ਚੰਡੀਗੜ੍ਹ: ਅਸਾਮ ਵਿੱਚ ਹੜ੍ਹਾਂ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਖਬਰਾਂ ਮੁਤਾਬਿਕ ਹੁਣ ਤਕ ਹੜ੍ਹਾਂ ਕਾਰਨ 24 ਜੀਆਂ ਦੀ ਮੌਤ ਹੋ ਚੁੱਕੀ ਹੈ ਜਦਕਿ 10 ਲੱਖ ਤੋਂ ਜਿਆਦਾ ਲੋਕ ਪ੍ਰਭਾਵਿਤ ਹੋਏ ਹਨ। ਜਿਕਰਯੋਗ ਹੈ ਕਿ ਅਸਾਮ ‘ਚ 25 ਜਿਲ੍ਹੇ ਹੜ੍ਹਾਂ ਦੀ ਮਾਰ ਹੇਠ ਆ ਗਏ ਹਨ ਜਦਕਿ ਬੀਤੇ ਦਿਨ ਦੀ ਜਾਣਕਾਰੀ ਮੁਤਾਬਿਕ 23 ਜਿਲ੍ਹੇ ਪ੍ਰਭਾਵਿਤ ਹੋਏ ਸਨ। ਪਿਛਲੇ 24 ਘੰਟਿਆਂ ਵਿੱਚ ਚਾਰ ਲੋਕ ਹੜ੍ਹ ਦੇ ਪਾਣੀ ਵਿੱਚ ਡੁੱਬ ਗਏ ਅਤੇ ਹੁਣ ਤੱਕ ਮੌਤ ਦੀ ਗਿਣਤੀ 24 ਹੋ ਗਈ ਹੈ।
ਹੜ੍ਹਾਂ ਦੇ ਪਾਣੀ ਘਰਾਂ ਵਿੱਚ ਦਾਖਲ ਹੋਣ ਤੋਂ ਬਾਅਦ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। 27,000 ਤੋਂ ਵੱਧ ਲੋਕ 273 ਰਾਹਤ ਕੈਂਪਾਂ ਵਿਚ ਪਨਾਹ ਲੈ ਚੁੱਕੇ ਹਨ।
ਖਬਰਾਂ ਮੁਤਾਬਿਕ ਜਿਲ੍ਹਾ ਪ੍ਰਸ਼ਾਸਨਾਂ ਅਤੇ ਬਚਾਅ ਦਲਾਂ ਨੇ ਸੋਮਵਾਰ ਨੂੰ ਧੇਮਾਜੀ, ਬਿਸਵਾਨ ਨਾਥ, ਬਰਪੇਟਾ, ਦੱਖਣੀ ਸਲਮਾਰਾ, ਦਿਬਰੂਗੜ੍ਹ ਅਤੇ ਮੋਰੀਗਾਓਂ ਜਿਲ੍ਹਿਆਂ ਵਿੱਚ ਦਸ ਹਜਾਰ ਹੜ੍ਹ ਪ੍ਰਭਾਵਤ ਲੋਕਾਂ ਨੂੰ ਬਚਾਇਆ ਹੈ।
ਮੌਸਮ ਵਿਭਾਗ ਵੱਲੋਂ ਆਉਣ ਵਾਲੇ ਛੇ ਦਿਨਾਂ ਵਿਚ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ । ਉਹਨਾਂ ਆਖਿਆ ਕਿ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਜਿਲ੍ਹੇ ਦਾਰਜੀਲਿੰਗ, ਕਾਲਿਮਪੋਂਗ, ਜਲਪਾਈਗੁੜੀ, ਅਲੀਪੁਰਦੁਆਰ, ਕੂਚ ਬਿਹਾਰ, ਮਾਲਦਾ ਤੇ ਉੱਤਰੀ ਦੀਨਾਜਪੁਰ ਉੱਤਰੀ ਬੰਗਾਲ ‘ਚ ਹਨ।