ਅੰਮ੍ਰਿਤਸਰ (4 ਫਰਵਰੀ) – ਨਕੋਦਰ ਸਾਕਾ ਜੋ 37 ਸਾਲ ਪਹਿਲਾਂ 2 ਫਰਵਰੀ 1986 ਨੂੰ ਵਾਪਰਿਆ ਸੀ। ਉਦੋਂ ਨਕੋਦਰ ਦੇ ਗੁਰੂ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪੰਜ ਬੀੜਾ ਅਗਨ ਭੇਟ ਹੋ ਗਈਆ। ਪੀੜਤ ਪਰਿਵਾਰਾਂ ਵਿੱਚੋਂ ਬਲਦੇਵ ਸਿੰਘ ਲਿੱਤਰਾਂ ਨੇ ਦੱਸਿਆ ਕਿ 1986 ਵਿੱਚ ਨਕੋਦਰ ਬੇਅਦਬੀ ਕਾਂਡ ਵਿੱਚ ਪੁਲਿਸ ਵੱਲੋਂ ਚਲਾਈਆ ਅੰਨ੍ਹੇਵਾਹ ਗੋਲੀਆ ਨਾਲ ਸ਼ਹੀਦ ਹੋਣ ਵਾਲੇ ਚਾਰ ਨੌਜਵਾਨਾਂ ਵਿੱਚ ਉਨ੍ਹਾਂ ਦਾ ਪੁੱਤਰ ਰਵਿੰਦਰ ਸਿੰਘ ਲਿੱਤਰਾਂ ਵੀ ਸ਼ਾਮਿਲ ਸੀ, ਜਿਹੜਾ ਉਦੋਂ ਮਹਿਜ 19½ ਸਾਲ ਦਾ ਸੀ। ਉਹ 37 ਸਾਲਾਂ ਤੋਂ ਇਨਸਾਫ ਦੀ ਲੜਾਈ ਲੜ ਰਹੇ ਹਨ ਪਰ ਅਜੇ ਤੱਕ ਨਕੋਦਰ ਬੇਅਦਬੀ ਕਾਂਡ ਵਿੱਚ ਸ਼ਹੀਦ ਹੋਣ ਵਾਲੇ ਚਾਰ ਸ਼ਹੀਦ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲਿਆ ਅਤੇ ਹਾਈਕੋਰਟ ਵਿੱਚ ਅਗਲੀ ਸੁਣਵਾਈ ਹੁਣ 30 ਮਾਰਚ ਨੂੰ ਹੋਵੇਗੀ।
ਉਨ੍ਹਾਂ ਦੱਸਿਆ ਕਿ ਦੁਨੀਆ ਭਰ ਵਿੱਚ ਨਕੋਦਰ ਸਾਕੇ ਨੂੰ ਸਿੱਖ ਸੰਗਤਾਂ ਮਨਾ ਰਹੀਆ ਹਨ। 3 ਫਰਵਰੀ ਨੂੰ ਕੈਲੀਫੋਰਨੀਆ ਦੀਆਂ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਅਤੇ ਵਿਦਿਆਰਥੀ ਜੱਥੇਬੰਦੀ ਜੈਕਾਰਾ ਵੱਲੋਂ ਫਰੀਮੌਂਟ ਸੈਂਟ੍ਰਵਿਲ ਕਮਿਊਨਿਟੀ ਸੈਂਟਰ ਵਿਖੇ ਸਾਕਾ ਨਕੋਦਰ ਦੇ ਸ਼ਹੀਦਾਂ ਦੀ ਯਾਦ ਵਿੱਚ ਸਭਾ ਆਯੋਜਿਤ ਕੀਤੀ, ਜਿਸ ਵਿੱਚ ਡਾ. ਹਰਿੰਦਰ ਸਿੰਘ, ਸ਼ਹੀਦ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਛੋਟੇ ਵੀਰ ਨੇ 37 ਸਾਲਾਂ ਇਨਸਾਫ ਦੀ ਲੜਾਈ ਬਾਰੇ ਵੇਰਵੇ ਸਹਿਤ ਜਾਣਕਾਰੀ ਦਿੱਤੀ।
ਸ਼ਹੀਦਾਂ ਸਿੰਘਾਂ ਦੀ ਯਾਦ ਵਿੱਚ 4 ਫਰਵਰੀ ਦਿਨ ਸ਼ਨੀਵਾਰ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਵਿਖੇ ਸਵੇਰੇ 8 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਜਿਸ ਵਿੱਚ ਸ਼ਹੀਦ ਪਰਿਵਾਰਾਂ, ਸਿੱਖ ਸੰਗਤਾਂ ਅਤੇ ਪੰਥਕ ਜੱਥੇਬੰਦੀਆਂ ਹਾਜ਼ਰ ਸਨ।
5 ਫਰਵਰੀ ਨੂੰ ਸ਼ਹੀਦ ਭਾਈ ਰਵਿੰਦਰ ਸਿੰਘ ਜੀ ਦੇ ਨਕੋਦਰ ਨੇੜਲੇ ਪਿੰਡ ਲਿੱਤਰਾਂ ਵਿੱਚ ਵੀ ਸ਼ਹੀਦੀ ਸਮਾਗਮ ਰੱਖਿਆ ਗਿਆ ਹੈ। 5 ਫਰਵਰੀ ਨੂੰ ਹੀ ਗੁਰਦੁਆਰਾ ਸਾਹਿਬ ਸੈਨ ਹੋਜ਼ੇ (ਅਮਰੀਕਾ), ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ (ਕੈਨੇਡਾ),ਗੁਰਦੁਆਰਾ ਸਿੰਘ ਸਭਾ ਬੋਬੀਨੀ (ਫਰਾਂਸ) ਅਤੇ ਗੁਰਦੁਆਰਾ ਸਿੰਘ ਸਭਾ ਫੇਅਰਫੈਕਸ, ਵਰਜ਼ੀਨੀਆ (ਅਮਰੀਕਾ) ਵਿਚ ਵੀ ਸ਼ਹੀਦੀ ਸਮਾਗਮ ਕਰਵਾਏ ਜਾ ਰਹੇ ਹਨ।
12 ਫਰਵਰੀ ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਫਰੀਮੌਂਟ,ਕੈਲੀਫੋਰਨੀਆ ਵਿਖੇ ਸੰਗਤਾਂ ਵਲੋਂ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਅਤੇ ਸ਼ਹੀਦੀ ਸਭਾ ਹੋਵੇਗੀ।
37 ਸਾਲਾਂ ਦਾ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਇਹਨਾਂ ਸਿੱਖ ਨੌਜਵਾਨਾਂ ਦੇ ਪਰਿਵਾਰ ਇਨਸਾਫ ਲਈ ਵਿਲਕ ਰਹੇ ਹਨ। ਇਸ ਕੇਸ ਦੀ ਐਫ.ਆਈ.ਆਰ ਹੀ ਨਹੀਂ ਦਰਜ ਕੀਤੀ ਗਈ, ਜਿਸ ਵਿੱਚ ਇਸ ਗੱਲ ਦਾ ਜ਼ਿਕਰ ਹੋਵੇ ਕਿ ਪੰਜਾਬ ਪੁਲਿਸ ਦੀਆਂ ਗੋਲੀਆਂ ਨਾਲ ਚਾਰ ਸਿੱਖ ਨੌਜਵਾਨ ਮਾਰੇ ਗਏ ਸਨ।
ਜਿਹੜੇ ਚਾਰ ਸਿੱਖ ਨੌਜਵਾਨ 4 ਫਰਵਰੀ 1986 ਨੂੰ ਪੁਲਿਸ ਦੀਆਂ ਗੋਲੀਆਂ ਨਾਲ ਸ਼ਹੀਦ ਹੋਏ ਸਨ, ਉਹਨਾਂ ਵਿੱਚ ਰਵਿੰਦਰ ਸਿੰਘ ਲਿੱਤਰਾਂ, ਬਲਧੀਰ ਸਿੰਘ ਰਾਮਗੜ੍ਹ, ਝਿਲਮਣ ਸਿੰਘ ਗੌਰਸੀਆ ਅਤੇ ਹਰਮਿੰਦਰ ਸਿੰਘ ਰਾਏਪੁਰ ਚਲੂਪੁਰ ਸ਼ਾਮਿਲ ਹਨ। ਇਹ ਨੌਜਵਾਨ ਆਲ ਇੰਡੀਆਂ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਆਗੂ ਸਨ।
ਪੰਜਾਬ ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਇਹਨਾਂ ਚਾਰ ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਵੀ ਵਾਰਸਾਂ ਨੂੰ ਨਹੀਂ ਸਨ ਦਿੱਤੀਆਂ। ਉਹਨਾਂ ਨੂੰ ਨਕੋਦਰ ਦੇ ਇੱਕ ਸ਼ਮਸ਼ਾਨਘਾਟ ਵਿੱਚ ਇਕੱਠਿਆਂ ਹੀ ਮਿੱਟੀ ਦਾ ਤੇਲ ਪਾ ਕੇ ਸਾੜ ਦਿੱਤਾ ਗਿਆ ਸੀ।
ਜਦੋਂ ਇਹ ਘਟਨਾ ਵਾਪਰੀ ਸੀ ਉਦੋਂ ਵੀ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ। ਉਸ ਵੇਲੇ ਦੇ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਸਨ। ਉਦੋਂ ਜਲੰਧਰ ਦੇ ਵਧੀਕ ਡਿਪਟੀ ਕਮਿਸ਼ਨਰ ਦਰਬਾਰਾ ਸਿੰਘ ਗੁਰੂ ਸਨ। ਜਿੰਨ੍ਹਾਂ ਕੋਲ ਡਿਪਟੀ ਕਮਿਸ਼ਨਰ ਦੀਆਂ ਸਾਰੀਆਂ ਤਾਕਤਾਂ ਵਰਤਣ ਦੇ ਅਧਿਕਾਰ ਵੀ ਸਨ। ਉਸ ਵੇਲੇ ਜ਼ਿਲ੍ਹਾ ਜਲੰਧਰ ਦੇ ਐਸ.ਐਸ.ਪੀ ਇਜ਼ਹਾਰ ਆਲਮ ਸਨ। ਇਹ ਦੋਵੇਂ ਸਾਬਕਾ ਅਧਿਕਾਰੀ ਸ਼੍ਰੋਮਣੀ ਅਕਾਲੀ ਦਲ ਵਿੱਚ ਅਹਿਮ ਅਹੁਦਿਆ ‘ਤੇ ਰਹਿ ਚੁੱਕੇ ਹਨ।
ਦਰਬਾਰਾ ਸਿੰਘ ਗੁਰੂ ਨੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਦੋ ਵਾਰ ਪੰਜਾਬ ਵਿਧਾਨ ਸਭਾ ਲਈ ਚੋਣ ਲੜੀ ਸੀ ਤੇ ਸਾਲ 2019 ਵਿੱਚ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਫਤਿਹਗੜ੍ਹ ਸਾਹਿਬ ਤੋਂ ਚੋਣ ਲੜੀ ਸੀ। ਦਰਬਾਰਾ ਸਿੰਘ ਗੁਰੂ ਸਾਰੀਆਂ ਚੋਣਾ ਹਾਰ ਗਏ ਸਨ। ਇਸ ਘਟਨਾ ਦੀ ਜਾਂਚ ਵਿੱਚ ਜਸਟਿਸ ਗੁਰਨਾਮ ਸਿੰਘ ਜਾਂਚ ਕਮਿਸ਼ਨ ਬਣਾਇਆ ਗਿਆ ਸੀ। ਜਿਸ ਨੇ ਆਪਣੀ ਰਿਪੋਰਟ ਦੋ ਭਾਗਾਂ ਵਿੱਚ ਬਣਾਕੇ 31 ਅਕਤੂਬਰ 1986 ਨੂੰ ਸੌਂਪ ਦਿੱਤੀ ਸੀ।
ਜਿਹੜੇ ਚਾਰ ਸਿੱਖ ਨੌਜਵਾਨ ਇਸ ਕਾਂਡ ਵਿੱਚ ਮਾਰੇ ਗਏ ਸਨ, ਉਹਨਾਂ ਵਿਚੋਂ ਰਵਿੰਦਰ ਸਿੰਘ ਲਿੱਤਰਾਂ ਦੇ ਪਿਤਾ ਬਲਦੇਵ ਸਿੰਘ ਲਿੱਤਰਾ ਕੈਨੇਡਾ ਵਿੱਚ ਰਹਿੰਦੇ ਹਨ ਜੋ ਕੇਸ ਦੀ ਪੈਰਵਾਈ ਕਰ ਰਹੇ ਹਨ। ਬਾਕੀ ਤਿੰਨ ਸਿੱਖ ਨੌਜਵਾਨਾਂ ਦਾ ਮਾਪੇ ਤਾਂ ਇਨਸਾਫ ਦੀ ਉਡੀਕ ਕਰਦਿਆਂ-ਕਰਦਿਆਂ ਮਰ ਚੁੱਕੇ ਹਨ।
ਬਲਦੇਵ ਸਿੰਘ ਲਿੱਤਰਾਂ ਨੇ ਦੱਸਿਆ ਕਿ ਇਸ ਰਿਪੋਰਟ ਦਾ ਭਾਗ ਪਹਿਲਾਂ ਤਾਂ ਸਾਲ 2001 ਵਿੱਚ ਮੁੱਖ ਮੰਤਰੀ ਹੁੰਦਿਆ ਹੋਇਆ ਪਰਕਾਸ਼ ਸਿੰਘ ਬਾਦਲ ਨੇ ਪੇਸ਼ ਕੀਤਾ ਸੀ। ਪਰ ਇਸ ਤੇ ਕੋਈ ਬਹਿਸ ਨਹੀਂ ਸੀ ਹੋਈ ਤੇ ਨਾ ਹੀ ਐਕਸ਼ਨ ਟੇਕਨ ਰਿਪੋਰਟ ਪੇਸ਼ ਕੀਤੀ ਗਈ ਸੀ। ਰਿਪੋਰਟ ਪੇਸ਼ ਕਰਨ ਦੇ ਨਾਲ ਹੀ ਪੰਜਾਬ ਵਿਧਾਨ ਸਭਾ ਦਾ ਸ਼ੈਸ਼ਨ ਬਰਖਾਸਤ ਕਰ ਦਿੱਤਾ ਗਿਆ ਸੀ ਤੇ ਇਸੇ ਰੌਲੇ-ਰੱਪੇ ਦੀ ਭੇਂਟ ਇਹ ਰਿਪੋਰਟ ਚੜ ਗਈ ਸੀ।
ਜਦੋਂ ਬਰਗਾੜੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ‘ਤੇ ਪੰਜਾਬ ਵਿਧਾਨ ਸਭਾ ਵਿੱਚ ਬਹਿਸ ਹੋ ਰਹੀ ਸੀ ਤਾਂ ਉਦੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੰਵਰ ਸੰਧੂ ਨੇ ਇਸ ਮਾਮਲੇ ਦਾ ਜ਼ਿਕਰ ਕੀਤਾ ਸੀ ਤੇ ਉਹਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਵੀ ਲਿਖਿਆ ਸੀ। ਆਪ ਦੇ ਹੀ ਵਿਧਾਇਕ ਐਚ.ਐਸ. ਫੂਲਕਾ ਨੇ ਵੀ ਮੁੱਖ ਮੰਤਰੀ ਪੰਜਾਬ ਨੂੰ ਚਿੱਠੀ ਲਿਖ ਕੇ ਇਨਸਾਫ ਦੀ ਮੰਗ ਕੀਤੀ ਸੀ। ਐਮ.ਪੀ ਹੁੰਦਿਆ ਹੋਇਆ ਡਾ. ਧਰਮਵੀਰ ਗਾਂਧੀ ਨੇ ਉਸ ਵੇਲੇ ਦੇ ਕੇਂਦਰੀ ਗ੍ਰਹਿ ਮੰਤਰੀ ਰਾਜ ਨਾਥ ਸਿੰਘ ਨੂੰ ਲਿਖਤੀ ਪੱਤਰ ਦਿੱਤਾ ਸੀ। ਉਹਨਾਂ ਕੋਲੋਂ ਇਨਸਾਫ ਦੀ ਮੰਗ ਕੀਤੀ ਸੀ। ਡਾ. ਗਾਂਧੀ ਨੇ ਨਕੋਦਰ ਕਾਂਡ ਨੂੰ ਬਰਗਾੜੀ ਕਾਂਡ ਤੋਂ ਵੀ ਵੱਡਾ ਕਾਂਡ ਦੱਸਿਆ ਸੀ ਕਿ ਬਰਗਾੜੀ ਕਾਂਡ ਵਿੱਚ ਇਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੀ ਬੇਅਦਬੀ ਹੋਈ ਸੀ ਤੇ ਪੰਜਾਬ ਪੁਲਿਸ ਦੀਆਂ ਗੋਲੀਆਂ ਨਾਲ ਦੋ ਸਿੱਖ ਨੌਜਵਾਨ ਮਾਰੇ ਗਏ ਸਨ। ਜਦਕਿ ਨਕੋਦਰ ਕਾਂਡ ਵਿੱਚ ਪੰਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਸੜ ਗਈਆਂ ਸਨ ਤੇ ਪੁਲਿਸ ਦੀਆਂ ਗੋਲੀਆਂ ਨਾਲ ਚਾਰ ਸਿੱਖ ਨੌਜਵਾਨ ਮਾਰੇ ਗਏ ਸਨ।
ਕਾਂਗਰਸ ਨੇ 2019 ਦੀਆਂ ਲੋਕ ਸਭਾ ਚੋਣਾ ਦੌਰਾਨ ਨਕੋਦਰ ਬੇਅਦਬੀ ਕਾਂਡ ਨੂੰ ਮੁੱਦਾ ਵੀ ਬਣਾਇਆ ਸੀ। ਐਮ.ਪੀ ਚੌਧਰੀ ਸੰਤੋਖ ਸਿੰਘ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਇਸ ਦਾ ਬਹੁਤ ਜਿਆਦਾ ਪ੍ਰਚਾਰ ਕੀਤਾ ਸੀ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਨੂੰ ਇਸ ਬਾਰੇ ਸਫਾਈਆ ਦੇਣੀਆ ਪੈ ਰਹੀਆ ਹਨ ਕਿਉਂਕਿ ਸਾਲ 2001 ਵਿੱਚ ਜਦੋਂ ਪੰਜਾਬ ਵਿਧਾਨ ਸਭਾ ਵਿੱਚ ਇਹ ਰਿਪੋਰਟ ਪੇਸ਼ ਕੀਤੀ ਗਈ ਸੀ, ਉਦੋਂ ਸਪੀਕਰ ਦੀ ਕੁਰਸੀ ਤੇ ਚਰਨਜੀਤ ਸਿੰਘ ਅਟਵਾਲ ਹੀ ਬੈਠੇ ਹੋਏ ਸਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਕੋਦਰ ਕਾਂਡ ਤੋਂ ਅਣਜਾਣਤਾ ਪ੍ਰਗਟਾਈ ਸੀ। ਉਨ੍ਹਾਂ ਕਿਹਾ ਸੀ ਕਿ ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਇਹ ਇਕ ਇਤਫਾਕ ਹੀ ਸੀ ਕਿ ਇਸ ਕਾਂਡ ਦੀ 33 ਵਰ੍ਹੇਗੰਢ ਮੌਕੇ ਸੁਖਬੀਰ ਸਿੰਘ ਬਾਦਲ 4 ਫਰਵਰੀ 2019 ਨੂੰ ਨਕੋਦਰ ਵਿੱਚ ਹੀ ਸਨ ਤੇ ਇਹ ਕਾਂਡ ਵੀ 4 ਫਰਵਰੀ 1986 ਨੂੰ ਨਕੋਦਰ ਵਿੱਚ ਵੀ ਵਾਪਰਿਆ ਸੀ ਪਰ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਨਹੀਂ ਆਏ।
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਰਤਾਰਪੁਰ ਦੀ ਇਕ ਚੋਣ ਰੈਲੀ ਨੂੰ ਸੰਬੋਧਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਾਂ ਇਥੋਂ ਤੱਕ ਕਹਿ ਦਿੱਤਾ ਸੀ ਕਿ ਨਕੋਦਰ ਵਰਗੇ ਮਾੜੇ ਮੋਟੇ ਕਾਂਡ ਤਾਂ ਹੁੰਦੇ ਹੀ ਰਹਿੰਦੇ ਹਨ।
ਇਸ ਮੌਕੇ ਸ੍ਰੀ ਦਰਬਾਰ ਸਾਹਿਬ, ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ 04-02-2023 ਨੂੰ ਮਨਾਏ ਗਏ ਸਮਾਗਮ ਵਿੱਚ ਬੀਬੀ ਪਰਮਜੀਤ ਕੌਰ ਖਾਲੜਾ, ਭਾਈ ਕੇਵਲ ਸਿੰਘ ਸਾਬਕਾ ਜੱਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ, ਸ੍ਰ. ਬਲਦੇਵ ਸਿੰਘ, ਭਾਈ ਨਰਾਇਣ ਸਿੰਘ ਚੌੜਾ, ਜਗਜੀਤ ਸਿੰਘ ਬਾਜਵਾ ਐਡਵੋਕੇਟ, ਬਲਜਿੰਦਰ ਸਿੰਘ ਬਾਜਵਾ ਪੰਜਾਬ ਡਾਕੂਮੈਂਟੇਸ਼ਨ ਐਡਵੋਕੇਸੀ ਪ੍ਰੋਜੈਕਟ, ਭਾਈ ਮਹਿੰਦਰ ਸਿੰਘ ਜਨਰਲ ਸਕੱਤਰ ਅਕਾਲ ਫੈਡਰੇਸ਼ਨ, ਤੇਜਿੰਦਰ ਸਿੰਘ, ਸ੍ਰ. ਜੱਸਾ ਸਿੰਘ ਮੰਡਿਆਲਾ, ਭਾਈ ਕੰਵਰਪਾਲ ਸਿੰਘ ਦਲ ਖਾਲਸਾ, ਬਲਕਾਰ ਸਿੰਘ ਬਿੱਲਾ ਜੋਧਪੁਰੀ, ਸਰਬਜੀਤ ਸਿੰਘ ਘੁਮਾਣ, ਪਵਨਦੀਪ ਸਿੰਘ ਤੀਰਵਾਲਾ, ਸ੍ਰ. ਜਸਜੀਤ ਸਿੰਘ ਕੈਲੀਫੋਰਨੀਆ, ਗਗਨਦੀਪ ਸਿੰਘ, ਕੁਲਦੀਪ ਸਿੰਘ ਬੱਚੀਵਿੰਡ, ਭਵਨਦੀਪ ਸਿੰਘ ਆਦਿ ਸ਼ਹੀਦ ਪਰਿਵਾਰਾਂ ਦੇ ਮੈਂਬਰ ਅਤੇ ਹੋਰ ਸੱਜਣ ਹਾਜ਼ਰ ਸਨ।