ਖਾਸ ਖਬਰਾਂ » ਪੰਜਾਬ ਦੀ ਰਾਜਨੀਤੀ » ਮਨੁੱਖੀ ਅਧਿਕਾਰ » ਸਿੱਖ ਖਬਰਾਂ

ਪੁਲਿਸ ਥਾਣੇ ਵਿਚ ਤੜਫਦੇ ਪੁੱਤ ਨੂੰ ਤੱਕਣ ਵਾਲਾ ਪਿਤਾ ਇਨਸਾਫ ਲਈ ਤੜਫਦਾ ਹੀ ਜਹਾਨੋਂ ਕੂਚ ਕਰ ਗਿਆ

July 22, 2018 | By

ਚੰਡੀਗੜ੍ਹ: 20 ਸਾਲਾਂ ਦਾ ਨੌਜਵਾਨ ਗੁਲਸ਼ਨ ਕੁਮਾਰ ੳਰਫ ਕਾਲਾ ਚਮਨ ਲਾਲ ਅਤੇ ਸੀਤਾ ਰਾਣੀ ਦਾ ਸਭ ਤੋਂ ਵੱਡਾ ਪੁੱਤਰ ਸੀ। ਗੁਲਸ਼ਨ ਕੁਮਾਰ ਆਪਣੇ 6 ਹੋਰ ਭੈਣ ਭਰਾਵਾਂ ਨਾਲ ਪਰਿਵਾਰ ਸਮੇਤ ਤਰਨਤਾਰਨ ਸ਼ਹਿਰ ਵਿਚ ਜੰਡਿਆਲਾ ਸੜਕ ‘ਤੇ ਸਥਿਤ ਸਿੰਘ ਵਾਲੀ ਵਿਖੇ ਰਹਿੰਦਾ ਸੀ। ਚਮਨ ਲਾਲ 1947 ਵਿੱਚ ਦੇਸ਼ ਦੀ ਵੰਡ ਵੇਲੇ 31 ਜੀਅ ਗਵਾ ਕੇ ਚੜ੍ਹਦੇ ਪੰਜਾਬ ਆਇਆ ਸੀ।

ਚੜ੍ਹਦੇ ਪੰਜਾਬ ਆ ਕੇ 1947 ਵਿੱਚ 10 ਵੀਂ ਪਾਸ ਹੋਣ ਕਰਕੇ ਪਟਵਾਰੀ ਦੀ ਨੌਕਰੀ ਮਿਲ ਗਈ। ਇਹ ਨੌਕਰੀ ਚਮਨ ਲਾਲ ਵਰਗੇ ਆਜ਼ਾਦ ਸੁਭਾਅ ਤੇ ਲੁੱਟ ਖਸੁੱਟ ਦੇ ਖਿਲਾਫ ਜੂਝਣ ਵਾਲੇ ਵਿਅਕਤੀ ਨੂੰ ਰਾਸ ਨਾ ਆਈ। 5 ਸਾਲਾਂ ਬਾਅਦ ਇਸ ਨੌਕਰੀ ਨੂੰ ਲੱਤ ਮਾਰ ਕੇ ਚਮਨ ਲਾਲ ਨੇ ਛੋਟੀ ਜਿਹੀ ਦੁਕਾਨ ਪਾ ਲਈ। 5 ਪੁੱਤਰ ਤੇ 2 ਧੀਆਂ ਦੇ ਪਰਿਵਾਰ ਨੂੰ ਪਾਲਣ ਲਈ ਉਸ ਨੂੰ ਕਾਰਖਾਨੇ ਵਿੱਚ ਨੌਕਰੀ ਵੀ ਕਰਨੀ ਪਈ ਤੇ ਕਈ ਵਾਰ ਢਿੱਡ ਖਾਤਰ ਗੁਰਦੁਆਰੇ ਵਿੱਚ ਰੋਟੀਆਂ ਖਾ ਕੇ ਗੁਜ਼ਾਰਾ ਕਰਨਾ ਪਿਆ।

ਚਮਨ ਲਾਲ

22 ਜੂਨ 1993 ਦੀ ਰਾਤ ਨੂੰ ਚਮਨ ਲਾਲ ਦੇ ਪਰਿਵਾਰ ਉੱਪਰ ਅਸਮਾਨੋ ਬਿਜਲੀ ਡਿੱਗੀ ਜਦੋਂ ਡੀ.ਐਸ.ਪੀ ਦਿਲਬਾਗ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਗੁਲਸ਼ਨ ਕੁਮਾਰ ਵੱਡੇ ਪੁੱਤਰ ਨੂੰ ਘਰੋਂ ਚੁੱਕ ਕੇ ਮਹੀਨੇ ਬਾਅਦ ਤਿੰਨ ਹੋਰਨਾਂ ਨਾਲ ਝੂਠੇ ਮੁਕਾਬਲੇ ਵਿੱਚ ਮਾਰ ਦਿੱਤਾ। ਇਸ ਸਮੇਂ ਚਮਨ ਲਾਲ ਤੇ ਉਸਦੇ ਤਿੰਨ ਪੁੱਤਰਾਂ ਨੂੰ ਥਾਣੇ ਸਿਟੀ ਬੰਦ ਰੱਖ ਕੇ ਤਸ਼ੱਦਦ ਕੀਤਾ ਜਾਂਦਾ ਰਿਹਾ। ਪੁਲਿਸ ਦਾ ਦੋਸ਼ ਸੀ ਕਿ ਗੁਲਸ਼ਨ ਕੁਮਾਰ ਚੋਰੀਆਂ ਕਰਦਾ ਹੈ। ਅਖੀਰ 2 ਲੱਖ ਰੁਪਏ ਦੀ ਮੰਗ ਗੁਲਸ਼ਨ ਕੁਮਾਰ ਨੂੰ ਛੱਡਣ ਲਈ ਕੀਤੀ ਗਈ ਜੋ ਚਮਨ ਲਾਲ ਪੂਰੀ ਨਾ ਕਰ ਸਕਿਆ ਤੇ 22 ਜੁਲਾਈ ਨੂੰ ਉਸ ਦੇ ਪੁੱਤਰ ਨੂੰ ਝੂਠੇ ਮੁਕਾਬਲੇ ਵਿੱਚ ਮਾਰ ਦਿੱਤਾ।

ਪੰਜਾਬ ਵਿਚ ਝੂਠੇ ਮੁਕਾਬਲਿਆਂ ਦਾ ਸੱਚ ਸਾਹਮਣੇ ਲਿਆਉਣ ਲਈ ਬਣਾਈ ਗਈ ਕਮੇਟੀ (ਕਮੇਟੀ ਫਾਰ ਕੋਆਰਡੀਨੇਸ਼ਨ ਓਨ ਡਿਸਅਪੀਅਰੈਂਸਿਸ ਇਨ ਪੰਜਾਬ) ਨੂੰ ਦਿੱਤੇ ਬਿਆਨਾਂ ਵਿਚ ਚਮਨ ਲਾਲ ਨੇ ਦੱਸਿਆ ਸੀ ਕਿ “22 ਜੂਨ, 1993 ਦੀ ਰਾਤ ਕਰੀਬ 10.30 ਵਜੇ ਤਰਨਤਾਰਨ ਸ਼ਹਿਰੀ ਪੁਲਿਸ ਥਾਣੇ ਦੇ ਡੀਐਸਪੀ ਦਿਲਬਾਗ ਸਿੰਘ ਅਤੇ ਐਸਐਚਓ ਗੁਰਬਚਨ ਸਿੰਘ ਦੀ ਅਗਵਾਈ ਵਿਚ ਪੰਜਾਬ ਪੁਲਿਸ ਦੀ ਵੱਡੀ ਧਾੜ ਚਮਨ ਲਾਲ ਦੇ ਘਰ ‘ਤੇ ਚੜ੍ਹ ਆਈ ਤੇ ਦਰਵਾਜ਼ਾ ਖੋਲ੍ਹਣ ਲਈ ਕਿਹਾ। ਡੀਐਸਪੀ ਦੇ ਹੁਕਮਾਂ ਨਾਲ ਘਰ ਦੇ ਸਾਰੇ ਮਰਦਾਂ ਨੂੰ ਇਕ ਪਾਸੇ ਕਰ ਲਿਆ ਤੇ ਚੋਰ ਕਹਿ ਕੇ ਉਨ੍ਹਾਂ ਨੂੰ ਕੁੱਟਣ ਲੱਗੇ। ਗੁਲਸ਼ਨ ਨੂੰ ਸਭ ਤੋਂ ਵੱਧ ਕੁੱਟਿਆ ਗਿਆ। ਡੀਐਸਪੀ ਅਤੇ ਹੋਰ ਅਫਸਰ ਲਗਾਤਾਰ ਉਸ ਨੂੰ ਜ਼ਬਰਨ ਚੋਰੀ ਕਬੂਲ ਕਰਨ ਲਈ ਕਹਿੰਦੇ ਰਹੇ। ਤਸ਼ੱਦਦ ਦੀ ਮਾਰ ਝੱਲਦਾ ਗੁਲਸ਼ਨ ਚੀਕਣ ਲੱਗਿਆ। ਜਦੋਂ ਲੋਕ ਇਕੱਠੇ ਹੋ ਗਏ ਤਾਂ ਪੁਲਿਸ ਨੇ ਗੁਲਸ਼ਨ, ਉਸਦੇ ਭਰਵਾਂ ਅਤੇ ਪਿਤਾ ਨੂੰ ਜ਼ਬਰਨ ਆਪਣੀਆਂ ਗੱਡੀਆਂ ਵਿਚ ਬਿਠਾਇਆ ਤੇ ਤਰਨਤਾਰਨ ਸ਼ਹਿਰੀ ਪੁਲਿਸ ਥਾਣੇ ਲੈ ਗਏ। ਘਰ ਦੀ ਭਾਲ ਦੌਰਾਨ ਪੁਲਿਸ ਨੇ ਤਿੰਨ ਸੋਨੇ ਦੀਆਂ ਮੁੰਦੀਆਂ, ਇਕ ਹੱਥ ਘੜੀ ਅਤੇ 475 ਰੁਪਏ ਨਕਦ ਬਰਾਮਦ ਕੀਤੇ। ਚਮਨ ਲਾਲ ਨੇ ਦੱਸਿਆ ਕਿ ਉਸ ਮੌਕੇ ਪੁਲਿਸ ਨੇ ਉਸ ਦੀ 18 ਸਾਲਾਂ ਦੀ ਧੀ ਇੰਦਰਜੀਤ ਨੂੰ ਵੀ ਪੁਲਿਸ ਥਾਣੇ ਲਿਜਾਣ ਦੀ ਕੋਸ਼ਿਸ਼ ਕੀਤੀ, ਪਰ ਗੁਆਂਢੀਆਂ ਵਲੋਂ ਵਿਰੋਧ ਕਰਨ ਤੋਂ ਬਾਅਦ ਪੁਲਿਸ ਨੇ ਉਸ ਨੂੰ ਛੱਡ ਦਿੱਤਾ।”

“ਤਰਨਤਾਰਨ ਸ਼ਹਿਰੀ ਪੁਲਿਸ ਥਾਣੇ ਵਿਖੇ ਐਸਐਚਓ ਗੁਰਬਚਨ ਸਿੰਘ ਨੇ ਇਹਨਾਂ ਉੱਤੇ ਬਹੁਤ ਤਸ਼ੱਦਦ ਕੀਤਾ। ਪੁਲਿਸ ਨੇ ਗੁਲਸ਼ਨ ਦੀਆਂ ਲੱਤਾਂ ਨੂੰ 180 ਡਿਗਰੀ ਤਕ ਖੋਲ੍ਹ ਕੇ ਕੁੱਟਿਆ। ਇਸ ਤਸ਼ੱਦਦ ਤੋਂ ਬਾਅਦ ਗੁਲਸ਼ਨ ਤੁਰਨ ਫਿਰਨ ਤੋਂ ਨਕਾਰਾ ਹੋ ਗਿਆ ਸੀ। ਪੁਲਿਸ ਅਗਲੇ ਤਿੰਨ ਦਿਨਾਂ ਤਕ ਲਗਾਤਾਰ ਚਮਨ ਲਾਲ ਦੇ ਪਰਿਵਾਰ ਦੇ ਮਰਦਾਂ ‘ਤੇ ਤਸ਼ੱਦਦ ਕਰਦੀ ਰਹੀ। 16 ਜੂਨ ਨੂੰ ਤਰਨ ਤਾਰਨ ਦੇ ਮੋਹਤਬਰ ਲੋਕ ਚਮਨ ਲਾਲ ਦੇ ਹੱਕ ਵਿਚ ਥਾਣੇ ਪਹੁੰਚੇ ਤਾਂ ਪੁਲਿਸ ਨੇ ਚਮਨ ਲਾਲ ਤੇ ਉਸਦੇ ਇਕ ਪੁੱਤਰ ਨੂੰ ਛੱਡ ਦਿੱਤਾ। ਚਮਨ ਲਾਲ ਦੇ ਦੋ ਪੁੱਤਰ ਬੌਬੀ ਅਤੇ ਬਲਵਿੰਦਰ ਨੂੰ 28 ਜੂਨ ਅਤੇ 30 ਜੂਨ ਨੂੰ ਛੱਡਿਆ ਗਿਆ। ਪਰ ਪੁਲਿਸ ਨੇ ਗੁਲਸ਼ਨ ਕੁਮਾਰ ਨੂੰ ਨਹੀਂ ਛੱਡਿਆ। ਪੁਲਿਸ ਨੇ ਕਿਹਾ ਕਿ ਗੁਲਸ਼ਨ ਕੁਮਾਰ ਨੂੰ ਸੱਟਾਂ ਠੀਕ ਹੋਣ ‘ਤੇ ਛੱਡ ਦਿੱਤਾ ਜਾਵੇਗਾ।”

“ਇਕ ਹਫਤੇ ਬਾਅਦ ਡੀਐਸਪੀ ਦਿਲਬਾਗ ਸਿੰਘ ਨੇ ਗੁਲਸ਼ਨ ਕੁਮਾਰ ਨੂੰ ਛੱਡਣ ਲਈ ਦੋ ਲੱਖ ਰੁਪਏ ਮੰਗੇ। ਚਮਨ ਲਾਲ ਦੀ ਆਰਥਿਕ ਸਥਿਤੀ ਇਹ ਰਕਮ ਦੇਣ ਦੀ ਨਹੀਂ ਸੀ, ਇਸ ਲਈ ਉਸਨੇ ਡੀਐਸਪੀ ਦੇ ਤਰਲੇ ਕੀਤੇ ਕਿ ਰਕਮ ਘੱਟ ਕਰ ਲਵੇ। ਪਰ ਡੀਐਸਪੀ ਨੇ ਕਿਹਾ ਕਿ ਜੇ ਉਹ ਆਪਣੇ ਪੁੱਤ ਦੀ ਜ਼ਿੰਦਗੀ ਚਾਹੁੰਦਾ ਹੈ ਤਾਂ ਉਸਨੂੰ ਇਸ ਰਕਮ ਦਾ ਇੰਤਜ਼ਾਮ ਕਰਨਾ ਪਵੇਗਾ। ਚਮਨ ਲਾਲ ਨੇ ਐਸਐਸਪੀ ਅਜੀਤ ਸਿੰਘ ਸੰਧੂ ਨੂੰ ਮਿਲ ਕੇ ਇਸ ਬਾਰੇ ਜਾਣਕਾਰੀ ਦਿੱਤੀ। ਐਸਐਸਪੀ ਨੇ ਕੋਈ ਦਖਲ ਦੇਣ ਤੋਂ ਮਨ੍ਹਾ ਕਰਦਿਆਂ ਡੀਐਸਪੀ ਨਾਲ ਗੱਲ ਕਰਨ ਲਈ ਕਿਹਾ। ਚਮਨ ਲਾਲ ਨੇ ਦੁਬਾਰ ਡੀਐਸਪੀ ਨੂੰ ਕੁਝ ਰਕਮ ਘੱਟ ਕਰਨ ਲਈ ਕਿਹਾ। ਪਰ ਜਦੋਂ ਡੀਐਸਪੀ ਨਹੀਂ ਮੰਨਿਆ ਤਾਂ ਚਮਨ ਲਾਲ ਨੇ ਉਸ ਨੂੰ ਰਕਮ ਇਕੱਠੀ ਕਰਨ ਦੀ ਕੋਸ਼ਿਸ਼ ਕਰਨ ਦਾ ਵਾਅਦਾ ਕੀਤਾ। ਤਾਂ ਡੀਐਸਪੀ ਨੇ ਚਮਨ ਲਾਲ ਨੂੰ ਉਸ ਦੇ ਪੁੱਤਰ ਨੂੰ ਮਿਲਣ ਅਤੇ ਰੋਟੀ ਤੇ ਕਪੜੇ ਦੇਣ ਦੀ ਪ੍ਰਵਾਨਗੀ ਦੇ ਦਿੱਤੀ।”

“ਪਰ ਪੁਲਿਸ ਗੁਲਸ਼ਨ ‘ਤੇ ਲਗਾਤਾਰ ਤਸ਼ੱਦਦ ਕਰਦੀ ਰਹੀ ਤੇ ਗੁਲਸ਼ਨ ਦੀ ਹਾਲਤ ਨਿਤ ਦਿਨ ਖਰਾਬ ਹੁੰਦੀ ਗਈ। ਚਮਨ ਲਾਲ ਨੇ ਆਪਣੇ ਪੁੱਤਰ ਗੁਲਸ਼ਨ ਨੂੰ ਤਰਨਤਾਰਨ ਸ਼ਹਿਰੀ ਪੁਲਿਸ ਥਾਣੇ ਵਿਚ ਆਖਰੀ ਵਾਰ 22 ਜੁਲਾਈ, 1993 ਨੂੰ ਦੇਖਿਆ ਸੀ। ਗੁਲਸ਼ਨ ਕੁਮਾਰ ਦੀ ਹਾਲਤ ਬਹੁਤ ਮਾੜੀ ਸੀ ਤੇ ਉਹ ਖੁਦ ਹਿਲ ਵੀ ਨਹੀ ਸਕਦਾ ਸੀ। ਚਮਨ ਲਾਲ ਨੇ ਆਪਣੇ ਹੱਥਾਂ ਨਾਲ ਉਸਨੂੰ ਕੁਝ ਖਲਾਉਣ ਦੀ ਕੋਸ਼ਿਸ਼ ਕੀਤੀ, ਪਰ ਗੁਲਸ਼ਨ ਤੋਂ ਕੁਝ ਨਹੀਂ ਅੰਦਰ ਲੰਘਾਇਆ ਗਿਆ।”

“22 ਜੁਲਾਈ, 1993 ਨੂੰ ਹੀ ਜਦੋਂ ਦੁਪਹਿਰ ਵੇਲੇ ਚਮਨ ਲਾਲ ਗੁਲਸ਼ਨ ਕੁਮਾਰ ਨੂੰ ਚਾਹ ਲੈ ਕੇ ਥਾਣੇ ਗਿਆ ਤਾਂ ਉੱਥੇ ਮੋਜੂਦ ਸਿਪਾਹੀ ਨੇ ਦੱਸਿਆ ਕਿ ਪੁਲਿਸ ਉਸ ਨੂੰ ਇੱਥੋਂ ਲੈ ਗਈ ਹੈ ਤੇ ਸ਼ਾਇਦ ਉਸਦਾ ਮੁਕਾਬਲਾ ਬਣਾ ਦਿੱਤਾ ਜਾਵੇਗਾ। ਸਿਪਾਹੀ ਨੇ ਉਸਨੂੰ ਸਰਕਾਰੀ ਹਸਪਤਾਲ ਜਾ ਕੇ ਦੇਖਣ ਦੀ ਸਲਾਹ ਦਿੱਤੀ।”

“23 ਜੁਲਾਈ, 1993 ਨੂੰ ਵੱਖ-ਵੱਖ ਅਖਬਾਰਾਂ ਵਿਚ ਖ਼ਬਰਾਂ ਛਪੀਆਂ ਕਿ ਪਲਸੌਰ ਪੁਲ ਨਜ਼ਦੀਕ ਹੋਏ ਮੁਕਾਬਲੇ ਵਿਚ ਜਰਨੈਲ ਸਿੰਘ ਅਤੇ ਤਿੰਨ ਹੋਰ ਅਣਪਛਾਤੇ ਖਾੜਕੂਆਂ ਨੂੰ ਐਸਐਚਓ ਗੁਰਬਚਨ ਸਿੰਘ ਦੀ ਅਗਵਾਈ ਵਿਚ ਤਰਨਤਾਰਨ ਪੁਲਿਸ ਨੇ ਮਾਰ ਦਿੱਤਾ। ਅਖਬਾਰਾਂ ਵਿਚ ਛਪੀਆਂ ਤਸਵੀਰਾਂ ਵਿਚ ਮਾਰੇ ਗਏ ਖਾੜਕੂਆਂ ਦਰਮਿਆਨ ਗੁਲਸ਼ਨ ਕੁਮਾਰ ਵੀ ਸ਼ਾਮਿਲ ਸੀ। ਪੁਲਿਸ ਨੇ ਇਹਨਾਂ ਦਾ ਅੰਤਿਮ ਸੰਸਕਾਰ ਵੀ ਪਰਿਵਾਰਾਂ ਨੂੰ ਬਿਨ੍ਹਾਂ ਇਤਲਾਹ ਦਿੱਤੇ ਖੁਦ ਹੀ ਕਰ ਦਿੱਤਾ।”

ਚਮਨ ਲਾਲ ਨੇ ਆਪਣੇ ਪੁੱਤਰ ਦੇ ਝੂਠੇ ਮੁਕਾਬਲੇ ਦਾ ਨਿਆਂ ਲੈਣ ਖਾਤਰ ਤਰਨ ਤਾਰਨ ਤੋਂ ਲੈ ਕੇ ਪਟਿਆਲਾ, ਚੰਡੀਗੜ੍ਹ ਅਤੇ ਦਿੱਲੀ ਤੱਕ ਹੇਠਲੀ ਅਦਾਲਤ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਅਦਾਲਤਾਂ ਦੇ ਚੱਕਰ ਲਗਾਏ ਪਰ ਜਿਉਂਦੇ ਜੀਅ ਇਨਸਾਫ ਫਿਰ ਵੀ ਨਾ ਮਿਲਿਆ। ਸੁਪਰੀਮ ਕੋਰਟ ਨੇ ਪਿਛਲੇ ਦਿਨੀਂ ਚਮਨ ਲਾਲ ਦੇ ਪੁੱਤਰ ਦੇ ਕੇਸ ਉੱਪਰ 13 ਸਾਲਾਂ ਬਾਅਦ ਸਟੇਅ ਖਤਮ ਕੀਤਾ ਸੀ ਅਤੇ ਅਦਾਲਤ ਨੇ ਪੁਲਿਸ ਅਧਿਕਾਰੀਆਂ ‘ਤੇ ਕੇਸ ਚਲਾਉਣ ਦੀ ਆਗਿਆ ਦਿੱਤੀ ਸੀ।

ਪਟਿਆਲਾ ਵਿਖੇ 02/07/2016 ਨੂੰ ਕੇਸ ਦੀ ਸੁਣਵਾਈ ਸੀ। ਚਮਨ ਲਾਲ 100 ਸਾਲ ਦੀ ਪੂਰੀ ਉਮਰ ਜ਼ੁਲਮ ਤੇ ਲੋਟੂਆਂ ਦੇ ਖਿਲਾਫ ਸੰਘਰਸ਼ ਕਰਦਾ ਰਿਹਾ, ਨਾ ਉਹ ਅੱਕਿਆ, ਨਾ ਉਹ ਥੱਕਿਆ ਤੇ ਨਾ ਝੁਕਿਆ। ਪਰ ਚਮਨ ਲਾਲ 30 ਜੂਨ 2016 ਨੂੰ ਪਾਪੀ ਰਾਜ ਨੂੰ ਲਾਹਨਤਾਂ ਪਾਉਂਦਾ ਇਸ ਸੰਸਾਰ ਤੋਂ ਕੂਚ ਕਰ ਗਿਆ।

ਉਸ ਨੇ ਆਖਰੀ ਦਿਨ ਦਰਬਾਰ ਸਾਹਿਬ ’ਤੇ ਫੌਜੀ ਹਮਲੇ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰਨ ਵਾਲੀ ਸ਼ਿਕਾਇਤ ਉੱਪਰ ਵੀ ਦਸਤਖਤ ਕੀਤੇ ਸੀ। ਆਖਰੀ ਸਮੇਂ ਉਸ ਨੇ ਪਰਿਵਾਰ ਦੇ ਮੈਂਬਰਾਂ ਨੂੰ ਸੱਦਿਆ ਤੇ ਨਸੀਹਤ ਦਿੱਤੀ ਕਿ “ਲੜਦੇ ਰਹਿਣਾ ਹੈ, ਅਚਾਰ ਗੰਢੇ ਨਾਲ ਖਾ ਲੈਣੀ ਹੈ, ਕਿਸੇ ਅੱਗੇ ਹੱਥ ਨਹੀਂ ਅੱਡਣੇ, ਸੱਚ ਦਾ ਪੱਲਾ ਨਹੀਂ ਛੱਡਣਾ ਤੇ ਖਾਲੜਾ ਮਿਸ਼ਨ ਦਾ ਸਾਥ ਦੇਣਾ ਹੈ।”

ਆਖਰੀ ਸਮੇਂ ਉਸ ਨੇ ਪ੍ਰਕਾਸ਼ ਸਿੰਘ ਬਾਦਲ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਘਰ ਜਾਣ ਬਾਰੇ ਗੁੱਸੇ ਵਿੱਚ ਕਿਹਾ ਕਿ ਬਾਦਲ ਸਿੱਖ ਨਹੀਂ ਹੋ ਸਕਦਾ ਜਿਹੜਾ ਕੇ.ਪੀ.ਐਸ ਗਿੱਲ ਤੇ ਬੇਅੰਤ ਸਿੰਘ ਦੇ ਘਰ ਤਾਂ ਜਾਂਦਾ ਹੈ ਪਰ ਝੂਠੇ ਮੁਕਾਬਲਿਆਂ ਵਾਲਿਆਂ ਦੇ ਘਰੀ ਨਹੀਂ ਜਾਂਦਾ।

ਚਮਨ ਲਾਲ ਨੇ 25000 ਨੌਜਵਾਨਾਂ ਦੇ ਝੂਠੇ ਮੁਕਾਬਲਿਆਂ ਦੀ ਯਾਦ ਵਿੱਚ ਲੰਗਰ ਲਗਾਉਣਾ ਹਰ ਸਾਲ ਆਪਣਾ ਮਿਸ਼ਨ ਬਣਾ ਲਿਆ ਸੀ। ਇਸ ਸਾਲ ਵੀ ਉਨ੍ਹਾਂ ਦੇ ਪਰਿਵਾਰ ਵਲੋਂ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਪੰਜਾਬ ਵਿਚ ਝੂਠੇ ਮੁਕਾਬਲਿਆਂ ਵਿਚ ਸ਼ਹੀਦ ਹੋਏ ਨੌਜਵਾਨਾਂ ਦੀ ਯਾਦ ਵਿਚ ਗੁਰੂ ਕਾ ਲੰਗਰ ਲਗਾਇਆ ਗਿਆ।

ਇਸ ਮੌਕੇ ਇਕੱਤਰ ਹੋਏ ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਸੱਚ ਦਾ ਪੱਲਾ ਫੜੇ ਅਤੇ ਝੂਠੇ ਮੁਕਾਬਲਿਆਂ ਅਤੇ ਨਸ਼ਿਆਂ ਦੇ ਗੁਨਾਹਗਾਰਾਂ ਦੀ ਸੂਚੀ ਜਾਰੀ ਕਰੇ।

ਚਮਨ ਲਾਲ ਆਪਣੇ ਪੁੱਤਰ ਦੇ ਲਾਪਤਾ ਕੀਤੇ ਜਾਣ ਬਾਰੇ ਦੱਸਦਾ ਹੋਇਆ:

ਬਾਪੂ ਚਮਨ ਲਾਲ ਦੀ ਇਹ ਵੀਡੀਓ 25 ਨਵੰਬਰ 2012 ਨੂੰ ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਦੇ ਪ੍ਰੋਗਰਾਮ ਵਿਚ ਰਿਕਾਰਡ ਕੀਤੀ ਗਈ ਸੀ। ਵੀਡੀਓ ਦੀ ਮਾੜੀ ਕੁਆਲਿਟੀ ਲਈ ਅਦਾਰਾ ਸਿੱਖ ਸਿਆਸਤ ਖਿਮਾ ਚਾਹੁੰਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,