗਲੇ ਦਿਨ 19 ਫਰਵਰੀ ਨੂੰ ਹੀ ਲੋਕਾਂ ਸਾਹਮਣੇ ਪੁੱਜੀ। ਨਰਿੰਦਰ ਪਾਲ ਸਿੰਘ ਦੀ ਸਿਹਤ ਵਿਗੜਨ ’ਤੇ ਓਹਨਾਂ ਨੂੰ ਰਜਿੰਦਰਾ ਹਸਪਤਾਲ ਪਟਿਆਲੇ ਦਾਖਲ ਕਰਵਾਇਆ ਗਿਆ ਸੀ ਪਰ ਓਹਨਾਂ ਦੀ ਜ਼ਿੰਦਗੀ ਕਿਸਾਨੀ ਅੰਦੋਲਨ ਦੇ ਲੇਖੇ ਲੱਗ ਗਈ। ਨਰਿੰਦਰ ਪਾਲ ਸਿੰਘ ’ਤੇ 10 ਲੱਖ ਦਾ ਕਰਜ਼ਾ ਸੀ।

ਮੌਸਮ ਦੇ ਬਦਲਦੇ ਮਿਜਾਜ਼ ਨੇ ਕਿਸਾਨਾਂ ਦੀਆਂ ਔਕੜਾਂ ਵਧਾਈਆਂ:

ਸ਼ੰਭੂ ਮੋਰਚੇ ਵਿਚ ਸਾਰਾ ਦਿਨ ਚਲਦੀ ਤੇਜ਼ ਹਵਾ ਤੋਂ ਬਚਣ ਲਈ ਕਿਸਾਨ ਟਰਾਲੀਆਂ ‘ਤੇ ਪਾਈਆਂ ਤਰਪਾਲਾਂ ਠੀਕ ਕਰਨ ਵਿਚ ਲੱਗ ਗਏ। ਬਹੁਤ ਸਾਰੇ ਬਜ਼ੁਰਗ ਕਿਸਾਨਾਂ ਨੇ ਅਸਮਾਨ ਵੱਲ ਤੱਕ ਕੇ ਅੰਦਾਜ਼ਾ ਲਗਾ ਲਿਆ ਹੋਣਾ ਕਿ ਅੱਜ ਰਾਤ ਨੂੰ ਮੀਂਹ ਆਵੇਗਾ। ਇਸ ਲਈ ਬਹੁਤ ਸਾਰੇ ਕਿਸਾਨਾਂ ਨੇ ਆਪਣੀਆਂ ਟਰਾਲੀਆਂ ਨੂੰ ਬਾਛੜ (ਮੀਂਹ) ਤੋਂ ਬਚਾਉਣ ਲਈ ਟਰਾਲੀਆਂ ਤੇ ਦੂਹਰੀਆਂ ਤਰਪਾਲਾਂ ਦਿਨ ਖੜੇ ਹੀ ਪਾ ਲਈਆਂ ਸਨ। 

ਰਾਤ ਨੂੰ ਕਰੀਬ 7 ਵਜੇ ਤੋਂ 8 ਵਜੇ ਤੱਕ ਸ਼ੰਭੂ ਬਾਰਡਰ ਤੇ ਮੀਂਹ ਲਹਿ ਪਿਆ। ਮੀਂਹ ਏਨਾ ਤੇਜ ਸੀ ਕਿ ਕਿਸਾਨਾਂ ਨੂੰ ਹੋਰ ਪ੍ਰਬੰਧ ਕਰਨ ਦਾ ਮੌਕਾ ਨਹੀਂ ਮਿਲਿਆ। ਮੀਂਹ ਨਾਲ ਕਿਸਾਨਾਂ ਦਾ ਟਰਾਲੀਆਂ ਤੋਂ ਬਾਹਰ ਬੈਠਣਾ ਸੰਭਵ ਨਾ ਰਿਹਾ। ਕਈ ਕਿਸਾਨ ਟਰਾਲੀਆਂ ਰਾਤ ਨੂੰ ਟਰਾਲੀਆਂ ਤੋਂ ਬਾਹਰ ਜਾਂ ਕਈ ਟਰਾਲੀਆਂ ਦੇ ਥੱਲੇ ਸੌਂਦੇ ਸਨ (ਖਾਸ ਕਰਕੇ ਜਿਹਨਾਂ ਦੀਆਂ ਟਰਾਲੀਆਂ ਵਿੱਚ ਕਿਸਾਨਾਂ ਦੀ ਗਿਣਤੀ ਵੱਧ ਹੁੰਦੀ ਸੀ)। ਮੀਂਹ ਕਾਰਨ ਉਹਨਾਂ ਨੂੰ ਬਹੁਤ ਮੁਸ਼ਕਿਲ ਆਈ। ਬਾਹਰ ਪਏ ਕਿਸਾਨਾਂ ਦੇ ਬਿਸਤਰੇ ਭਿੱਜਣੇ ਸੁਭਾਵਿਕ ਸੀ। ਮੀਂਹ ਨੇ ਠੰਡ ਹੋਰ ਵਧਾ ਦਿੱਤੀ ਸੀ। 

ਅਚਾਨਕ ਹੋਈ ਇਹ ਮੌਸਮੀ ਤਬਦੀਲੀ ਕਿਸਾਨਾਂ ਲਈ ਮੁਸ਼ਕਿਲ ਵਧਾ ਰਹੀ ਸੀ। ਦਿਨ ਵੇਲੇ ਧੁੱਪ ਹੋ ਜਾਂਦੀ ਸੀ ਤੇ ਘੱਟ ਥਾਂ ਵਿੱਚ ਜ਼ਿਆਦਾ ਇਕੱਠ ਹੋਣ ਕਰਕੇ ਹੁੰਮਸ ਵਧ ਜਾਂਦਾ। 

ਬਦਲਦੇ ਮੌਸਮ ਵਿੱਚ ਕਿਸਾਨਾਂ ਨੂੰ ਕਈ ਪ੍ਰਕਾਰ ਦੀਆਂ ਸਿਹਤ ਦਿੱਕਤਾਂ ਆਉਣ ਦਾ ਖਦਸ਼ਾ ਹੈ। ਮੌਸਮ ਦੇ ਬਦਲਦੇ ਮਿਜਾਜ਼ ਦੇ ਨਾਲ ਨਾਲ ਕਿਸਾਨਾਂ ਕੋਲ ਪੱਕੇ ਪ੍ਰਬੰਧ ਨਾ ਹੋਣ ਕਰਕੇ ਮੋਰਚੇ ਵਿੱਚ ਪਲਾਸਟਿਕ ਅਤੇ ਥਰਮਾਕੋਲ ਦੀ ਵਰਤੋਂ ਬਹੁਤ ਕੀਤੀ ਜਾ ਰਹਿ ਹੈ। ਇਕ ਤਾਂ ਪਲਾਸਟਿਕ ਅਤੇ ਥਰਮਾਕੋਲ ਦੀ ਵਰਤੋਂ ਕਈ ਬਿਮਾਰੀਆਂ ਦਾ ਘਰ ਹੈ। ਦੂਜਾ ਜਿਵੇਂ ਪਿਛਲੀ ਕੜੀ ਵਿਚ ਜ਼ਿਕਰ ਕੀਤਾ ਸੀ ਕਿ ਪਲਾਸਟਿਕ ਅਤੇ ਥਰਮਾਕੋਲ ਦੀ ਵਰਤੋਂ ਤੋਂ ਬਾਅਦ ਪੈਂਦਾ ਹੋਏ ਕੂੜੇ ਨੂੰ ਨਜਿੱਠਣਾ ਦਾ ਪ੍ਰਬੰਧ ਨਹੀਂ ਹੈ ਜਿਸ ਕਰਕੇ ਕਿਸਾਨਾਂ ਦੀ ਸਿਹਤ ਸਬੰਧੀ ਖਤਰੇ ਮੰਡਰਾ ਰਹੇ ਹਨ। ਇਹਨਾ ਸਾਰੇ ਖਤਰਿਆਂ ਤੇ ਖਦਸ਼ਿਆਂ ਨੂੰ ਪਾਸੇ ਰੱਖ ਕੇ ਕਿਸਾਨ 19 ਫਰਵਰੀ ਤੋਂ ਹੀ ਦਿੱਲੀ ਜਾਣ ਦੀਆਂ ਜੁਗਤਾਂ ਕਰਨ ਲੱਗੇ ਅਤੇ  ਲਾਂਘਾ ਲੈਣ ਲਈ ਤਰਕੀਬਾਂ ਸੋਚਣ ਲੱਗੇ। 

ਤਿਆਰੀਆਂ ਵਾਲਾ ਦਿਨ:

20 ਫਰਵਰੀ ਦੀ ਸਵੇਰ ਚੜੀ ਤਾਂ ਮੋਰਚੇ ਤੋਂ ਪਿੰਡਾਂ ਵਿਚ ਫੋਨ ਖੜਕਣੇ ਸ਼ੁਰੂ ਹੋ ਗਏ। ਕਿਸਾਨ 21 ਫਰਵਰੀ ਦੀਆਂ ਤਿਆਰੀਆਂ ਵਿੱਚ ਲੱਗ ਗਏ। ਜਦੋਂ ਦਾ ਕਿਸਾਨ ਆਗੂਆਂ ਵੱਲੋਂ ਕੇਂਦਰ ਦੀ ਤਜ਼ਵੀਜ ਨੂੰ ਰੱਦ ਕਰਕੇ ਦਿੱਲੀ ਕੂਚ ਦਾ ਮੁੜ ਐਲਾਨ ਕੀਤਾ ਗਿਆ ਸੀ ਉਦੋਂ ਤੋਂ ਕਿਸਾਨਾਂ ਦੀਆਂ ਅੱਖਾਂ ਵਿੱਚ ਅਜੀਬ ਜਹੀ ਚਮਕ ਸੀ। ਓਹਨਾਂ ਨੂੰ ਮੁੜ ਪਹਿਲਾਂ ਵਾਲਾ ਅੰਦੋਲਨ ਯਾਦ ਆਉਣ ਲੱਗ ਪਿਆ। ਉਹ ਪਿੰਡਾਂ ਵਿਚ ਫੋਨ ਕਰਕੇ ਹੋਰ ਕਿਸਾਨਾਂ ਨੂੰ ਸੱਦ ਰਹੇ ਸਨ ਤੇ ਨਾਕਿਆਂ ਤੋਂ ਲਾਂਘਾ ਲੈਣ ਦੀਆਂ ਜੁਗਤਾਂ ਸਵੇਰ ਦੀ ਚਾਹ ਦੀਆਂ ਚੁਸਕੀਆਂ ਨਾਲ ਹੀ ਘੜੀਆਂ ਜਾ ਰਹੀਆਂ ਸਨ। 

ਗਿੱਲੇ ਹੋਏ ਗੱਦੇ ਬਾਹਰ ਸੁੱਕਣੇ ਪਾ ਦਿੱਤੇ ਗਏ। ਟਰੈਕਟਰਾਂ ਦੀਆਂ ਬੈਟਰੀਆਂ ਚਾਰਜ ਕਰ ਲਈਆਂ ਗਈਆਂ। ਤੇਲ ਮੁੜ ਤੋਂ ਟਰੈਕਟਰਾਂ ਵਿੱਚ ਭਰ ਦਿੱਤਾ ਗਿਆ। ਹਾਲਾਂਕਿ ਹਰਿਆਣਾ ਪੁਲਿਸ ਨੇ ਵੀ ਪ੍ਰਬੰਧ ਹੋਰ ਵੀ ਸਖਤ ਕਰ ਲਏ ਸਨ ਪਰ ਕਿਸਾਨਾਂ ਦੇ ਹੌਸਲਿਆਂ ਤੋਂ ਵੱਡੇ ਨਹੀਂ ਸਨ। ਕਿਸਾਨ 21 ਫਰਵਰੀ ਨੂੰ “ਫਾਈਨਲ ਮੈਚ” ਕਹਿ ਰਹੇ ਸਨ। ਉਹ ਕਿਸੇ ਵੀ ਹੀਲੇ ਦਿੱਲੀ ਜਾਣਾ ਚਾਹੁੰਦੇ ਸਨ। 

ਆਗੂਆਂ ਵੱਲੋਂ ਲਾਮਬੰਦੀ:

ਕਿਸਾਨ ਆਗੂਆਂ ਨੇ ਕਿਸਾਨਾਂ ਨੂੰ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ ਸੀ। ਕਿਸਾਨ ਆਗੂ ਟਰਾਲੀਆਂ ਵਿੱਚ ਜਾ ਜਾ ਕੇ ਕਿਸਾਨਾਂ ਨੂੰ ਮਿਲ ਕਰ ਰਹੇ ਸਨ। ਹਰਿਆਣੇ ਦੇ ਕਿਸਾਨ ਆਗੂ ਹਰਿਆਣੇ ਵਿਚਲੇ ਕਿਸਾਨਾਂ ਨੂੰ ਅੱਗੇ ਆਉਣ ਦੀ ਅਪੀਲ ਕਰ ਰਹੇ ਸਨ। ਇਸ ਦੌਰਾਨ ਹਰਿਆਣੇ ਦੇ ਕਿਸਾਨ ਆਗੂ ਅਭਿਮੰਨਿਊ ਕੋਹਾੜ ਨੇ ਸਰਕਾਰੀ ਤਜ਼ਵੀਜ ਰੱਦ ਕਰਨ ਦੇ ਕਾਰਨ ਕਿਸਾਨਾਂ ਨੂੰ ਦੱਸਦੇ ਹੋਏ ਅੱਗੇ ਆਉਣ ਦੀ ਅਪੀਲ ਕੀਤੀ। ਉਹਨਾਂ ਸਾਰੀਆਂ ਫਸਲਾਂ ਤੇ ਐਮ.ਐਸ.ਪੀ ਦੇਣ ਕਾਰਣ ਸਰਕਾਰੀ ਖਜ਼ਾਨੇ ‘ਤੇ ਪੈਣ ਵਾਲੇ ਬੋਝ ਦੇ ਸਵਾਲ ਦਾ ਜਵਾਬ ਵਿੱਚ ਕਿਹਾ ਕਿ ਭਾਰਤ ਸਰਕਾਰ ਵਿਦੇਸ਼ ਤੋਂ ਡੇਢ ਲੱਖ ਕਰੋੜ ਦੀਆਂ ਦਾਲਾਂ ਖਰੀਦਦੀ ਹੈ ਅਤੇ 1.75 ਲੱਖ ਕਰੋੜ ਦਾ ‘ਪਾਮ ਤੇਲ’ (palm oil) ਖਰੀਦਦੀ ਹੈ। ਏਨੇ ਪੈਸੇ ਵਿੱਚ ਸਰਕਾਰ ਪੂਰੇ ਭਾਰਤ ਵਿੱਚ ਕਿਸਾਨਾਂ ਕੋਲੋਂ ਐਮ.ਐਸ.ਪੀ ‘ਤੇ ਦਾਲਾਂ ਅਤੇ ਸਰੋਂ ਖਰੀਦ ਸਕਦੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ 19 ਫਰਵਰੀ ਦੀ ਮਟਿੰਗ ਤੋਂ ਬਾਅਦ ਇਹ ਗੱਲ ਆਖੀ ਕਿ ਭਾਰਤ ਮੋਜਿੰਬਿਕ ਅਤੇ ਕੋਲੰਬੀਆਂ ਤੋਂ 2 ਬਿਲੀਅਨ ਡਾਲਰ ਦੀਆਂ ਦਾਲਾਂ ਖਰੀਦਦਾ ਹੈ। 

ਜਦੋਂ ਮਸ਼ੀਨਾਂ ਨੇ ਸਰਕਾਰ ਨੂੰ ਧੁੜਕੂ ਲਾਇਆ:

20 ਫਰਵਰੀ ਨੂੰ ਕਰੀਬ 2:30 ਵਜੇ ਹਰਿਆਣੇ ਵਾਲੇ ਕਿਸਾਨ ਸ਼ੰਭੂ ਬਾਰਡਰ ਤੇ ਪੋਕਲੈਂਨ ਜੇਸੀਬੀ (ਇਸ ਮਸ਼ੀਨ ਦੀ ਬਣਤਰ ਅਤੇ ਕੰਮ ਜੇਸੀਬੀ ਵਰਗਾ ਹੀ ਹੁੰਦਾ ਹੈ ਬਸ ਇਸ ਵਿੱਚ ਟਾਇਰਾਂ ਦੀ ਥਾਂ ਟੈਂਕ ਵਾਙ ਚੈਨ ਲੱਗੀ ਹੁੰਦੀ ਹੈ, ਜਿਸ ਨਾਲ ਇਹ ਮੁਸ਼ਕਿਲ ਹਾਲਾਤਾਂ ਵਿੱਚ ਵੀ ਕੰਮ ਕਰਦੀ ਹੈ) ਅਤੇ ਇੱਕ ਸਧਾਰਨ ਜੇਬੀਸੀ ਲੈ ਕੇ ਪਹੁੰਚ ਗਏ।

ਜੇਸੀਬੀ ਦੇਖ ਕੇ ਕਿਸਾਨਾਂ ਦਾ ਉਤਸਾਹ ਸੱਤਵੇਂ ਅਸਮਾਨ ‘ਤੇ ਪਹੁੰਚ ਗਿਆ। ਕਿਸਾਨਾਂ ਨੇ ਜੈਕਾਰਾ ਗਜਾ ਕੇ ਦਿੱਲੀ ਨੂੰ ਆਪਣੇ ਇਰਾਦੇ ਜ਼ਾਹਿਰ ਕਰ ਦਿੱਤੇ। ਦੋਵੇਂ ਜੇਸੀਬੀ ਮਸ਼ੀਨਾਂ ਨੂੰ ਬਾਰਡਰ ਦੇ ਬਿਲਕੁਲ ਅੱਗੇ ਖੜਾ ਕਰ ਦਿੱਤਾ ਗਿਆ। ਜੇਸੀਬੀ ਦੇਖ ਕੇ ਹਰਿਆਣਾ ਪੁਲਿਸ ਵੀ ਉਸਦੀ ਦੂਰੋਂ ਵੀਡੀਓ ਬਨਾਉਣ ਲੱਗ ਪਈ।  ਜੇਸੀਬੀ ਦੇ ਟਾਇਰ ਮਜ਼ਬੂਤ ਲੋਹੇ ਦੀਆਂ ਪਰਤਾਂ ਨਾਲ ਢਕੇ ਹੋਏ ਸਨ ਤਾਂ ਜੋ ਹਰਿਆਣਾ ਪੁਲਿਸ ਟਾਇਰ ਵਿੱਚ ਗੋਲੀ ਮਾਰ ਕੇ ਟਾਇਰ ਪੈਂਚਰ ਨਾ ਕਰ ਸਕੇ। ਪੋਕਲੇਨ ਜੇਸੀਬੀ ਨੂੰ ਚਲਾਉਣ ਵਾਲਾ ਸਾਰਾ ਚੈਂਬਰ ਲੋਹੇ ਦੀਆਂ ਚਾਦਰਾਂ ਨਾਲ ਮੜ੍ਹਿਆ ਪਿਆ ਸੀ ਤਾਂ ਜੋ ਗੋਲਿਆਂ ਦਾ ਇਸ ਮਸ਼ੀਨ ‘ਤੇ ਕੋਈ ਅਸਰ ਨਾ ਹੋ ਸਕੇ। ਇਹਨਾਂ ਮਸ਼ੀਨਾਂ ਕਰਕੇ ਹੀ ਹਰਿਆਣਾ ਪੁਲਿਸ ਦੇ ਡੀ.ਜੀ.ਪੀ ਐਚ.ਐਸ. ਦੂਨ ਨੇ ਪੰਜਾਬ ਪੁਲਿਸ ਦੇ ਮੁਖੀ ਨੂੰ ਚਿੱਠੀ ਲਿਖ ਕੇ ਇਹਨਾਂ ਮਸ਼ੀਨਾਂ ਨੂੰ ਜ਼ਬਤ ਕਰਨ ਲਈ ਕਿਹਾ। ਹਰਿਆਣਾ ਪੁਲਿਸ ਮੁਖੀ ਨੇ ਪੰਜਾਬ ਪੁਲਿਸ ਦੇ ਡੀ.ਜੀ.ਪੀ ਨੂੰ ਲਿਖੀ ਚਿੱਠੀ ਵਿੱਚ ਇਹਨਾਂ ਜੇਸੀਬੀ ਮਸ਼ੀਨਾਂ ਨੂੰ ਹਰਿਆਣਾ ਪੁਲਿਸ ਦੇ ਦਸਤਿਆਂ ਲਈ ਖਤਰਾ ਦੱਸਿਆ ਅਤੇ ਪੰਜਾਬ ਦੇ ਆਪਣੇ ਹਮਰੁਤਬਾ ਨੂੰ ਇਹਨਾਂ ਮਸ਼ੀਨਾਂ ਦੇ ਮਾਲਕਾਂ ਖਿਲਾਫ ਕਾਰਵਾਈ ਕਰਨ ਲਈ ਵੀ ਕਿਹਾ। ਇਸ ਚਿੱਠੀ ਦੀ ਨਕਲ ਹੇਠਾਂ ਦਿੱਤੇ ਅਫਸਰਾਂ ਨੂੰ ਵੀ ਭੇਜੀ ਗਈ ਸੀ:

  1. ਗ੍ਰਹਿ ਸਕੱਤਰ, ਭਾਰਤ ਸਰਕਾਰ, ਨਵੀਂ ਦਿੱਲੀ। 
  2. ਮੁੱਖ ਸਕੱਤਰ, ਹਰਿਆਣਾ, ਗ੍ਰਹਿ ਵਿਭਾਗ, ਚੰਡੀਗੜ੍ਹ।
  3. ਗ੍ਰਹਿ ਸਕੱਤਰ, ਪੰਜਾਬ, ਚੰਡੀਗੜ੍ਹ।
  4. ਵਧੀਕ ਪੁਲਿਸ ਡਾਇਰੈਕਟਰ ਜਨਰਲ, ਸੀ.ਆਈ.ਡੀ, ਹਰਿਆਣਾ।
  5. ਵਧੀਕ ਡੀ.ਜੀ.ਪੀ, ਲਾਅ ਐਂਡ ਆਰਡਰ, ਪੰਜਾਬ।
  6. ਵਧੀਕ ਡੀ.ਜੀ.ਪੀ, ਇੰਟੈਲੀਜੈਂਸ, ਪੰਜਾਬ।
  7. ਵਧੀਕ ਡੀ.ਜੀ.ਪੀ, ਹਿਸਾਰ ਰੇਂਜ, ਹਿਸਾਰ।
  8. ਪੁਲਿਸ ਦੇ ਇੰਸਪੈਕਟਰ ਜਨਰਲ, ਅੰਬਾਲਾ ਰੇਂਜ, ਅੰਬਾਲਾ ਕੈਂਟ।
  9. ਪੁਲਿਸ ਸੁਪਰਡੈਂਟ, ਸੰਗਰੂਰ, ਪੰਜਾਬ।
  10. ਪੁਲਿਸ ਸੁਪਰਡੈਂਟ, ਪਟਿਆਲਾ, ਪੰਜਾਬ।
  11. ਐਸ.ਪੀ, ਅੰਬਾਲਾ, ਹਰਿਆਣਾ।
  12. ਐਸ.ਪੀ, ਜੀਂਦ, ਹਰਿਆਣਾ।
  13. ਡੀ.ਜੀ.ਪੀ. ਹਰਿਆਣਾ।
  14. ਪੀ.ਏ., ਵਧੀਕ ਡੀ.ਜੀ.ਪੀ, ਕਾਨੂੰਨ ਅਤੇ ਵਿਵਸਥਾ (ਹਰਿਆਣਾ)

ਹਰਿਆਣਾ ਪੁਲਿਸ ਦੀ ਚਿੱਠੀ ਮਿਲਣ ਤੋਂ ਬਾਅਦ ਡੀ.ਜੀ.ਪੀ. ਪੰਜਾਬ ਪੁਲਿਸ ਗੌਰਵ ਯਾਦਵ ਨੇ ਦੇਰ ਰਾਤ ਕਾਰਵਾਈ ਕਰਦਿਆਂ ਕਿਸਾਨੀ ਅੰਦੋਲਨ ਵਿੱਚ ਜੇਸੀਬੀ, ਅਤੇ ਹੋਰ ਭਾਰੀ ਸੰਦਾਂ ਨੂੰ ਪਹੁੰਚਣ ਦੇਣ ਉੱਤੇ ਲਗਾਈ ਰੋਕ ਮੁੜ ਨਵਿਆਈ ਅਤੇ ਇਹਨਾ ਰੋਕਾਂ ਦੀ ਪਾਲਣਾ ਲਈ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤੇ।

ਇਸ ਦਿਨ ਸਵੇਰੇ 11 ਵਜੇ ਤੋਂ ਸ਼ੁਰੂ ਹੋਈ ਸ਼ੰਭੂ ਬਾਰਡਰ ਦੀ ਆਰਜੀ ਸਟੇਜ ਸ਼ਾਮ ਦੇ 5 ਵਜੇ ਸਮਾਪਤ ਕਰਕੇ ਬਾਰਡਰ ’ਤੇ ਕਿਸਾਨ ਆਗੂ ਬਲਵੰਤ ਸਿੰਘ ਬਹਿਰਾਮ ਕੇ ਵੱਲੋਂ ਰਹਿਰਾਸ ਸਾਹਿਬ ਦਾ ਪਾਠ ਕੀਤਾ ਗਿਆ।  ਪਾਠ ਉਪਰੰਤ ਅਰਦਾਸ ਬੇਨਤੀ ਕੀਤੀ ਗਈ।

ਲੋਕ ਭਾਵਨਾ:

ਸ਼ੰਭੂ ਬਾਰਡਰ ਉੱਤੇ ਪਲਾਸਟਿਕ ਦੀ ਵਰਤੋਂ ਕਾਰਨ ਬਹੁਤ ਕੂੜਾ ਇਕੱਠਾ ਹੋ ਗਿਆ, ਜਿਸ ਨੂੰ ਸਾਂਭਣ ਲਈ ਪ੍ਰਸ਼ਾਸਨ ਨੇ ਕੋਈ ਹੀਆ ਨਾ ਕੀਤਾ ਪਰ ਲੋਕ ਭਾਵਨਾ ਤਹਿਤ ਇਹ ਮੋਰਚਾ ਆਪਣੇ ਆਪ ਆਪਣੇ ਸਾਰੇ ਕੰਮ ਕਰਨ ਲੱਗ ਪਿਆ। 

20 ਫਰਵਰੀ ਨੂੰ ਮੇਰੀ ਮੁਲਾਕਾਤ ਲੁਧਿਆਣਾ ਤੋਂ ਆਏ ਕੁਲਵੰਤ ਸਿੰਘ ਹੋਈ ਜੋ ਕਿ ਆਪਣੇ ਪਰਿਵਾਰ ਸਮੇਤ ਪਿਛਲੇ ਕਈ ਦਿਨਾਂ ਤੋਂ ਆ ਕੇ ਸ਼ੰਭੂ ਬਾਰਡਰ ‘ਤੇ ਸਫਾਈ ਦੀ ਸੇਵਾ ਕਰ ਰਹੇ ਸਨ। ਇਹ ਮੋਰਚਾ ਅਜਿਹੀ ਲੋਕ ਭਾਵਨਾ ਆਪਣੇ ਨਾਲ ਜੋੜ ਚੁੱਕਾ ਸੀ ਕਿ ਲੋਕ ਇਸ ਮੋਰਚੇ ਸਫਾਈ ਕਰਨੀ ਚੰਗੇ ਕਰਮਾਂ ਦਾ ਫਲ ਸਮਝ ਰਹੇ ਹਨ। 

ਕੁਲਵੰਤ ਸਿੰਘ ਆਪਣੇ ਪਰਿਵਾਰ ਸਮੇਤ ਆਪਣੀ ਸਮਰੱਥਾ ਅਨੁਸਾਰ ਕੂੜਾ ਸਾਫ ਕਰਨ ਦੀ ਸੇਵਾ ਕਰ ਰਹੇ ਸਨ ਜਿਸ ਵਿਚ ਓਹਨਾ ਦਾ ਸਾਥ ਉਹਨਾਂ ਦੀ ਪਤਨੀ, ਧੀ ਅਤੇ ਪੁੱਤਰ ਦੇ ਰਹੇ ਸਨ। 

ਵੱਡੇ ਦਿਨ ਤੋਂ ਪਹਿਲਾਂ ਰਾਤ ਦਾ ਮਹੌਲ:

ਕਿਸਾਨਾਂ ਲਈ ਆਉਣ ਵਾਲਾ ਦਿਨ ਬਹੁਤ ਵੱਡਾ ਦਿਨ ਹੋਣ ਵਾਲਾ ਸੀ। ਕਿਸਾਨਾਂ ਨੂੰ ਇਸ ਗੱਲ ਦਾ ਵੀ ਭਲੀ ਪ੍ਰਕਾਰ ਪਤਾ ਸੀ ਕਿ ਸਰਕਾਰ ਉਹਨਾਂ ਨੂੰ ਰੋਕਣ ਕੋਈ ਵੀ ਸਖਤ ਕਦਮ ਚੁੱਕ ਸਕਦੀ ਹੈ ਪਰ ਇਹ ਗੱਲਾਂ ਵੀ ਉਹਨਾ ਦੇ ਜਜ਼ਬੇ ਅੱਗੇ ਬੌਣੀਆਂ ਨਜ਼ਰ ਆ ਰਹੀਆਂ ਸਨ। 

ਰਾਤ ਨੂੰ ਟਰਾਲੀਆਂ ਵਿੱਚ ਸਤਿਨਾਮ ਵਾਹਿਗੁਰੂ ਦਾ ਜਾਪ ਹੋਣ ਲੱਗਾ। ਇਹ ਨਾਮ ਸਿਮਰਨ ਦੀ ਤਾਕਤ ਹੀ 60-70 ਸਾਲ ਦੀ ਉਮਰ ਵਿੱਚ ਵੀ ਬਜ਼ੁਰਗ ਕਿਸਾਨਾਂ ਨੂੰ ਸੜਕਾਂ ‘ਤੇ ਅਡੋਲ ਬਣਾਈ ਰੱਖ ਰਹੀ ਸੀ। ਪੰਜਾਬ ਭਰ ਵਿੱਚ ਸ਼ੰਭੂ ਅਤੇ ਖਨੌਰੀ ਪਹੁੰਚਣ ਦੀਆਂ ਤਿਆਰੀਆਂ ਹੋ ਰਹੀਆਂ ਸਨ।

21 ਫਰਵਰੀ ਦੀ ਸਵੇਰ ਆਮ ਵਰਗੀ ਨਹੀਂ ਸੀ। ਬਹੁਤੇ ਕਿਸਾਨ ਸਾਰੀ ਰਾਤ ਨਾ ਸੁੱਤੇ। ਬਾਕੀ ਕਿਸਾਨ ਵੀ ਅੰਮ੍ਰਿਤ ਵੇਲੇ ਹੀ ਜਾਗ ਪਏ। ਟਰਾਲੀਆਂ ਵਿੱਚ ਨਾਮ ਸਿਮਰਨ ਹੋ ਰਿਹਾ ਸੀ। ਕਿਸਾਨ 11 ਵੱਜਣ ਦੀ ਉਡੀਕ ਕਰ ਰਹੇ ਸਨ। ਬਾਰਡਰਾਂ ’ਤੇ ਇਕੱਠ ਵੱਧਦਾ ਜਾ ਰਿਹਾ ਸੀ। ਇਕੱਠ ਉਮੀਦ ਤੋਂ ਕਿਤੇ ਵੱਧ ਸੀ। ਲੋਕ ਆਪਣੇ ਕੰਮ-ਕਾਰਾਂ ਤੋਂ ਛੁੱਟੀ ਲੈ ਕੇ ਬਾਰਡਰਾਂ ਉੱਤੇ ਪਹੁੰਚ ਰਹੇ ਸਨ। ਕਈ ਲੋਕ ਸੜਕਾਂ ਦੇ ਕੰਢਿਆਂ ਉੱਤੇ ਕਿਸਾਨੀ ਦੀਆਂ ਝੰਡੀਆਂ ਵੇਚ ਰਹੇ ਸਨ।

ਪੰਜਾਬ ਪੁਲਿਸ ਦੀਆਂ ਤਿਆਰੀਆਂ 

ਪੰਜਾਬ ਪੁਲਿਸ ਨੂੰ ਰਾਤ ਨੂੰ ਹੀ ਫੁਰਮਾਨ ਜਾਰੀ ਹੋ ਗਏ ਸਨ। ਇਸ ਲਈ ਬਾਰਡਰਾਂ ਵੱਲ ਜਾਣ ਵਾਲੇ ਰਸਤਿਆਂ ’ਤੇ ਥਾਂ-ਥਾਂ ਨਾਕੇ ਲੱਗੇ ਹੋਏ ਸਨ। ਬਾਰਡਰਾਂ ਵੱਲ ਜਾਣ ਵਾਲੇ ਹਰ ਵਾਹਨ ਦੀ ਤਲਾਸ਼ੀ ਲਈ ਜਾ ਰਹੀ ਸੀ। ਵੱਡੀਆਂ ਮਸ਼ੀਨਾਂ, ਮਿੱਟੀ ਦੇ ਟਿੱਪਰਾਂ ਨੂੰ ਨਾਕਿਆ ਉੱਤੇ ਰੋਕ ਕੇ ਖੜਾ ਦਿੱਤਾ ਜਾਂਦਾ। ਪੰਜਾਬ ਪੁਲਿਸ ਨੂੰ ਇਹ ਸੀ ਕਿ ਕਿਸਾਨ ਇਹਨਾਂ ਲੋਕਾਂ ਦੇ ਵੱਡੇ ਸਾਧਨਾ ਨੂੰ ਫੜ੍ਹ ਕੇ ਬਾਰਡਰ ਤੋੜਨ ਲਈ ਨਾ ਵਰਤ ਲੈਣ। ਪਰ ਕਿਸਾਨਾਂ ਅਜਿਹੀ ਭਾਵਨਾ ਵਾਲੇ ਨਹੀਂ ਸਨ। ਸ਼ੰਭੂ ਬਾਰਡਰ ਉੱਤੇ ਕਿਸਾਨਾਂ ਦੇ ਲੱਗੇ ਧਰਨੇ ਦੇ ਜਮਾ ਨਾਲ ਸੱਜੇ ਹੱਥ ਨਾਲ ਹੀ ਉਸਾਰੀ ਦਾ ਕੰਮ ਚੱਲ ਰਿਹਾ ਸੀ। ਜਿੱਥੇ ਇਕ ਪੌਕਲੇਨ (ਜੇਸੀਬੀ) ਲੱਗੀ ਸੀ। 13 ਫਰਵਰੀ ਦੇ ਬਾਰਡਰਾਂ ਉੱਤੇ ਡਟੇ ਕਿਸਾਨ ਉਸ ਵੱਲ ਝਾਕੇ ਤੱਕ ਨਹੀਂ ਸਨ; ਖੋਹ ਕੇ ਵਰਤਣਾ ਦਾ ਦੂਰ ਦੀ ਗੱਲ ਸੀ। ਕਿਸਾਨਾਂ ਦੇ ਵੱਡੇ ਸਾਧਨ ਲੈ ਕੇ ਮੋਰਚੇ ਵਿੱਚ ਪਹੁੰਚਣ ‘ਤੇ ਰੋਕ ਲੱਗ ਗਈ ਸੀ।  ਸ਼ੰਭੂ ਬਾਰਡਰ ਉੱਤੇ ਮੋਰਚੇ ਦੀ ਅਖੀਰ ਵਿੱਚ ਸਰਕਾਰ ਵਲੋਂ ਦਾਖਲੇ ਦੇ ਅਤੇ ਬਾਹਰ ਜਾਣ ਵਾਲੇ ਰਸਤੇ ਵੱਡੇ ਵਾਹਨਾਂ ਲਈ ਬੰਦ ਕੀਤੇ ਜਾ ਚੁੱਕੇ ਸਨ। ਕਿਸਾਨੀ ਮੋਰਚੇ ਵਿੱਚ ਜਾਣ ਵਾਲੇ ਲੋਕਾਂ ਦੀ ਪੁੱਛ ਪੜਤਾਲ ਅਤੇ ਗੱਡੀਆਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ। 

ਕਿਸਾਨ ਆਗੂਆਂ ਦੇ ਵੱਲੋਂ 21 ਫਰਵਰੀ ਦੀ ਸਵੇਰ ਨੂੰ ਹੀ ਸ਼ਾਂਤੀ ਨਾਲ ਅੱਗੇ ਵੱਧਣ ਦਾ ਐਲਾਨ ਕਰ ਦਿੱਤਾ ਗਿਆ ਅਤੇ ਕਿਸਾਨਾਂ ਨੂੰ ਜੇਸੀਬੀ ਅਤੇ ਹੋਰ ਭਾਰੀ ਉਪਕਰਨ ਵਰਤਣ ਤੋਂ ਰੋਕ ਦਿੱਤਾ ਗਿਆ। 

ਭਾਵੇਂ ਬਹੁਤ ਸਾਰੇ ਕਿਸਾਨ ਇਹਨਾਂ ਸਾਧਨਾਂ ਨੂੰ ਵਰਤਣਾ ਚਾਹੁੰਦੇ ਸਨ ਪਰ ਉਹ ਕਿਸਾਨ ਆਗੂਆਂ ਦੇ ਕਹੇ ਤੋਂ ਬਾਹਰ ਨਹੀਂ ਹੋਏ। 

ਨਾਕਿਆਂ ਦੀ ਕਿਲਾ ਬੰਦੀ:

ਦੂਜੇ ਪਾਸੇ ਹਰਿਆਣਾ ਪੁਲਿਸ ਨੇ ਵੀ ਕਿਸਾਨਾਂ ਦੀ ਤਿਆਰੀ ਦੇਖ ਕੇ ਆਪਣੀ ਤਿਆਰੀ ਕਰ ਲਈ ਸੀ। ਕਿਸਾਨਾਂ ਦੀਆਂ ਜੇਸੀਬੀਆਂ ਦਾ ਮੁਕਾਬਲਾ ਕਰਨ ਲਈ ਹਰਿਆਣਾ ਪੁਲਿਸ ਨੇ ਚਾਰ ਜੇਸੀਬੀਆਂ  ਲਿਆ ਕੇ ਖੜੀਆਂ ਕਰ ਦਿੱਤੀਆਂ ਸਨ। ਅਰਧ ਸੈਨਿਕ ਬਲਾਂ ਦੀ ਤੈਨਾਤੀ ਵਧਾ ਦਿੱਤੀ ਗਈ ਸੀ। ਪੁਲਿਸ ਦਾ ਮੋਰਚਾ ਪਹਿਲਾਂ ਨਾਲੋਂ ਬਹੁਤ ਤਾਕਤਵਰ ਨਜ਼ਰ ਆ ਰਿਹਾ ਸੀ। 

ਜਿਹੋ ਜਿਹੀ ਤਿਆਰੀ ਹਰਿਆਣਾ ਪੁਲਿਸ ਦੀ 21 ਫਰਵਰੀ ਨੂੰ ਸੀ ਅਜਿਹੀ ਤਿਆਰੀ ਪਿਛਲੇ ਦਿਨਾਂ ਦੇ ਵਿੱਚ ਪਹਿਲਾਂ ਕਦੇ ਵੀ ਨਜ਼ਰ ਨਹੀਂ ਆਈ ਸੀ। 

ਜਦੋਂ ਕਿਸਾਨਾਂ ਲਈ ਮਾਸਕ ਸ਼ੰਭੂ ਪਹੁੰਚੇ:

ਕਿਸਾਨ ਵੀ ਆਪਣੀ ਤਿਆਰੀ ਕਰਕੇ ਆਏ ਸਨ। ਸਵੇਰੇ 9:30 ਕੁ ਵਜੇ ਦੇ ਕਰੀਬ ਕਿਸਾਨਾਂ ਦਾ ਕੋਈ ਹਤੈਸ਼ੀ ਸ਼ੰਬੂ ਬਾਰਡਰ ਉੱਤੇ ਅੱਥਰੂ ਗੈਸ ਦੇ ਗੋਲਿਆਂ ਦੇ ਧੂਏ ਤੋਂ ਬਚਣ ਦੇ ਲਈ ਚਿਹਰੇ ਨੂੰ ਢੱਕਣ ਵਾਲੇ ਮਾਸਕ ਵੰਡ ਗਿਆ ਸੀ। ਹੁਣ ਕਈ ਕਿਸਾਨਾਂ ਦੇ ਚਿਹਰਿਆਂ ਉੱਤੇ ਉਹੀ ਮਾਸਕ ਨਜ਼ਰ ਆ ਰਹੇ ਸਨ। ਬਹੁਤ ਸਾਰੇ ਕਿਸਾਨ ਪਹਿਲਾਂ ਦੀ ਤਰ੍ਹਾਂ ਤੈਰਾਕੀ ਵੇਲੇ ਵਰਤੀਆਂ ਜਾਣ ਵਾਲੇ ਐਨਕਾਂ ਲਗਾਈ ਫਿਰ ਰਹੇ ਸਨ। ਅੱਥਰੂ ਗੈਸ ਦੇ ਧੂਏ ਨੂੰ ਵਾਪਸ ਭੇਜਣ ਦੇ ਲਈ ਕਿਸਾਨ ਟਰੈਕਟਰਾਂ ਪਿੱਛੇ ਵੱਡੇ ਪੱਖੇ ਪਾ ਕੇ ਲਿਆਏ ਸਨ। 

ਕਿਸਾਨਾਂ ਦੀ ਤਿਆਰੀ:

ਬੈਰੀਕੇਟ ਰੋਕਾਂ ਨੂੰ ਦੂਰੋਂ ਚੱਕ ਕੇ ਲਿਆਉਣ ਦੇ ਲਈ ਇੱਕ ਟਰੈਕਟਰ ਦੇ ਮਗਰ ਲੰਮੀ ਦੂਰੀ ਤੋਂ ਖਿੱਚ ਵਾਲਾ ਬਣਾਇਆ ਜਗਾੜੂ ਸੰਦ ਪਾਇਆ ਹੋਇਆ ਸੀ। ਅੱਥਰੂ ਗੈਸ ਦੇ ਧੂਏ ਨਾਲ ਚਿਹਰੇ ਉੱਤੇ ਹੋਣ ਵਾਲੀ ਜਲਣ ਤੋਂ ਬਚਣ ਦੇ ਲਈ  ਕਿਸਾਨ ਮੂੰਹੋਂ ਤੇ ਟੂਥ ਪੇਸਟ ਲਗਾ ਕੇ ਆਏ ਸਨ। ਸਰਕਾਰ ਦਾ ਡਰੋਨ ਥੱਲੇ ਉਤਾਰਨ ਦੇ ਲਈ ਫਿਰ ਤੋਂ ਪਤੰਗ ਕਿਸਾਨਾਂ ਨੇ ਉਡਾਉਣੇ ਸ਼ੁਰੂ ਕਰ ਦਿੱਤੇ। ਡਰੋਨ ਹਮਲਿਆਂ ਨੂੰ ਰੋਕਣ ਦੇ ਲਈ ਕਿਸਾਨ ਦਿਵਾਲੀ ਵਾਲੀਆਂ ਆਤਿਸ਼ਬਾਜ਼ੀਆਂ ਵੀ ਲੈ ਕੇ ਆਏ ਹੋਏ ਸਨ। 13 ਤੇ 14 ਫਰਵਰੀ ਦੀ ਤਰ੍ਹਾਂ ਬਹੁਤੇ ਕਿਸਾਨ ਬੋਰੀਆਂ ਦਾ ਪ੍ਰਬੰਧ ਕਰਕੇ ਲਿਆਏ ਸਨ। ਅਤੇ ਬਹੁਤੇ ਕਿਸਾਨਾਂ ਨੇ ਆਪਣੇ ਚਿਹਰਿਆਂ ਤੇ ਗਿੱਲੇ ਕੱਪੜੇ ਬੰਨ ਰੱਖੇ ਸਨ। ਕਿਸਾਨਾਂ ਦਾ ਇਕੱਠ ਠਾਠਾ ਮਾਰ ਰਿਹਾ ਸੀ। ਕਿਸਾਨਾਂ ਦਾ ਇਕੱਠ ਏਨਾ ਸੀ ਕਿ ਮੋਰਚੇ ਵਿਚਲੇ ਪ੍ਰਬੰਧ ਘੱਟ ਪੈ ਗਏ ਸਨ।

ਡਰੋਨ ਦਾ ਗੇੜਾ ਤੇ ਗੋਲਾਬਾਰੀ ਸ਼ੁਰੂ:

ਕਿਸਾਨਾਂ ਦੀਆਂ ਤਿਆਰੀਆਂ ਦੇਖਣ ਦੇ ਲਈ ਪ੍ਰਸ਼ਾਸਨ ਦੇ ਵੱਲੋਂ ਪਹਿਲਾਂ ਡਰੋਨ ਦੇ ਨਾਲ ਕਿਸਾਨਾਂ ਦੇ ਇਕੱਠ ਦਾ ਜਾਇਜ਼ਾ ਲਿਆ ਗਿਆ। ਸਵੇਰੇ 10:55 ਵਜੇ ਪਹਿਲਾ ਗੋਲਾ ਕਿਸਾਨਾਂ ਵੱਲ ਨੂੰ ਦਾਗਿਆ ਗਿਆ। ਅੱਧਾ ਘੰਟਾ ਲਗਾਤਾਰ ਗੋਲਾਬਾਰੀ ਹੁੰਦੀ ਰਹੀ। ਇਸ ਵਾਰ ਦਾਗੇ ਜਾਣ ਵਾਲੇ ਗੋਲਿਆਂ ਦੀ ਗਿਣਤੀ ਬਹੁਤ ਵੱਧ ਸੀ। ਕਿਸਾਨਾਂ ਉੱਤੇ ਇੱਕੋ ਸਮੇਂ ਦੇ ਵਿੱਚ ਅਨੇਕਾਂ ਗੋਲੇ ਦਾਗੇ ਜਾ ਰਹੇ ਸਨ। ਪੁਲਿਸ ਦੀ ਗੋਲੇ ਦਾਗਣ ਦੀ ਸਮਰੱਥਾ ਅਤੇ ਸਖਤਾਈ 13 ਅਤੇ 14 ਫਰਵਰੀ ਨਾਲੋਂ ਕਿਤੇ ਵੱਧ ਸੀ। ਕਿਸਾਨਾਂ ਦੇ ਅੱਗੇ ਵਧਣ ਤੋਂ ਪਹਿਲਾਂ ਹੀ ਕਿਸਾਨਾਂ ਦੇ ਇਕੱਠ ਨੂੰ ਦੇਖ ਕੇ ਹਰਿਆਣਾ ਪੁਲਿਸ ਦੇ ਵੱਲੋਂ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ ਗਏ ਸਨ। ਗੋਲਿਆਂ ਦੇ ਨਾਲ ਨਾਲ ਰਬੜ ਦੀਆਂ ਗੋਲੀਆਂ ਦੇ ਫਾਇਰ ਵੀ ਕਿਸਾਨਾਂ ਵੱਲ ਕੀਤੇ ਜਾ ਰਹੇ ਸਨ। ਕਿਸਾਨਾਂ ਦੀ ਸਟੇਜ ਤੋਂ ਚੌਪਈ ਸਾਹਿਬ ਦਾ ਪਾਠ ਹੋ ਰਿਹਾ ਸੀ ਅਤੇ ਦੂਸਰੇ ਪਾਸੇ ਲਗਾਤਾਰ ਕਿਸਾਨਾਂ ’ਤੇ ਗੋਲੇ ਦਾਗੇ ਜਾ ਰਹੇ ਸਨ। ਵੱਡੀ ਗੱਲ ਇਹ ਰਹੀ ਕਿ ਸ਼ੰਭੂ ਮੋਰਚੇ ਵਿਖੇ ਇਸ ਦਿਨ ਕਿਸਾਨਾਂ ਦਾ ਇੱਕ ਵੀ ਟਰੈਕਟਰ ਬੈਰੀਕੇਟ ਤੋੜਨ ਦੇ ਲਈ ਅੱਗੇ ਨਹੀਂ ਗਿਆ ਪਰ ਫਿਰ ਵੀ ਹਰਿਆਣਾ ਪੁਲਿਸ ਦੇ ਵੱਲੋਂ ਲਗਾਤਾਰ ਗੋਲੇ ਦਾਗੇ ਜਾ ਰਹੇ ਸਨ। ਕਿਸਾਨ ਆਗੂ ਇਸ ਵਾਰ ਮੂਹਰੇ ਖੜ ਕੇ ਕਿਸਾਨਾਂ ਦੀ ਅਗਵਾਈ ਕਰ ਰਹੇ ਸਨ। ਦੁਪਹਿਰ 1:15  ਵਜੇ ਮੁੜ ਗੋਲਾ ਬਾਰੀ ਸ਼ੁਰੂ ਹੋਈ ਜੋਕਿ 3 ਤੱਕ ਇਸੇ ਤਰ੍ਹਾਂ ਲਗਾਤਾਰ ਹੁੰਦੀ ਰਹੀ। ਦਾਗੇ ਜਾ ਰਹੇ ਜ਼ਿਆਦਾਤਰ ਗੋਲੇ ਧਮਾਕਾ ਕਰਨ ਵਾਲੇ ਸਨ ਜੋ ਕਿ ਅੱਥਰੂ ਗੈਸ ਦੇ ਸਾਦਾ ਗੋਲਿਆਂ ਨਾਲੋਂ ਜਿਆਦਾ ਖਤਰਨਾਕ ਸਨ। ਉਸ ਦਿਨ ਡਰੋਨ ਦੇ ਨਾਲ ਕੀਤੇ ਜਾ ਰਹੇ ਹਮਲਿਆਂ ਦੀ ਮਾਰ ਵਧੀ ਹੋਈ ਸੀ। ਇੱਕ ਖਾਸ ਗੱਲ ਦਾ ਜ਼ਿਕਰ ਕਰਨਾ ਇੱਥੇ ਬਣਦਾ ਹੈ ਕਿ ਜਿਨਾਂ ਦਿਨਾਂ ਦੇ ਵਿੱਚ ਕਿਸਾਨ ਅੱਗੇ ਵਧਣ ਦਾ ਐਲਾਨ ਕਰਦੇ ਸਨ, ਉਹਨਾਂ ਦਿਨਾਂ ਦੇ ਵਿੱਚ ਅਸਮਾਨ ਦੇ ਲੜਾਕੂ ਜਹਾਜ਼ ਕਿਸਾਨੀ ਅੰਦੋਲਨ ਦੇ ਉੱਪਰ ਗੇੜੇ ਮਾਰਦੇ ਰਹਿੰਦੇ ਸਨ। ਜਿਨਾਂ ਦਿਨਾਂ ਦੇ ਵਿੱਚ ਮੀਟਿੰਗਾਂ ਦੇ ਚਲਦਿਆ ਦਿੱਲੀ ਕੂਚ ਨੂੰ ਕੁਝ ਦਿਨਾਂ ਲਈ ਮੁਲਤ ਵੀ ਕਰ ਦਿੱਤਾ ਜਾਂਦਾ ਸੀ। ਉਹਨਾਂ ਦਿਨਾਂ ਦੇ ਵਿੱਚ ਅਜਿਹਾ ਕੁਝ ਨਾ ਵਾਪਰਦਾ। 21 ਫਰਵਰੀ ਨੂੰ ਡਰੋਨ ਹਮਲਿਆਂ ਦੀ ਮਾਰ ਕਿਸਾਨਾਂ ਦੀ ਆਰਜੀ ਸਟੇਜ ਤੱਕ ਪਹੁੰਚੀ ਹੋਈ ਸੀ। ਕਿਸਾਨ ਡਰੋਨ ਨੂੰ ਰੋਕਣ ਦੇ ਲਈ ਪਤੰਗ ਉਡਾ ਰਹੇ ਸਨ। 

ਆਗੂਆਂ ਨੇ ਕੀ ਕੁਝ ਕਿਹਾ ਅਤੇ ਕੀਤਾ?

ਸਟੇਜ ਤੋਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਇਹ ਐਲਾਨ ਕੀਤਾ ਕਿ ਇਸ ਵਾਰ ਕਿਸਾਨ ਆਗੂ ਅੱਗੇ ਹੋ ਕੇ ਅਗਵਾਈ ਕਰਨਗੇ। ਉਹਨਾਂ ਕਿਹਾ ਕਿ ਉਹ ਅਤੇ ਕਿਸਾਨ ਆਗੂ ਸੁਰਜੀਤ ਸਿੰਘ ਫੂਲ ਅਤੇ ਹੋਰ ਨੌਜਵਾਨ ਕਿਸਾਨ ਆਗੂ ਅੱਗੇ ਵਧਣਗੇ ਅਤੇ ਜਗਦੀਤ ਸਿੰਘ ਡੱਲੇਵਾਲ ਨੂੰ ਸਿਹਤ ਖ਼ਰਾਬ ਹੋਣ ਕਰਕੇ  ਪਿੱਛੇ ਖੜਨ ਲਈ  ਕਿਹਾ ਗਿਆ। 

ਪਰ ਏਨੇ ਨੂੰ ਖਨੌਰੀ ਬਾਰਡਰ ਤੋਂ ਪੁਲਿਸ ਦੀ ਗੋਲੀ ਨਾਲ ਇਕ ਨੌਜਵਾਨ ਕਿਸਾਨ ਦੀ ਮੌਤ ਹੋਣ ਦੀ ਖਬਰ ਆ ਗਈ। ਜਿਸ ਪਿੱਛੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਰੋਹ ਵਿੱਚ ਆ ਕੇ ਆਖਿਆ ਕਿ ਅਸੀਂ ਮਾਵਾਂ ਦੇ ਪੁੱਤਾਂ ਨੂੰ ਗੋਲੀਆਂ ਖਾਣ ਲਈ ਅੱਗੇ ਨਹੀਂ ਕਰਨਾ। ਅਸੀਂ ਆਪ ਅੱਗੇ ਹੋਵਾਙੇ ਜੇ ਪੁਲਿਸ ਨੇ ਗੋਲੀ ਚਲਾਈ ਤਾਂ ਅਸੀਂ ਮਰਨ ਲਈ ਤਿਆਰ ਹਾਂ ਪਰ ਸਾਡੀ ਮੌਤ ਤੋਂ ਬਾਅਦ ਇਹ ਮੋਰਚੇ ਇਸੇ ਤਰ੍ਹਾਂ ਸਾਂਤੀ ਨਾਲ ਲੜੇ ਜਾਣ। 

ਹਰਿਆਣਾ ਪੁਲਿਸ ਨਾਲ ਗੱਲਬਾਤ:

ਇਸ ਪਿੱਛੋਂ ਕਿਸਾਨ ਆਗੂਆਂ ਨੇ ਸਟੇਜ ਤੋਂ ਐਲਾਨ ਕਰਕੇ ਹਰਿਆਣਾ ਪੁਲਿਸ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਲਈ ਅੱਗੇ ਜਾਣ ਲਈ ਕਿਹਾ। ਕਿਸਾਨ ਆਗੂ ਸਰਵਣ ਸਿੰਘ ਪੰਧੇਰ, ਜਗਜੀਤ ਸਿੰਘ ਡੱਲੇਵਾਲ, ਸੁਰਜੀਤ ਸਿੰਘ ਫੂਲ ਹਰਿਆਣਾ ਪੁਲਿਸ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਲਈ ਗਏ।  ਜਿਸ ਗੱਲਬਾਤ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਸਾਂਤੀ ਪੂਰਵਕ ਅੱਗੇ ਵੱਧਣਾ ਚਾਹੁੰਦੇ ਹਾਂ। ਹਰਿਆਣਾ ਪੁਲਿਸ ਦੇ ਅਧਿਕਾਰੀਆਂ ਨੇ ਕਿਸਾਨ ਆਗੂਆਂ ਨੂੰ ਪੈਦਲ ਜਥੇ ਬਣਾ ਕੇ ਜਾਣ ਲਈ ਕਿਹਾ ਅਤੇ ਟਰੈਕਟਰਾਂ ਰਾਹੀਂ ਅੱਗੇ ਜਾਣ ਦੇਣ ਤੋਂ ਮਨ੍ਹਾ ਕਰ ਦਿੱਤਾ।  ਇਹ ਗੱਲਬਾਤ ਅਸਫਲ ਰਹਿਣ ਤੋਂ ਬਾਅਦ ਕਿਸਾਨ ਆਗੂ ਵਾਪਿਸ ਆ ਗਏ। ਪਰ ਵਾਪਿਸ ਆਉਂਦਿਆਂ ਹਰਿਆਣਾ ਉੱਤੇ ਪੁਲਿਸ ਵੱਲੋਂ ਪੈਰਾ ਵਿਚ ਗੋਲੇ ਦਾਗੇ ਗਏ ਜਿਸ ਕਰਕੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਹੋਰ ਵਿਗੜ ਗਈ। ਸ. ਡੱਲੇਵਾਲ ਪਹਿਲਾਂ ਹੀ ਬਿਮਾਰ ਸਨ। ਉਹਨਾਂ ਨੂੰ ਰਜਿੰਦਰਾ ਹਸਪਤਾਲ ਪਟਿਆਲੇ ਦਾਖਲ ਕਰਵਾਇਆ ਗਿਆ। ਕੁਝ ਕੂ ਨੌਜਵਾਨ ਅੱਗੇ ਵਧਣ ਲਈ ਜੇਸੀਬੀ ਦੀ ਵਰਤੋਂ ਕਰਨੀ ਚਾਹੁੰਦੇ ਸਨ। ਪਰ ਜ਼ਿਆਦਾਤਰ ਨੌਜਵਾਨ ਇਸ ਵਾਰ ਜਥੇਬੰਦੀਆਂ ਦੇ ਕਹਿਣੇ ਅਨੁਸਾਰ ਹੀ ਚੱਲ ਰਹੇ ਸਨ।

ਇਸ ਪਿੱਛੋਂ ਸ਼ੰਭੂ ਬਾਰਡਰ ’ਤੇ ਲਗਾਤਾਰ ਸ਼ਾਮ ਤੱਕ ਗੋਲੇ ਚਲਦੇ ਰਹੇ। ਸ਼ੰਭੂ ਬਾਰਡਰ ਤੇ ਇਸ ਦਿਨ 30-35 ਕਿਸਾਨ ਗੰਭੀਰ ਜਖ਼ਮੀ ਹੋਏ। ਜਿਹਨਾਂ ਵਿੱਚੋਂ ਕਈ ਕਿਸਾਨਾਂ ਨੂੰ ਰਾਜਪੁਰੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਭੇਜਿਆ ਕੀਤਾ ਗਿਆ। ਛੋਟੀਆਂ ਸੱਟਾਂ ਲੱਗਣ ਵਾਲਿਆਂ ਦੀ ਗਿਣਤੀ 100 ਦੇ ਕਰੀਬ ਸੀ। ਕਈ ਕਿਸਾਨਾਂ ਨੂੰ ਆਪਣੇ ਲੱਗੀਆਂ ਸੱਟਾਂ ਦਾ ਅਹਿਸਾਸ ਹੀ ਨਹੀਂ ਸੀ। ਉਹਨਾਂ ਨੂੰ ਅਗਲੇ ਦਿਨਾਂ ਵਿੱਚ ਸਰੀਰਕ ਦਰਦ ਤੋਂ ਇਹਨਾਂ ਦਾ ਅਹਿਸਾਸ ਹੋਇਆ। ਸਾਨੂੰ ਇਹ ਜਾਣਕਾਰੀ ਸ਼ੰਭੂ ਬਾਰਡਰ ਤੇ ਲੱਗੇ ਮੋਰਚੇ ਵਿੱਚ ਚੱਲ ਰਹੇ ਮੈਡੀਕਲ ਤੋ ਕੈਂਪਾਂ ਤੋਂ ਮਿਲੀ। ਸ਼ੰਭੂ ਬਾਰਡਰ ਤੇ ਲੱਗੇ ਮੈਡੀਕਲ ਕੈਂਪਾਂ ‘ਤੇ ਵੀ ਡਰੋਨ ਰਾਹੀਂ ਗੋਲੇ ਦਾਗੇ ਗਏ। ਇਸੇ ਤਰ੍ਹਾਂ ਖਨੌਰੀ ਖਾਲਸਾ ਏਡ ਦੇ ਮੈਡੀਕਲ ਕੈਂਪ ਦੀ ਭੰਨਤੋੜ ਵੀ ਕੀਤੀ ਗਈ । 

ਖਨੌਰੀ ਬਾਰਡਰ ’ਤੇ ਨੌਜਵਾਨ ਦੀ ਸ਼ਹੀਦੀ:

ਪੁਲਿਸ ਦੀ ਗੋਲੀ ਨਾਲ ਖਨੌਰੀ ਵਿਖੇ 22 ਸਾਲਾਂ ਦਾ ਨੌਜਵਾਨ ਸ਼ੁਭਕਰਨ ਸਿੰਘ ਸ਼ਹੀਦ ਹੋ ਗਿਆ ਅਤੇ ਦੋ ਹੋਰ ਦੇ ਜਖਮੀ ਹੋਣ ਦੀ ਖਬਰ ਆਈ।

ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਖਨੌਰੀ ਵਿਖੇ ਪੁਲਿਸ ਵੱਲੋਂ ਚਲਾਈ ਗੋਲੀ ਇਕ ਨੌਜਵਾਨ ਦੀ ਮੌਤ ਹੋ ਜਾਣ ਦੀ ਪੁਸ਼ਟੀ ਕੀਤੀ। ਇਸ ਨੌਜਵਾਨ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਲਿਆਂਦਾ ਗਿਆ ਸੀ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨਿਆ ਗਿਆ।

ਬਲਦੇਵ ਸਿੰਘ ਸਿਰਸਾ ਨੇ ਦੱਸਿਆ ਕਿ ਇਸ ਨੌਜਵਾਨ ਦੇ ਗਿੱਚੀ ਤੋਂ ਕੁਝ ਉੱਪਰ ਸਿਰ ਵਿੱਚ ਗੋਲੀ ਲੱਗੀ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ।

ਸ਼ੁਭਕਰਨ ਸਿੰਘ ਬਠਿੰਡੇ ਜ਼ਿਲ੍ਹੇ ਦੇ ਪਿੰਡ ਬੱਲੋ ਦਾ ਰਹਿਣ ਵਾਲਾ ਸੀ ਜੋ ਕਿ ਦੋ ਭੈਣਾ ਇਕੱਲਾ ਭਰਾ ਸੀ। ਸ਼ੁਭਕਰਨ ਸਿੰਘ ਆਪਣੇ ਪਿੱਛੇ ਆਪਣੀਆਂ ਦੋ ਭੈਣਾਂ, ਪਿਤਾ ਅਤੇ ਦਾਦੀ ਨੂੰ ਛੱਡ ਗਿਆ ਸੀ। ਸ਼ੁਭਕਰਨ ਲਗਭਗ 3 ਏਕੜ ਜ਼ਮੀਨ ਦਾ ਮਾਲਕ ਸੀ। ਉਸ ਦੀ ਮਾਂ ਲੰਬੇ ਸਮੇਂ ਤੋਂ ਉਹਨਾਂ ਦੇ ਪਰਿਵਾਰ ਤੋਂ ਵੱਖ ਰਹਿੰਦੀ ਸੀ। 

ਘਟਨਾ ਦੇ ਚਸ਼ਮਦੀਦਾਂ ਨੇ ਦੱਸਿਆ ਕਿ ਇਹ ਨੌਜਵਾਨ ਪੁਲਿਸ ਅਤੇ ਫੌਜੀ ਦਸਤਿਆਂ ਵੱਲੋਂ ਬਣਾਏ ਗਏ ਨਾਕੇ ਤੋਂ ਕਰੀਬ 100 ਮੀਟਰ ਦੀ ਦੂਰੀ ਉੱਤੇ ਸੱਜੇ ਪਾਸੇ ਖੇਤਾਂ ਵਿੱਚ ਖੜ੍ਹਾ ਸੀ ਜਿੱਥੇ ਕਿ ਕਿਸਾਨ ਯੂਨੀਅਨਾਂ ਵੱਲੋਂ ਆਪਣੇ ਤੌਰ ਉੱਤੇ ਰੱਸਾ ਲਗਾਇਆ ਹੋਇਆ ਸੀ ਤਾਂ ਕਿ ਕੋਈ ਇਸ ਤੋਂ ਅੱਗੇ ਨਾ ਜਾਵੇ।

ਚਸ਼ਮਦੀਦਾਂ ਅਨੁਸਾਰ ਪੁਲਿਸ ਨਾਕੇ ਵੱਲੋਂ ਸਾਦੀ ਵਰਦੀ ਵਿੱਚ ਕੁਝ ਲੋਕਾਂ ਵੱਲੋਂ ਨੌਜਵਾਨਾਂ ਨੂੰ ਭੜਕਾਉਣ ਲਈ ਗੰਦੇ ਇਸ਼ਾਰੇ ਕੀਤੇ ਜਾ ਰਹੇ ਸਨ ਅਤੇ ਨਾਅਰੇ ਲਗਾਏ ਜਾ ਰਹੇ ਸਨ। ਜਦੋਂ ਨੌਜਵਾਨ ਇਹਨਾਂ ਹਰਕਤਾਂ ਦੇ ਪ੍ਰਤੀਕਰਮ ਵਿੱਚ ਅੱਗੇ ਵਧਣ ਦਾ ਯਤਨ ਕਰਦੇ ਸਨ ਤਾਂ ਉਹ ਸਾਦਾਵਰਦੀ ਲੋਕ ਪਿੱਛੇ ਹੋ ਜਾਂਦੇ ਸਨ ਅਤੇ ਪੁਲਿਸ ਵੱਲੋਂ ਨੌਜਵਾਨਾਂ ਉੱਤੇ ਗੋਲਾਬਾਰੀ ਕੀਤੀ ਜਾਂਦੀ ਸੀ। 

ਪ੍ਰਤੱਖਦਰਸ਼ੀਆਂ ਅਨੁਸਾਰ ਇਸ ਮੌਕੇ ਤਿੰਨ ਨੌਜਵਾਨਾਂ ਦੇ ਗੋਲੀਆਂ ਲੱਗੀਆਂ ਜਿਨਾਂ ਵਿੱਚੋਂ ਦੋ ਨੌਜਵਾਨਾਂ ਦੇ ਪੱਟ ਅਤੇ ਗੋਡੇ ਉੱਪਰ ਗੋਲੀ ਲੱਗੀ ਜਦ ਕਿ ਤੀਸਰੇ ਨੌਜਵਾਨ ਦੀ ਪੁਲਿਸ ਨਾਕੇ ਵੱਲ ਪਿੱਠ ਹੋਣ ਕਰਕੇ ਗਿੱਚੀ ਵਿੱਚ ਗੋਲੀ ਲੱਗੀ, ਜੋ ਕਿ ਸ਼ਹੀਦ ਹੋ ਗਿਆ।

ਪ੍ਰਤੱਖਦਰਸ਼ੀਆਂ ਅਨੁਸਾਰ ਜਿਸ ਵੇਲੇ ਪੁਲਿਸ ਵੱਲੋਂ ਗੋਲੀ ਚਲਾਈ ਗਈ ਉਸ ਵੇਲੇ ਕੋਈ ਵੀ ਟਰੈਕਟਰ ਜਾਂ ਨੌਜਵਾਨ ਪੁਲਿਸ ਨਾਕੇ ਦੇ ਨੇੜੇ ਨਹੀਂ ਸੀ ਸਿਰਫ ਇੱਕ ਪਾਣੀ ਵਾਲਾ ਕੈਂਟਰ ਪੁਲਿਸ ਨਾਕੇ ਤੋਂ ਕਰੀਬ 70 ਕੁ ਮੀਟਰ ਦੂਰ ਖੜਾ ਸੀ। ਜਿਸ ਮੌਕੇ ਸ਼ੁਭਕਰਨ ਸਿੰਘ ਦੇ ਗੋਲੀ ਵੱਜੀ ਉਸ ਵੇਲੇ ਉਸ ਦੇ ਹੱਥ ਵਿੱਚ ਅੱਥਰੂ ਗੈਸ ਦੇ ਗੋਲਿਆਂ ਤੋਂ ਬਚਣ ਲਈ ਗਿੱਲੀ ਬੋਰੀ ਫੜੀ ਹੋਈ ਸੀ। ਸ਼ੁਭਕਰਨ ਸਿੰਘ ਨੂੰ ਰਜਿੰਦਰਾ ਹਸਪਤਾਲ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਜਿੱਥੇ ਰਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਹਰਨਾਮ ਸਿੰਘ ਰੇਖੀ ਨੇ ਵੀ ਕਿਹਾ ਕਿ ਸ਼ੁਭਕਰਨ ਦੇ ਸਿਰ ਦੇ ਪਿੱਛੇ ਜੋ ਨਿਸ਼ਾਨ ਹੈ ਓਹ ਗੋਲੀ ਦਾ ਲਗਦਾ ਹੈ। ਪਰ ਹਜੇ ਪੋਸਟਰ ਮਾਰਟਮ ਨਹੀਂ ਹੋਇਆ ਸੀ। 

ਖਨੌਰੀ ਬਾਰਡਰ ਦੇ ਹਾਲਾਤ:

ਉਸ ਦਿਨ ਖਨੌਰੀ ਬਾਰਡਰ ਤੇ ਬਹੁਤ ਕੁਝ ਵਾਪਰਿਆ ਅਤੇ ਓਥੇ ਉਸ ਦਿਨ ਬਹੁਤ ਹੰਗਾਮੀ ਹਾਲਤ ਬਣੀ ਰਹੀ। ਕਿਸਾਨਾਂ ਨੇ ਹਰਿਆਣਾ ਪੁਲਿਸ ਉੱਤੇ ਕਿਸਾਨਾਂ ਵੱਲ ਸਿੱਧੀਆਂ ਗੋਲੀਆਂ ਮਾਰਨ ਦਾ ਇਲਜ਼ਾਮ ਲਗਾਏ। ਕਿਸਾਨਾਂ ਨੇ ਇਹ ਵੀ ਕਿਹਾ ਕਿ ਹਰਿਆਣਾ ਪੁਲਿਸ ਵਾਲਿਆਂ ਵੱਲੋਂ ਕੁਝ ਖਾਸ ਤਰ੍ਹਾਂ ਦੇ ਧਾਰਮਿਕ ਨਾਹਰੇ ਵੀ ਲਗਾਏ ਜਾ ਰਹੇ ਸਨ ਅਤੇ ਕਿਸਾਨਾਂ ਨੂੰ ਉਕਸਾਉਣ ਲਈ ਗੰਦੇ ਇਸ਼ਾਰੇ ਵੀ ਕੀਤੇ ਜਾ ਰਹੇ ਸਨ। ਬਹੁਤ ਸਾਰੇ ਕਿਸਾਨ ਚੱਲੇ ਹੋਏ ਰੌਂਦ ਗੋਲੀਬਾਰੀ ਦੇ ਸਬੂਤ ਵੱਜੋਂ ਦਿਖਾ ਰਹੇ ਸਨ। 

ਜਖਮੀ ਕਿਸਾਨਾਂ ਬਾਰੇ ਜਾਣਕਾਰੀ:

ਇਸ ਦਿਨ ਖਨੌਰੀ ਬਾਰਡਰ ਉੱਤੇ ਫੱਟੜ ਹੋਏ ਕਈ ਨੂੰ ਪਾਤੜਾਂ ਸਰਕਾਰੀ ਹਸਪਤਾਲ ਭੇਜਿਆ ਗਿਆ। ਇਹਨਾ ਵਿਚੋਂ ਕਈਆਂ ਦੇ ਸਿਰ, ਮੂਹ, ਛਾਤੀ ਅਤੇ ਬਾਹਾਂ ਵਿਚ ਸੱਟਾਂ ਸਨ। ਜਿਹਨਾਂ ਕਿਸਾਨਾਂ ਨੂੰ ਪਾਤੜਾਂ ਦੇ ਹਸਪਤਾਲ ਵਿਚ ਇਲਾਜ ਲਈ ਲਿਆਂਦਾ ਸੀ ਉਹਨਾ ਦੇ ਨਾਮ ਅਤੇ ਸੱਟਾਂ ਦੇ ਵੇਰਵੇ ਇਸ ਪ੍ਰਕਾਰ ਹਨ:

  1. ਜਸਵਿੰਦਰ ਸਿੰਘ (46)  ਪੁੱਤਰ ਅਮਰੀਕ ਸਿੰਘਪਿੰਡ ਮਮਦੋਟ (ਫਿਰੋਜਪੁਰ)।  (ਸੱਜੀ  ਲੱਤ ਉੱਤੇ ਸੱਟ) 
  2. ਜਲੋਰ ਸਿੰਘ (40) ਪੁੱਤਰ ਬਚਨ ਸਿੰਘ ਪਿੰਡ ਔਲਖ (ਮਲੋਟ)। (ਖੱਬੀ ਲੱਤ ’ਤੇ ਸੱਟ)।
  3. ਜੁਗਰਾ ਸਿੰਘ (41) ਤੇਜ਼ ਸਿੰਘ, ਪਿੰਡ ਭੁਟਾਲ ਖੁਰਦ। (ਖੱਬੇ ਪੱਟ ‘ਤੇ ਸੱਟ; ਰਜਿੰਦਰਾ ਹਸਪਤਾਲ ਪਟਿਆਲੇ ਰੈਫਰ ਕੀਤਾ ਗਿਆ)।
  4. ਸਿਮਰਨ (26) ਪੁੱਤਰ ਕਰਮਜੀਤ ਸਿੰਘ ਪਿੰਡ ਸ਼ੇਰੋ (ਸੰਗਰੂਰ) (ਸਿਰ ਵਿੱਚ ਸੱਟ; ਰਜਿੰਦਰਾ ਹਸਪਤਾਲ ਪਟਿਆਲੇ ਭੇਜਿਆ ਗਿਆ)।
  5. ਸਨਦੀਪ ਸਿੰਘ (28) ਅਵਤਾਰ ਸਿੰਘ, ਮਾਨਸਾ। (ਜਬਾੜੇ ਦੀ ਸੱਟ)।
  6. ਧਰਮਿੰਦਰ ਸਿੰਘ (32) ਹਰਚੰਦ ਸਿੰਘ, ਮਸਾਨੀ (ਸੰਗਰੂਰ)। (ਮੂੰਹ ’ਤੇ ਸੱਟ)।
  7. ਜਤਿੰਦਰ ਸਿੰਘ (33) ਅਮਰੀਕ ਸਿੰਘ, ਪਰਭੋਤ (ਕੈਥਲ)। (ਸੱਜੀ ਬਾਂਹ ’ਤੇ ਸੱਟ)।
  8. ਕਮਲਦੀਪ (26) ਪੱਤਰ ਜਰਨੈਲ ਸਿੰਘ, ਮੇਹਮਾਸਰਜਾ (ਬਠਿੰਡਾ)। (ਸੱਜੀ ਬਾਂਹ ’ਤੇ ਸੱਟ)।
  9. ਨਰੋਸ਼ (55) ਪੁੱਤਰ ਬਲਵੰਤ ਸਿੰਘ, ਹਿਸਾਰ। (ਮੂੰਹ ’ਤੇ ਸੱਟ)।
  10. ਰਮਨਦੀਪ ਸਿੰਘ (30) ਹਰਦੇਵ ਸਿੰਘ, ਭੱਠਲ (ਬਰਨਾਲਾ)। (ਸਿਰ ’ਤੇ ਸੱਟ)।
  11. ਬਲਜੀਤ, ਸਿੰਘ (24) ਪੱਤਰ ਮੁਖਤਿਆਰ ਸਿੰਘ, ਸੈਦੇਵਾਲਾ, ਮਾਨਸਾ। 
  12. ਮੱਘਰ ਸਿੰਘ (60) ਪੁੱਤਰ ਧੰਨਾ ਸਿੰਘ, ਪਿੰਡ ਦੌਲੇਵਾਲਾ, ਸੰਗਰੂਰ। (ਸਰੀਰ ’ਤੇ ਕਈ ਗੰਭੀਰ ਸੱਟਾਂ)।
  13. ਸਾਹਿਲ ਪ੍ਰੀਤ ਸਿੰਘ (ਉਮਰ 27 ਸਾਲ) ਪੁੱਤਰ ਰਮੇਸ਼ ਕੁਮਾਰ, ਜੈਖਰ, ਪਟਿਆਲਾ। (ਛਾਤੀ ਉੱਤੇ ਸੱਟ)।
  14. ਲਖਵਿੰਦਰ ਸਿੰਘ (60) ਪੁੱਤਰ ਲੱਖਾ ਸਿੰਘ, ਸਿਉਨਾ ਕਾਠ, ਪਟਿਆਲਾ। (ਖੱਬੀ ਲੱਤ ’ਤੇ ਸੱਟ)।

ਕਿਸਾਨਾਂ ਨੇ ਗੰਭੀਰ ਜਖਮੀ ਹੋਣ ਵਾਲਿਆਂ ਦੀ ਗਿਣਤੀ 30 ਤੋਂ ਪਾਰ ਦੱਸੀ ਜਿਹਨਾ ਨੂੰ ਹੋਰ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਸੀ। ਘੱਟ ਸੱਟਾਂ ਲੱਗਣ ਵਾਲੇ ਕਿਸਾਨਾਂ ਦੀ ਗਿਣਤੀ 100 ਤੋਂ ਪਾਰ ਸੀ। 

ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੇ ਗੋਲੀ ਲੱਗਣ ਤੋਂ ਬਾਅਦ ਹਰਿਆਣਾ ਪੁਲਿਸ ਨੂੰ ਰੋਕਣ ਦੇ ਲਈ ਕਿਸਾਨਾਂ ਦੇ ਵੱਲੋਂ ਪਰਾਲੀ ਦੀਆਂ ਗੱਠਾਂ ਨੂੰ ਅੱਗ ਲਗਾ ਦਿੱਤੀ ਗਈ ਜਿਸ ਬਾਬਤ ਹਰਿਆਣਾ ਪੁਲਿਸ ਨੇ ਇਹ ਦਾਅਵਾ ਕੀਤਾ ਸੀ ਕਿ ਪਰਾਲੀ ਦੀਆਂ ਗੱਠਾਂ ਵਿੱਚ ਮਿਰਚਾਂ ਪਾ ਕੇ ਅੱਗ ਲਗਾਈ ਗਈ ਸੀ। ਪਰਾਲੀ ਦੇ ਇਸ ਧੂਏ ਤੋਂ ਬਾਅਦ ਹਰਿਆਣਾ ਪੁਲਿਸ ਨੂੰ ਪਿੱਛੇ ਹਟਣਾ ਪਿਆ। ਇਸ ਅੱਗ ਦਾ ਮੁਆਇਨਾ ਕਰਨ ਦੇ ਲਈ ਅਸਮਾਨ ਦੇ ਵਿੱਚ ਕਿਸਾਨਾਂ ਨੇ ਫੌਜੀ ਲੜਾਕੂ ਜਹਾਜ਼ ਵੀ ਉਡਦੇ ਦੇਖੇ। ਬਾਅਦ ਵਿਚ ਇਸ ਕਾਰਵਾਈ ਦੀ ਜਿੰਮੇਵਾਰੀ ਨੌਜਵਾਨਾਂ ਦੀ ਜਥੇਬੰਦੀ ਸੈਫੀ ਦੇ ਸਰਪ੍ਰਸਤ ਪੁਸ਼ਪਿੰਦਰ ਸਿੰਘ ਤਾਊ ਨੇ ਲਈ ਅਤੇ ਕਿਹਾ ਕਿ ਹਰਿਆਣਾ ਪ੍ਰਸ਼ਾਸਨ ਨੇ ਜੋ ਵੀ ਕਾਰਵਾਈ ਕਰਨੀ ਹੈ ਉਹ ਉਸ ਉੱਤੇ ਕੀਤੀ ਜਾਵੇ ਅਤੇ ਕਿਸੇ ਵੀ ਹੋਰ ਕਿਸਾਨ ਜਾਂ ਨੌਜਵਾਨ ਨੂੰ ਪਰੇਸ਼ਾਨ ਨਾ ਕੀਤਾ ਜਾਵੇ। ਪੁਸ਼ਪਿੰਦਰ ਸਿੰਘ ਨੇ ਕਿਹਾ ਕਿ ਨੌਜਵਾਨ ਦੀ ਮੌਤ ਹੋ ਜਾਣ ਪਿੱਛੋਂ ਉਸ ਮੌਕੇ ਦੇ ਹਾਲਾਤ ਵਿਚ ਨੌਜਵਾਨਾਂ ਉੱਤੇ ਹਮਲਾਵਰ ਹੋਈ ਪੁਲਿਸ ਨੂੰ ਰੋਕਣ ਲਈ ਅਜਿਹਾ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਪੁਸ਼ਪਿੰਦਰ ਸਿੰਘ ਤਾਊ ਦੀ ਹਾਲੀ ਕੁਝ ਦਿਨ ਪਹਿਲਾਂ ਹੀ ਖਨੌਰੀ ਬਾਰਡਰ ਉੱਤੇ ਹਰਿਆਣਾ ਪੁਲਿਸ ਵੱਲੋਂ ਦਾਗੇ ਛੱਰਿਆਂ ਵਾਲੇ ਗਰਨੇਡ ਕਾਰਨ ਖੱਬੀ ਅੱਖ ਦੀ ਰੌਸ਼ਨੀ ਜਾਂਦੀ ਰਹੀ ਸੀ। ਫਿਰ ਵੀ ਉਹ 21 ਫਰਵਰੀ ਨੂੰ ਮੋਰਚੇ ਉੱਤੇ ਮੌਜੂਦ ਸੀ। ਉਸ ਨੇ 21 ਤੋਂ ਪਹਿਲਾਂ ਨੌਜਵਾਨਾਂ ਨੂੰ ਆਗੂਆਂ ਕਹੇ ਅਤੇ ਜ਼ਾਬਤੇ ਵਿਚ ਰਹਿਣ ਲਈ ਵੀ ਕਿਹਾ ਸੀ।

ਜਦੋਂ ਹਰਿਆਣਾ ਪੁਲਿਸ ਹਮਲਾਵਰਾਂ ਵਾਙ ਪੰਜਾਬ ਦੀ ਹੱਦ ਵਿਚ ਦਾਖਲ ਹੋਈ:

ਪਰਾਲੀ ਧੂਆਂ ਘੱਟਣ ਦੇ 20 ਕੁ ਮਿੰਟ ਬਾਅਦ ਹਰਿਆਣਾ ਪੁਲਿਸ ਨੇ ਉਸ ਦਿਨ ਕਿਸਾਨੀ ਮੋਰਚੇ ਵਿੱਚ ਵੜ ਕੇ 500 ਮੀਟਰ ਅੰਦਰ ਆ ਕੇ ਕਿਸਾਨਾਂ ਦੇ ਟਰੈਕਟਰਾਂ ਦੀ ਭੰਨਤੋੜ ਕੀਤੀ। ਕਿਸਾਨ ਆਗੂ ਸਰਵਨ ਸਿੰਘ ਪੰਧੇਰ ਅਨੁਸਾਰ 25 ਟਰੈਕਟਰ ਭੰਨੇ ਗਏ। ਕਿਸਾਨਾਂ ਦੀਆਂ ਗੱਡੀਆਂ ਦੇ ਨਾਲ ਨਾਲ ਮੈਡੀਕਲ ਟੀਮਾਂ ਦੀਆਂ ਗੱਡੀਆਂ ਵੀ ਭੰਨੀਆਂ ਗਈਆਂ।  ਕਿਸਾਨਾਂ ਦੇ ਟਰੈਕਟਰਾਂ ਦੀਆਂ ਡੀਜ਼ਲ ਵਾਲੀਆਂ ਨਲੀਆਂ (ਪਾਈਪਾਂ) ਪਾੜ ਕੇ ਡੀਜਲ ਡੋਲ ਦਿੱਤਾ ਗਿਆ ਅਤੇ ਡੀਜ਼ਲ ਟੈਕੀਆਂ ਵਿੱਚ ਕੋਈ ਕੈਮੀਕਲ ਪਾ ਦਿੱਤਾ ਗਿਆ। ਕਿਸਾਨ ਆਗੂਆਂ ਨੇ ਇਲਜ਼ਾਮ ਲਗਾਇਆ ਕਿ ਕਿਸਾਨਾਂ ਦੇ ਸਮਾਨ ਦੇ ਨਾਲ ਨਾਲ ਮੈਡੀਕਲ ਟੀਮਾਂ ਦੀਆਂ ਦਵਾਈਆਂ ਵੀ ਹਰਿਆਣਾ ਪੁਲਿਸ ਕਰਮੀ ਚੁੱਕ ਕੇ ਲੈ ਗਏ। ਹਰਿਆਣਾ ਪੁਲਿਸ ਦੇ ਕਿਸਾਨਾਂ ਦੀਆਂ ਟਰਾਲੀਆਂ ਤੱਕ ਪਹੁੰਚਣ ਦੀਆਂ ਵੀਡੀਓ ਵੀ ਕਈ ਕਿਸਾਨਾਂ ਨੇ ਬਣਾ ਲਈਆਂ। ਕਿਸਾਨਾਂ ਨੇ ਇਹ ਵੀ ਦਾਅਵਾ ਕੀਤਾ ਕਈ ਕਿਸਾਨਾਂ ਨੂੰ ਕੁੱਟ ਕੇ ਬੋਰੀਆਂ ਵਿੱਚ ਪਾਕੇ ਹਰਿਆਣਾ ਪੁਲਿਸ ਵਾਲੇ ਲੈ ਗਏ ਹਨ। 

ਚਸ਼ਮਦੀਦਾਂ ਦੇ ਕਿਹਾ ਕਿ ਤਕਰੀਬਨ ਤਿੰਨ-ਚਾਰ ਸੌ ਹਰਿਆਣਾ ਪੁਲਿਸ ਕਰਮੀ (ਅਰਧ ਸੈਨਿਕ ਬਲ) ਹੱਥਾਂ ਵਿੱਚ ਡੰਡੇ ਲੈਕੇ ਮੋਰਚੇ ਵਿੱਚ ਵੜ ਗਏ। ਕਿਸਾਨਾਂ ਨੇ ਹਰਿਆਣਾ ਪੁਲਿਸ ਅਤੇ ਕਿਸਾਨਾਂ ਦੇ ਵਿਚਾਲੇ ਇੱਕ ਨਿਸ਼ਾਨੀ ਰੱਖੀ ਹੋਈ ਸੀ ਜਿਸ ਨੂੰ ਕੋਈ ਵੀ ਕਿਸਾਨ ਪਾਰ ਨਹੀਂ ਸੀ ਕਰਦਾ। ਖਨੌਰੀ ਬਾਰਡਰ ਦੇ ਉੱਤੇ ਪੁਲਿਸ ਦੀਆਂ ਰੋਕਾਂ ਅਤੇ ਕਿਸਾਨਾਂ ਦੇ ਵਿਚਾਲੇ ਇੱਕ ਖੰਭੇ ਦੇ ਉੱਤੇ ਕੇਸਰੀ ਝੰਡਾ ਅਤੇ ਕਿਸਾਨੀ ਦਾ ਝੰਡਾ ਟੰਗਿਆ ਹੋਇਆ ਸੀ (ਜਿਵੇਂ ਸ਼ੰਭੂ ਬਾਰਡਰ ਤੇ ਕਿਸਾਨਾਂ ਨੇ ਇਕ ਰੱਸੀ ਲਗਾ ਕੇ ਹੱਦ ਮਿੱਥ ਲਈ ਸੀ)  ਜੋ ਕਿ ਪੰਜਾਬ ਦੀ ਧਰਤੀ ਦੇ ਵਿੱਚ ਪੈਂਦਾ ਸੀ। ਇਹ ਝੰਡਾ ਇਹ ਨਿਸ਼ਾਨਦੇਹੀ ਕਰਦਾ ਸੀ ਕਿ ਇਸ ਤੋਂ ਅੱਗੇ ਕੋਈ ਕਿਸਾਨ ਨਾ ਜਾਵੇ। ਪਰ ਉਸ ਦਿਨ ਹਰਿਆਣਾ ਪੁਲਿਸ ਦੇ ਸੈਨਿਕ ਬਲਾਂ ਨੇ ਸਭ ਤੋਂ ਪਹਿਲਾਂ ਉਹ ਦੋਵੇਂ ਝੰਡੇ ਉਤਾਰ ਕੇ ਸੁੱਟ ਦਿੱਤੇ ਅਤੇ ਕਿਸਾਨਾਂ ਦੀਆਂ ਟਰਾਲੀਆਂ ਤੱਕ ਆ ਗਏ। ਚਸ਼ਮਦੀਦਾਂ ਦੇ ਅਨੁਸਾਰ ਪਹਿਲਾਂ ਹਰਿਆਣਾ ਪੁਲਿਸ ਦੇ ਵੱਲੋਂ ਗੋਲੇ ਦਾਗੇ ਗਏ ਜਿਸ ਕਰਕੇ ਕਿਸਾਨਾਂ ਨੂੰ ਪਿੱਛੇ ਹਟਣਾ ਪਿਆ। ਪਰ ਟਰਾਲੀਆਂ ਦੇ ਵਿੱਚ ਕਈ ਬਜ਼ੁਰਗ ਕਿਸਾਨ ਸੁੱਤੇ ਪਏ ਸਨ ਜਿਨ੍ਹਾਂ ਦੇ ਉੱਤੇ ਹਰਿਆਣਾ ਪੁਲਿਸ ਦੇ ਵੱਲੋਂ ਲਾਠੀਆਂ ਦਾ ਮੀਂਹ ਵਰਾ ਦਿੱਤਾ ਗਿਆ। ਕਿਸਾਨਾਂ ਨੇ ਸੁਰੱਖਿਆ ਦਸਤਿਆਂ ਉੱਤੇ ਪੰਜਾਬ ਦੀਆਂ ਧੀਆਂ ਭੈਣਾਂ ਬਾਰੇ ਗਲਤ ਸ਼ਬਦਾਵਲੀ ਵਰਤਣ ਦਾ ਇਲਜ਼ਾਮ ਵੀ ਲਗਾਇਆ। ਕਈ ਕਿਸਾਨਾਂ ਨੇ ਬਿਨ੍ਹਾਂ ਵਰਦੀ ਤੋਂ ਲੋਕਾਂ ਨੂੰ ਪੁਲਿਸ ਬਲਾਂ ਨਾਲ ਤੈਨਾਤ ਦੇਖਿਆ ਸੀ। 

ਇਸ ਘਟਨਾ ਪਿੱਛੋਂ ਕਿਸਾਨ ਹੋਰ ਵੀ ਪਿੱਛੇ ਹੋ ਗਏ ਕਿਉਂ ਕਿ ਕਿਸਾਨਾਂ ਦੇ ਟਰੈਕਟਰਾਂ ਦੀ ਭੰਨ ਤੋੜ ਕਾਰਨ ਡੀਜ਼ਲ ਸੜਕ ਉੱਤੇ ਫੈਲ ਗਿਆ ਸੀ। ਕਿਸਾਨਾਂ ਨੂੰ ਡਰ ਸੀ ਕਿ ਜੇਕਰ ਹੁਣ ਕੋਈ ਗੋਲਾ ਕਿਸਾਨਾਂ ਤੇ ਚਲਾਇਆ ਗਿਆ ਤਾਂ ਅੱਗ ਲੱਗਣ ਕਾਰਨ ਕੋਈ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ। 

ਸਰਕਾਰ ਵੱਲੋਂ ਕਿਸਾਨ ਆਗੂਆਂ ਨੂੰ ਗੱਲਬਾਤ ਦਾ ਸੱਦਾ:

ਇਸ ਦਿਨ ਕਿਸਾਨਾਂ ਨੂੰ ਸਵੇਰੇ ਹੀ ਸਰਕਾਰ ਵੱਲੋਂ ਮੀਟਿੰਗ ਦਾ ਸੱਦਾ ਆ ਗਿਆ ਸੀ। ਸ਼ੰਭੂ ਬਾਰਡਰ ਤੋਂ ਕਿਸਾਨਾਂ ਨੇ ਐਲਾਨ ਕਰਕੇ 4 ਵਜੇ ਤੱਕ ਦਿੱਲੀ ਕੂਚ ਵੀ ਰੋਕ ਦਿੱਤਾ ਸੀ ਪਰ ਫੇਰ ਵੀ ਸਾਰਾ ਦਿਨ ਕਿਸਾਨਾਂ ਉੱਤੇ ਗੋਲੇ ਦਾਗੇ ਜਾਂਦੇ ਰਹੇ। ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਨੇ ਟਵੀਟ ਕਰਕੇ ਕਿਸਾਨ ਆਗੂਆਂ ਨੂੰ ਪੰਜਵੇਂ ਦੌਰ ਦੀ ਮੀਟਿੰਗ ਦਾ ਸੱਦਾ ਦਿੱਤਾ। ਪਰ  ਕਿਸਾਨ ਆਗੂ ਅਜੇ ਸਰਕਾਰ ਨਾਲ ਮੀਟਿੰਗ ਬਾਰੇ ਕਰਨ ਫੈਸਲਾ ਲੈ ਹੀ ਰਹੇ ਸਨ ਕਿ ਖਨੌਰੀ ਬਾਰਡਰ ਤੋਂ ਇਕ ਕਿਸਾਨ (ਸ਼ੁਭਕਰਨ ਸਿੰਘ) ਦੇ ਸ਼ਹੀਦ ਹੋਣ ਦੀ ਖਬਰ ਆ ਗਈ। ਇਸ ਪਿੱਛੋਂ ਕਿਸਾਨ ਆਗੂਆਂ ਨੇ ਸਰਕਾਰ ਨਾਲ ਮੀਟਿੰਗ ਕਰਨ ਤੋਂ ਮਨ੍ਹਾ ਕਰ ਦਿੱਤਾ। ਸਾਰੇ ਪਾਸੇ ਕਿਸਾਨ ਦੀ ਮੌਤ ਦੀ ਖਬਰ ਫੈਲ ਗਈ। ਸੋਗ ਦਾ ਮਾਹੌਲ ਸਿਰਜਿਆ ਗਿਆ। ਭਾਰਤ ਦਾ ਰਾਸ਼ਟਰੀ ਮੀਡੀਆ ਵੀ ਥੋੜ੍ਹਾ ਥੋੜ੍ਹਾ ਇਸ ਖਬਰ ਨੂੰ ਦਿਖਾ ਰਿਹਾ ਸੀ। ਰਾਸ਼ਟਰੀ ਚੈਨਲ ਹੰਝੂ ਗੈਸ ਨੂੰ ਮੌਤ ਦਾ ਦੱਸ ਰਹੇ ਸਨ ਪਰ ਸ਼ੁਭਕਰਨ ਸਿੰਘ ਦੇ ਸਿਰ ਪਿੱਛੇ ਦਾ ਨਿਸ਼ਾਨ ਬਿਲਕੁਲ ਹੋਰ ਕਹਾਣੀ ਬਿਆਨ ਕਰ ਰਿਹਾ ਸੀ।

(ਚੱਲਦਾ…)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: