ਲੈਸਟਰ (ਇੰਗਲੈਂਡ): ਹੁਣ ‘ਬ੍ਰੇਕਜ਼ਿਟ’ ਦੇ ਚਲਦੇ ਈ.ਯੂ. ਤੋਂ ਅੰਗਰੇਜ਼ੀ ਭਾਸ਼ਾ ਦੀ ਵਿਦਾਈ ਹੋ ਸਕਦੀ ਹੈ। ਅੰਗਰੇਜ਼ੀ ਯੂਰਪੀ ਸੰਘ ਦੇ ਸੰਸਥਾਨਾਂ ਲਈ ਪਹਿਲੀ ਪਸੰਦ ਰਹੀ ਹੈ ਪਰ ਈ.ਯੂ. ਤੋਂ ਬਾਹਰ ਹੋਣ ਲਈ ਪਿਛਲੇ ਹਫ਼ਤੇ ਬ੍ਰਿਟੇਨ ਦੇ ਵੋਟ ਪਾਉਣ ਨਾਲ ਇਸ ਦੀ ਵਰਤੋਂ ‘ਤੇ ਪਾਬੰਦੀ ਲੱਗ ਸਕਦੀ ਹੈ।
ਯੂਰਪੀ ਸੰਸਦ ਦੀ ਸੰਵਿਧਾਨਕ ਮਾਮਲਿਆਂ ਦੀ ਕਮੇਟੀ ਦੀ ਅਗਵਾਈ ਕਰਨ ਵਾਲੀ ਯੂਰਪੀ ਸੰਸਦ ‘ਚ ਪੋਲੈਂਡ ਦੀ ਮੈਂਬਰ ਦਾਨੁਤਾ ਹਬਨਰ ਨੇ ਕਿਹਾ, ‘ਸਾਡਾ ਇਹ ਨਿਯਮ ਹੈ ਕਿ ਹਰ ਈ.ਯੂ. ਦੇਸ਼ ਕੋਲ ਇਹ ਅਧਿਕਾਰ ਹੈ ਕਿ ਉਹ ਇਕ ਅਧਿਕਾਰਕ ਭਾਸ਼ਾ ਨੂੰ ਨੋਟੀਫਾਈਡ ਕਰੇ।’ ਉਨ੍ਹਾਂ ਕਿਹਾ, ‘ਆਇਰਿਸ਼ ਨੇ ਗੇਈਲਿਕ ਨੂੰ ਤੇ ਮਾਲਟੀਜ਼ ਨੇ ਮਾਲਟੀਜ਼ ਨੂੰ ਅਪਣਾਇਆ, ਇਸੇ ਤਰ੍ਹਾਂ ਸਿਰਫ਼ ਬ੍ਰਿਟੇਨ ਨੇ ਅੰਗਰੇਜ਼ੀ ਨੂੰ ਅਪਣਾਇਆ ਹੈ ਙ’ ‘ਦਿ ਟਾਈਮਜ਼’ ਦੀ ਖਬਰ ਮੁਤਾਬਕ, ਹਬਨਰ ਨੇ ਕਿਹਾ ਕਿ ਈ.ਯੂ. ਨੌਕਰਸ਼ਾਹਾਂ ਤੇ ਯੂਰਪੀ ਸੰਸਦ ਮੈਂਬਰਾਂ ਵੱਲੋਂ ਪ੍ਰਭਾਵਸ਼ਾਲੀ ਭਾਸ਼ਾ ਅੰਗਰੇਜ਼ੀ ਦੀ ਵਰਤੋਂ ਕੀਤੇ ਜਾਣ ਦੇ ਬਾਵਜੂਦ ਜੇ ਤੁਹਾਡੇ ਕੋਲ ਬ੍ਰਿਟੇਨ ਨਹੀਂ ਹੈ ਤਾਂ ਤੁਹਾਡੇ ਕੋਲ ਅੰਗਰੇਜ਼ੀ ਨਹੀਂ ਹੈ। ਇਸ ਭਾਸ਼ਾ ਨੂੰ ਬਰਕਰਾਰ ਰੱਖਣ ਲਈ ਨਿਯਮਾਂ ‘ਚ ਬਦਲਾਅ ਕਰਨਾ ਪਵੇਗਾ, ਜਿਸ ਲਈ ਬਾਕੀ 27 ਮੈਂਬਰਾਂ ਵੱਲੋਂ ਸਹਿਮਤੀ ਬਣਾਉਣ ਦੀ ਲੋੜ ਹੈ।
ਈ.ਯੂ. ਦੀਆਂ ਅਧਿਕਾਰਕ 24 ਭਾਸ਼ਾਵਾਂ ਹਨ ਪਰ ਰੋਜ਼ ਦੇ ਕੰਮਕਾਜ ਲਈ ਯੂਰਪੀ ਕਮਿਸ਼ਨ ਤੇ ਪ੍ਰੀਸ਼ਦ ਦੇ ਮੰਤਰੀ ਅੰਗਰੇਜ਼ੀ, ਫਰੈਂਚ ਤੇ ਜਰਮਨ ਭਾਸ਼ਾਵਾਂ ਦੀ ਵਰਤੋਂ ਕਰਦੇ ਹਨ। ਈ.ਯੂ. ਦੇ ਦਸਤਾਵੇਜ਼ਾਂ ਤੇ ਕਾਨੂੰਨੀ ਦਸਤਾਵੇਜ਼ਾਂ ਦਾ ਸੰਗਠਨ ਦੀਆਂ 24 ਅਧਿਕਾਰਕ ਭਾਸ਼ਾਵਾਂ ‘ਚ ਅਨੁਵਾਦ ਹੁੰਦਾ ਹੈ।
ਜੇ ਅੰਗਰੇਜ਼ੀ ਇਹ ਦਰਜਾ ਗੁਆ ਦਿੰਦੀ ਹੈ ਤਾਂ ਬਰਤਾਨੀਆ ਵਾਸੀਆਂ ਨੂੰ ਖੁਦ ਤੋਂ ਅਨੁਵਾਦ ਕਰਨਾ ਪਵੇਗਾ ਯੂਰਪੀ ਸੰਘ ਦੇ 28 ਦੇਸ਼ਾਂ ‘ਚ ਬ੍ਰਿਟੇਨ ਤੋਂ ਇਲਾਵਾ ਕਿਸੇ ਵੀ ਦੇਸ਼ ਨੇ ਅੰਗਰੇਜ਼ੀ ਭਾਸ਼ਾ ਨੂੰ ਐਲੀਮੈਂਟਰੀ ਭਾਸ਼ਾ ਦੇ ਰੂਪ ‘ਚ ਨਹੀਂ ਰੱਖਿਆ ਹੈ।