ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਦੇ ਪੋਤਰੇ ਗੁਰਇਕਬਾਲ ਨੂੰ ਪੰਜਾਬ ਪੁਲਿਸ ਵਿੱਚ ਡੀਐੱਸਪੀ ਪੱਧਰ ਦੇ ਅਹੁਦੇ ’ਤੇ ਨਿਯੁਕਤੀ ਦਾ ਮਾਮਲਾ ਤਕਨੀਕੀ ਕਾਰਨਾਂ ਕਰਕੇ ਫਿਲਹਾਲ ਰੁਕ ਗਿਆ ਹੈ। ਕਿਉਂਕਿ ਵਿੱਤ ਮਹਿਕਮੇ ਨੇ ਇਸ ਭਰਤੀ ’ਤੇ ਕਈ ਇਤਰਾਜ਼ ਚੁੱਕੇ ਹਨ।
ਗ੍ਰਹਿ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਵਿੱਤ ਵਿਭਾਗ ਵੱਲੋਂ ਸਭ ਤੋਂ ਵੱਡਾ ਇਤਰਾਜ਼ ਇਹ ਲਾਇਆ ਗਿਆ ਹੈ ਕਿ ਇਸ ਨਿਯੁਕਤੀ ਨੂੰ ਕਾਨੂੰਨੀ ਤੌਰ ’ਤੇ ਯੋਗ ਨਹੀਂ ਮੰਨਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਤਰਸ ਦੇ ਆਧਾਰ ’ਤੇ ਨੌਕਰੀ ਅਜਿਹੇ ਪਰਿਵਾਰ ਦੇ ਮੈਂਬਰ ਨੂੰ ਹੀ ਦਿੱਤੀ ਜਾ ਸਕਦੀ ਹੈ ਜਿਸ ਵਿੱਚ ਕਿਸੇ ਵਿਅਕਤੀ ਦੀ ਮੌਤ ਮਗਰੋਂ ਸਾਰੇ ਪਰਿਵਾਰ ਦਾ ਦਾਰੋਮਦਾਰ ਉਸੇ ਵਿਅਕਤੀ ਸਿਰ ’ਤੇ ਹੋਵੇ ਜਿਸ ਨੂੰ ਨੌਕਰੀ ਦਿੱਤੀ ਜਾਣੀ ਹੈ। ਸੁਪਰੀਮ ਕੋਰਟ ਦੀਆਂ ਹਦਾਇਤਾਂ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਹੈ ਕਿ ਗਰੁੱਪ ਸੀ ਤੋਂ ਉੱਪਰਲੀ ਨੌਕਰੀ ਵੀ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਇਹ ਵੀ ਸਵਾਲ ਚੁੱਕਿਆ ਕਿ ਮੁੱਖ ਮੰਤਰੀ ਬੇਅੰਤ ਦਾ ਕਤਲ ਹੋਇਆਂ ਹੁਣ ਜਦੋਂ 22 ਸਾਲ ਹੋਣ ਵਾਲੇ ਹਨ। ਅਜਿਹੇ ’ਚ ਵੀ ਨੌਕਰੀ ਦੇਣ ਦੇ ਮਾਮਲੇ ਨੂੰ ਕਿਵੇਂ ਯੋਗ ਮੰਨਿਆ ਜਾਵੇ। ਗ੍ਰਹਿ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਮਾਮਲਾ ਹਾਲ ਦੀ ਘੜੀ ਲਮਕ ਗਿਆ ਹੈ। ਦੂਜੇ ਪਾਸੇ ਪੰਜਾਬ ਪੁਲਿਸ ’ਚ ਡੀਐੱਸਪੀ ਦੀ ਭਰਤੀ ਲਈ ਉਮਰ ਦੀ ਹੱਦ 28 ਸਾਲ ਹੈ। ਗੁਰਇਕਬਾਲ ਸਿੰਘ ਦੀ ਉਮਰ ਪਹਿਲੀ ਜਨਵਰੀ 2017 ਨੂੰ 28 ਸਾਲ 7 ਮਹੀਨੇ ਬਣਦੀ ਹੋਣ ਕਾਰਨ ਪੁਲਿਸ ਨੇ ਉਮਰ ਵਿੱਚ ਛੋਟ ਦੇਣ ਦਾ ਮਾਮਲਾ ਵੀ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਸੀ।
ਜ਼ਿਕਰਯੋਗ ਹੈ ਕਿ ਬੇਅੰਤ ਸਿੰਘ ਦੇ ਪੋਤਰੇ ਗੁਰਇਕਬਾਲ ਸਿੰਘ ਨੇ ਪੰਜਾਬ ਪੁਲਿਸ ਵਿੱਚ ਤਰਸ ਦੇ ਆਧਾਰ ’ਤੇ ਡੀਐੱਸਪੀ ਦੀ ਨੌਕਰੀ ਲੈਣ ਲਈ ਅਰਜ਼ੀ ਦਿੱਤੀ ਸੀ। ਡੀਜੀਪੀ ਦਫ਼ਤਰ ਨੇ ਇਹ ਅਰਜ਼ੀ ਤੁਰੰਤ ਪੰਜਾਬ ਸਰਕਾਰ ਨੂੰ ਭੇਜ ਦਿੱਤੀ। ਇਹ ਮਾਮਲਾ ਵਿੱਤ ਵਿਭਾਗ ਕੋਲ ਪਹੁੰਚਿਆ ਤਾਂ ਇਸ ’ਤੇ ਇਤਰਾਜ਼ ਲੱਗ ਗਏ।
ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਸਰਦੇ ਪੁਜਦੇ ਪਰਿਵਾਰ ਦੇ ਵਿਅਕਤੀਆਂ ਨੂੰ ਤਰਸ ਦੇ ਆਧਾਰ ’ਤੇ ਨੌਕਰੀ ਨਹੀਂ ਦਿੱਤੀ ਜਾ ਸਕਦੀ। ਪੰਜਾਬ ਸਰਕਾਰ ਵੱਲੋਂ ਪੁਲਿਸ ਵਿੱਚ ਪਿਛਲੇ ਸਮੇਂ ਦੌਰਾਨ ਤਰਸ ਦੇ ਆਧਾਰ ’ਤੇ ਨੌਕਰੀਆਂ ਦੇਣ ਦੇ ਮਾਮਲੇ ਵਿੱਚ ਸਾਰੇ ਨਿਯਮਾਂ ਨੂੰ ਛਿੱਕੇ ਟੰਗਿਆ ਜਾਂਦਾ ਰਿਹਾ ਹੈ।
ਸਬੰਧਤ ਖ਼ਬਰ: ਸਾਬਕਾ ਮੁੱਖ ਮੰਤਰੀ ਬੇਅੰਤ ਦੇ ਪੋਤੇ ਗੁਰਇਕਬਾਲ ਨੂੰ ਡੀ.ਐਸ.ਪੀ. ਲਾਏਗੀ ਪੰਜਾਬ ਸਰਕਾਰ …