ਰਾਜਪੁਰਾ: ਕਿਸਾਨਾਂ ਵੱਲੋਂ ਸ਼ੰਭੂ ਅਤੇ ਖਨੌਰੀ ਬਾਰਡਰਾਂ ਤੋਂ ਦਿੱਲੀ ਵੱਲੋਂ ਕੂਚ ਕਰਨ ਦੇ ਐਲਾਨ ਤੋਂ ਬਾਅਦ ਅੱਜ ਸਵੇਰੇ ਹੀ ਹਰਿਆਣਾ ਪ੍ਰਸ਼ਾਸਨ ਵੱਲੋਂ ਲਾਏ ਗਏ ਨਾਕਿਆਂ ਉੱਤੇ ਪ੍ਰਬੰਧ ਹੋਰ ਵੀ ਕਰੜੇ ਕਰ ਦਿੱਤੇ ਗਏ। ਸਰਕਾਰ ਨੇ ਕਿਸਾਨਾਂ ਨੂੰ ਰੋਕਣ ਲਈ ਜੇ.ਸੀ.ਬੀ. ਮਸ਼ੀਨਾਂ ਤੈਨਾਤ ਕਰ ਦਿੱਤੀਆਂ।
ਕਿਸਾਨਾਂ ਵੱਲੋਂ ਕੂਚ ਦੇ ਮਿੱਥੇ ਸਮੇਂ ਤੋਂ ਕੁਝ ਪਹਿਲਾਂ ਹੀ ਜਦੋਂ ਕਿਸਾਨ ਨਾਕਿਆਂ ਨੇੜੇ ਇਕੱਠੇ ਹੋਣ ਲੱਗੇ ਤਾਂ ਹਰਿਆਣੇ ਵਾਲੇ ਪਾਸੇ ਤੈਨਾਤ ਪੁਲਿਸ ਤੇ ਫੌਜੀ ਦਸਤਿਆਂ ਨੇ ਹੰਝੂ ਗੈਸ ਦੀ ਗੋਲਾਬਾਰੀ ਸ਼ੁਰੂ ਕਰ ਦਿੱਤੀ ਗਈ। ਉਹਨਾ ਵੱਲੋਂ ਧਮਾਕਾ ਕਰਨ ਵਾਲੇ ਗੋਲੇ ਵੀ ਦਾਗੇ ਜਾ ਰਹੇ ਹਨ। ਗੋਲੇ ਦਾਗਣ ਲਈ ਗੋਲਾ ਦਾਗਣ ਵਾਲੀਆਂ ਬੰਦੂਕਾਂ ਅਤੇ ਡਰੋਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਕਿਸਾਨ ਆਗੂਆਂ ਨੇ ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸਰਕਾਰ ਨੂੰ ਕਿਹਾ ਕਿ ਅਸੀਂ ਸ਼ਾਂਤਮਈ ਰਹਿਣਾ ਚਾਹੁੰਦੇ ਹਾਂ ਸੋ ਸਰਕਾਰ ਸਾਰੇ ਮਸਲਿਆਂ ਉੱਤੇ ਸੁਹਿਰਦਤਾ ਨਾਲ ਗੱਲਬਾਤ ਕਰੇ। ਉਹਨਾ ਨੇ ਸਰਕਾਰ ਨੂੰ ਗੱਲਬਾਤ ਬਾਰੇ ਸੱਦਾ ਦੇਣ ਦਾ ਸਮਾਂ ਦਿੱਤਾ। ਸਰਕਾਰ ਦੇ ਮਸਲਾ ਹੱਲ ਕਰਨ ਤੋਂ ਨਾਕਾਮ ਰਹਿਣ ਦੀ ਸੂਰਤ ਵਿਚ ਆਗੂਆਂ ਨੇ ਦਿੱਲੀ ਲਈ ਅੱਗੇ ਵਧਣ ਦਾ ਐਲਾਨ ਕੀਤਾ।
ਇਸੇ ਦੌਰਾਨ ਕੇਂਦਰੀ ਮੰਤਰੀ ਅਰਜੁਨ ਮੁੰਡੇ ਨੇ ਕਿਸਾਨਾਂ ਨੂੰ ਗੱਲਬਾਤ ਦਾ ਸੱਦਾ ਦਿੱਤਾ ਹੈ। ਮੰਤਰੀ ਨੇ ਕਿਹਾ ਕਿ ਸਾਰੇ ਮਸਲਿਆਂ ਜਿਵੇਂ ਕਿ ਐਮ.ਐਸ.ਪੀ. ਦੀ ਮੰਗ, ਫਸਲੀ ਵਿਭਿੰਨਤਾ, ਪਰਾਲੀ ਅਤੇ ਐਫ.ਆਈ.ਆਰ. ਉੱਤੇ ਗੱਲਬਾਤ ਕੀਤੀ ਜਾਵੇਗੀ।
ਕਿਸਾਨ ਆਗੂਆਂ ਨੇ ਕੇਂਦਰ ਨਾਲ ਗੱਲਬਾਤ ਵਾਸਤੇ ਸਹਿਮਤੀ ਪਰਗਟ ਕੀਤੀ ਹੈ। ਖਬਰ ਲਿਖੇ ਜਾਣ ਤੱਕ ਇਸ ਸੰਭਾਵੀ ਮੀਟਿੰਗ ਬਾਰੇ ਵਧੇਰੇ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਸੀ।