ਲੁਧਿਆਣਾ/ਸ੍ਰੀ ਅੰਮ੍ਰਿਤਸਰ: ਆਪਣੀ ਜੀਵਨ ਦਾ ਇੱਕ ਵੱਡਾ ਹਿੱਸਾ ਸਿੱਖ ਸੰਘਰਸ਼ ਦੇ ਲੇਖੇ ਲਾਉਣ ਵਾਲੀ ਭਾਈ ਵਰਿਆਮ ਸਿੰਘ ਬੀਤੀ ਦਿਨੀ ਅਕਾਲ ਚਲਾਣਾ ਕਰ ਗਏ। ਭਾਰਤੀ ਦਸਤਿਆਂ ਵਲੋਂ ਭਾਈ ਵਰਿਆਮ ਸਿੰਘ ਨੂੰ 17 ਅਪ੍ਰੈਲ 1990 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਨੂੰ ਪੀਲੀਭੀਤ (ਯੂ.ਪੀ.) ਦੀ ਇੱਕ ਟਾਂਡਾ ਅੱਦਾਲਤਾਂ ਵਲੋਂ 10 ਜਨਵਰੀ 1995 ਨੂੰ ਉਮਰ ਕੈਦ ਦੀ ਸਜਾ ਸੁਣਾਈ ਗਈ ਸੀ। ਭਾਈ ਵਰਿਆਮ ਸਿੰਘ 25 ਸਾਲ ਤੋਂ ਵੱਧ ਸਮਾਂ ਬਿਨਾ ਛੁੱਟੀ ਤੋਂ ਕੈਦ ਰਹੇ ਅਤੇ ਉਨ੍ਹਾਂ ਨੂੰ 17 ਦਸੰਬਰ 2015 ਨੂੰ ਰਿਹਾਅ ਕੀਤਾ ਗਿਆ ਸੀ।
ਭਾਈ ਵਰਿਆਮ ਸਿੰਘ ਜੀ ਦੇ ਅਕਾਲ ਚਲਾਣਾ ਕਰ ਜਾਣ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਗਾਏ ਗਏ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ “ਭਾਈ ਵਰਿਆਮ ਸਿੰਘ ਜੀ ਉਹ ਮਹਾਨ ਹਸਤੀ ਸਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਲੰਮਾਂ ਸਮਾਂ ਸਿੱਖ ਸੰਘਰਸ਼ ਦੌਰਾਨ ਜੇਲ੍ਹ ਵਿਚ ਬਤੀਤ ਕੀਤਾ।ਉਨ੍ਹਾਂ ਦਾ ਅਕਾਲ ਚਲਾਣਾ ਕਰ ਜਾਣਾ ਸਿੱਖ ਕੌਮ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ”।
“ਸਾਡੀ ਅਕਾਲ ਪੁਰਖ ਅੱਗੇ ਅਰਦਾਸ ਹੈ ਕਿ ਵਾਹਿਗੁਰੂ ਜੀ ਉਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ”, ਗਿਆਨੀ ਹਰਪ੍ਰੀਤ ਸਿੰਘ ਨੇ ਅੱਗੇ ਕਿਹਾ।
ਬਰਤਾਨੀਆ ਰਹਿੰਦੇ ਸਿੱਖ ਆਗੂਆਂ ਅਤੇ ਫੈਡਰੇਸ਼ਨ ਆਫ ਸਿੱਖ ਅਰਗੇਨਾਈਜੀਸ਼ਨਜ਼ ਯੂ.ਕੇ. ਅਤੇ ਯੂਨਾਇਟਡ ਖਾਲਸਾ ਦਲ ਯੂ.ਕੇ. ਦੀ ਨੁਮਾਇੰਦੀਆਂ ਭਾਈ ਕੁਲਵੀਰ ਸਿੰਘ ਚਹੇੜੂ, ਭਾਈ ਜੋਗਾ ਸਿੰਘ ਅਤੇ ਸ. ਲਵਸ਼ਿੰਦਰ ਸਿੰਘ ਡੱਲੇਵਾਲ ਨੇ ਵੀ ਭਾਈ ਵਰਿਆਮ ਸਿੰਘ ਦੇ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਉਨ੍ਹਾਂ ਦੀ ਘਾਲਣਾ ਨੂੰ ਸਿਜਦਾ ਕੀਤਾ ਹੈ।
ਬੰਦੀ ਸਿੰਘਾਂ ਦੀ ਸੂਚੀ ਬਣਾਉਣ ਅਤੇ ਉਨ੍ਹਾਂ ਦੇ ਮਾਮਲੀਆਂ ਦੀ ਪੈਰਵੀ ਕਰਨ ਵਾਲੇ ਵਕੀਲ ਸ. ਜਸਪਾਲ ਸਿੰਘ ਮੰਝਪੁਰ ਨੇ ਵੀ ਭਾਈ ਵਰਿਆਮ ਸਿੰਘ ਜੀ ਦੇ ਸਿੱਖ ਸੰਘਰਸ਼ ਵਿਚ ਪਾਈ ਯੋਗਦਾਨ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ।