ਚੰਡੀਗੜ੍ਹ: ਕਰੋਨਾ ਮਹਾਂਮਾਰੀ ਦੇ ਦੌਰਾਨ ਸੰਸਾਰ ਅਤੇ ਸੰਸਾਰ ਦੀਆਂ ਤਾਕਤਾਂ ਦੇ ਆਪਸੀ ਸੰਬੰਧ ਤੇਜੀ ਨਾਲ ਬਦਲ ਰਹੇ ਹਨ। ਲੰਘੇ ਸਮੇਂ ਦੌਰਾਨ ਅਮਰੀਕਾ ਦੀ ਸਰਦਾਰੀ ਵਾਲੇ ਇਕ ਧਰੁਵੀ ਰਹੇ ਸੰਸਾਰ ਵਿਚ ਅਮਰੀਕਾ ਪੱਖੀ ਚੱਲਦੇ ਆ ਰਹੇ ਯੂਰਪ ਵਿਚ ਵੀ ਹੁਣ ਬਦਲ ਰਹੇ ਆਲਮੀ ਤਾਕਤ ਦੇ ਤਵਾਜਨ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ।
ਲੰਘੇ ਮੰਗਲਵਾਰ ਯੂਰਪੀ ਯੂਨੀਅਨ ਵੱਲੋਂ ਕਰੋਨਾ ਮਹਾਂਮਾਰੀ ਬਾਰੇ ਫੈਲੀ ਗਲਤ-ਜਾਣਕਾਰੀ ਬਾਬਤ ਇਕ ਲੇਖਾ ਜਾਰੀ ਕੀਤਾ ਜਾਣਾ ਸੀ।
ਪੋਲਿਟਿਕੋ ਨੇ ਮੰਗਲਵਾਰ ਨੂੰ ਸਵੇਰੇ ਇਸ ਲੇਖੇ ਦੇ ਕੁਝ ਅੰਸ਼ ਛਾਪਦਿਆਂ ਕਿਹਾ ਸੀ ਕਿ ਇਹ ਲੇਖਾ ਦਿਨ ਦੇ ਦੌਰਾਨ (ਭਾਵ ਮੰਗਲਵਾਰ ਹੀ) ਜਨਤਕ ਕੀਤੇ ਜਾਣ ਦੇ ਅਸਾਰ ਹਨ।
ਹੁਣ ਇਹ ਜਾਣਕਾਰੀ ਕੌਮਾਂਤਰੀ ਖਬਰਖਾਨੇ ਵਿਚ ਨਸ਼ਰ ਹੋ ਰਹੀ ਹੈ ਕਿ ਉਸੇ ਦਿਨ ਚੀਨ ਦੇ ਅਧਿਕਾਰੀਆਂ ਨੇ ਫੁਰਤੀ ਨਾਲ ਕੰਮ ਕਰਦਿਆਂ ਯੂਰਪੀ ਯੂਨੀਅਨ ਦੇ ਨੁਮਾਇੰਦਿਆਂ ਨਾਲ ਸੰਪਰਕ ਕਰਕੇ ਇਸ ਲੇਖੇ ਨੂੰ ਰੁਕਵਾਉਣ ਲਈ ਪੂਰਾ ਤਾਣ ਲਾਇਆ।
ਅਮਰੀਕਾ ਦੇ ਅਖਬਾਰ ਨਿਊਯਾਰਕ ਟਾਈਮਜ ਮੁਤਾਬਿਕ ਬਰਸਲਜ (ਯੂਰਪੀ ਯੂਨੀਅਨ) ਨੇ ਬੀਜਿੰਗ (ਚੀਨ) ਦੇ ਦਬਾਅ ਅੱਗੇ ਝੁਕਦਿਆਂ ਇਸ ਲੇਖੇ ਵਿਚ ਚੀਨ ਖਿਲਾਫ ਜਾਂਦੀ ਜਾਣਕਾਰੀ ਦੇ ਕਈ ਹਿੱਸੇ ਹਟਾ ਦਿੱਤੇ ਹਨ ਅਤੇ ਬਾਕੀ ਦੀ ਬੋਲੀ ਪਹਿਲਾਂ ਨਾਲੋਂ ਬਹੁਤ ਨਰਮ ਕਰ ਦਿੱਤੀ ਹੈ।
ਮੰਨਿਆ ਜਾ ਰਿਹਾ ਹੈ ਕਿ ਯੂਰਪੀ ਯੂਨੀਅਨ ਵੱਲੋਂ ਅਜਿਹਾ ਕਰੋਨਾ ਮਹਾਮਾਰੀ ਤੋਂ ਬਾਅਦ ਚੀਨ ਨਾਲ ਆਪਣੇ ਵਪਾਰਕ ਸੰਬੰਧ ਬਿਹਤਰ ਰੱਖਣ ਲਈ ਕੀਤਾ ਗਿਆ ਹੈ।