ਪ੍ਰਤੀਕਾਤਮਕ ਤਸਵੀਰ (ਫਾਈਲ ਫੋਟੋ)

ਆਮ ਖਬਰਾਂ

ਕਿਸਾਨ ਆਗੂਆਂ ਨੂੰ ਮੁੱਖ ਮੰਤਰੀ ਦੇ ਘਰ ਵੱਲ ਰੋਸ ਮਾਰਚ ਕਰਦਿਆਂ ਨੂੰ ਚੰਡੀਗੜ੍ਹ ਸਰਹੱਦ ‘ਤੇ ਰੋਕਿਆ ਗਿਆ

By ਸਿੱਖ ਸਿਆਸਤ ਬਿਊਰੋ

September 18, 2017

ਚੰਡੀਗੜ੍ਹ: ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਸੱਤਾ ਵਿਚ ਆਉਣ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕਰਨ ਦੇ ਵਾਅਦੇ ਨੂੰ ਪੂਰਾ ਕਰਾਉਣ ਅਤੇ ਗੰਨੇ ਦੀ 100 ਕਰੋੜ ਦੀ ਅਦਾਇਗੀ ਸਮੇਤ ਸਵਾਮੀ ਨਾਥਨ ਰਿਪੋਰਟ ਲਾਗੂ ਕਰਾਉਣ ਲਈ ਅੱਜ ਸੂਬੇ ਦੇ ਕਿਸਾਨਾਂ ਵਲੋਂ ਮੋਹਾਲੀ ਤੋਂ ਮੁੱਖ ਮੰਤਰੀ ਦੀ ਰਿਹਾਇਸ਼ (ਚੰਡੀਗੜ੍ਹ) ਵੱਲ ਰੋਸ ਮਾਰਚ ਕੱਢਿਆ ਗਿਆ, ਜਿਨ੍ਹਾਂ ਨੂੰ ਚੰਡੀਗੜ੍ਹ ਦੀ ਸਰਹੱਦ ‘ਤੇ ਹੀ ਰੋਕ ਲਿਆ ਗਿਆ। ਚੰਡੀਗੜ੍ਹ ਪੁਲਿਸ ਵਲੋਂ ਰੋਕੇ ਜਾਣ ‘ਤੇ ਕਿਸਾਨਾਂ ਨੇ ਸਰਕਾਰ ਦੇ ਖਿਲਾਫ ਵਾਅਦਾ ਖਿਲਾਫੀ ਦਾ ਦੋਸ਼ ਲਾਉਂਦਿਆਂ ਨਾਅਰੇਬਾਜ਼ੀ ਕੀਤੀ।

ਮੀਡੀਆ ਰਿਪੋਰਟਾਂ ਮੁਤਾਬਕ ਇਸ ਦੌਰਾਨ ਪੰਜਾਬ ਦੀਆਂ ਸੱਤ ਕਿਸਾਨ ਜਥੇਬੰਦੀਆਂ ਵੱਲੋਂ ਪਟਿਆਲਾ ਮੋਤੀ ਮਹਿਲ ਅੱਗੇ ਕਰਜ਼ਾ ਮੁਕਤੀ ਪੰਜ ਰੋਜ਼ਾ ਧਰਨਾ ਦੇਣਾ ਸੀ। ਇਸ ਧਰਨੇ ਨੂੰ ਤਾਰਪੀਡੋ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਕਈ ਕਿਸਾਨ ਆਗੂ ਗ੍ਰਿਫਤਾਰ ਵੀ ਕਰ ਲਏ ਗਏ ਹਨ। ਜਿਹੜੇ ਆਗੂ ਨਹੀਂ ਮਿਲ ਰਹੇ, ਉਨ੍ਹੇ ਦੇ ਘਰਦਿਆਂ ਨੂੰ ਚੁੱਕਿਆ ਜਾ ਰਿਹਾ ਹੈ।

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਸੱਕਤਰ ਜਗਮੋਹਨ ਸਿੰਘ ਨੇ ਦੱਸਿਆ ਕਿ ਪਟਿਆਲਾ, ਸੰਗਰੂਰ, ਮਾਨਸਾ, ਫਿਰੋਜ਼ਪੁਰ, ਫਰੀਦਕੋਟ, ਮੋਗਾ, ਬਠਿੰਡਾ ਦੇ ਸਾਰੇ ਥਾਵਾਂ ‘ਤੇ ਪੁਲਿਸ ਨੇ ਸਾਂਝੇ ਕਿਸਾਨ ਸੰਘਰਸ਼ ਨੂੰ ਕੁਚਲਣ ਲਈ ਛਾਪੇ ਮਾਰ ਰਹੀ ਹੈ। ਉਨ੍ਹਾਂ ਛਾਪੇਮਾਰੀ ਤੇ ਗ੍ਰਿਫਤਾਰੀਆਂ ਦੀ ਨਿੰਦਿਆ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਜਿਹੜੇ ਸਬਜ਼ਬਾਗ ਦਿਖਾ ਕੇ ਵੋਟਾਂ ਬਟੋਰੀਆ ਸੀ ਤੇ ਵਾਅਦਾ ਕੀਤਾ ਸੀ ਕਿ ਹਰ ਤਰ੍ਹਾਂ ਦਾ ਕਰਜ਼ਾ ਮੁਆਫ ਕੀਤਾ ਜਾਵੇਗਾ, ਉਹ ਪੂਰੇ ਨਹੀਂ ਕੀਤੇ ਜਾ ਰਹੇ। ਹੁਣ ਆਪਣੇ ਵਾਅਦੇ ਤੋਂ ਭੱਜਦਿਆਂ ਸਰਕਾਰ ਨੇ ਬੁਖਲਾਹਟ ਵਿੱਚ ਕਿਸਾਨਾਂ ਦੇ ਹੱਕੀ ਧਰਨੇ ਨੂੰ ਤਾਰਪੀਡੋ ਕਰਨ ਲਈ ਸਵੇਰੇ ਹੀ ਛਾਪੇਮਾਰੀ ਸ਼ੁਰੂ ਕੀਤੀ।

ਸਬੰਧਤ ਖ਼ਬਰ: ਕਿਸਾਨੀ ਮੁੱਦਿਆਂ ‘ਤੇ ਕਈ ਕਿਸਾਨ ਜਥੇਬੰਦੀਆਂ ਦੀ ਸਾਂਝੀ ਮੀਟਿੰਗ; 5 ਮੁੱਦਿਆਂ ‘ਤੇ ਸੰਘਰਸ਼ ਦਾ ਐਲਾਨ …

ਕਿਸਾਨ ਆਗੂਆਂ ਮੁਤਾਬਕ ਮਾਨਸਾ ਵਿਖੇ ਅੱਜ ਸਵੇਰੇ 2:30 ਵਜੇ ਪੰਜਾਬ ਪੁਲਿਸ ਵੱਲੋਂ ਛਾਪੇਮਾਰੀ ਸ਼ੁਰੂ ਕੀਤੀ ਗਈ। ਇਸ ਵਿੱਚ ਬਲਾਕ ਬੁਢਲਾਡਾ ਦੇ ਆਗੂਆਂ ਜਿਨ੍ਹਾਂ ਵਿੱਚ ਬਲਾਕ ਵਿੱਤ ਸਕੱਤਰ ਦਰਸ਼ਨ ਸਿੰਘ ਗੁਰਨੇ ਕਲਾਂ, ਨਛੱਤਰ ਸਿੰਘ ਅਹਿਮਦਪੁਰ, ਗੁਰਮੇਲ ਸਿੰਘ ਜਲਵੇੜਾ ਨੂੰ ਗ੍ਰਿਫਤਾਰ ਕੀਤਾ। ਫਿਰ 4:00 ਵਜੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ, ਸੂਬਾ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ, ਜ਼ਿਲ੍ਹਾ ਆਗੂ ਦਲਵਾਰਾ ਸਿੰਘ ਕਿਸ਼ਨਗੜ੍ਹ, ਰਾਮਫਲ ਸਿੰਘ ਚੱਕ ਅਲੀਸ਼ੇਰ ਤੇ ਬਲਾਕ ਆਗੂ ਤਰਸੇਮ ਸਿੰਘ ਚੱਕ ਅਲੀਸ਼ੇਰ ਨੂੰ ਗ੍ਰਿਫਤਾਰ ਕਰ ਲਿਆ ਹੈ। ਬਰਨਾਲਾ ਜ਼ਿਲ੍ਹੇ ਵਿੱਚ ਦਰਸ਼ਨ ਉਗੋਕੇ, ਦਰਸ਼ਨ ਸਿੰਘ ਰਾਏਸਰ ਦੇ ਘਰ ਸਵੇਰ ਸਮੇਂ ਭਾਰੀ ਨਫਰੀ ਲੈ ਕੇ ਛਾਪਾ ਮਾਰਿਆ। ਦੋਵੇਂ ਆਗੂ ਪੁਲਿਸ ਦੇ ਹੱਥ ਨਹੀਂ ਲੱਗੇ ਪਰ ਦਰਸ਼ਨ ਸਿੰਘ ਉਗੋਕੇ ਦਾ ਮੋਬਾਈਲ ਘਰੋਂ ਚੁੱਕ ਲਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: