ਲੰਡਨ: ਇੰਗਲੈਂਡ ਦੀਆਂ 10 ਸਿੱਖ ਜਥੇਬੰਦੀਆਂ ਦੇ ਤਾਲਮੇਲ ਵਾਲੀ ਜਥੇਬੰਦੀ “ਫੈਡਰੇਸ਼ਨ ਆਫ ਸਿੱਖ ਆਗਰੇਨਾਈਜ਼ੇਸ਼ਨਸ” (ਐਫ. ਐਸ. ਓ.) ਵੱਲੋਂ ਜਾਰੀ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇੰਗਲੈਂਡ ਦੇ 225 ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਨੇ ਭਾਰਤੀ ਨੁਮਾਇੰਦਿਆਂ ਦੇ ਸਰਕਾਰੀ ਦੌਰਿਆਂ ‘ਤੇ ਰੋਕ ਲਾਉਣ ਦੇ ਫੈਸਲੇ ਨਾਲ ਸਹਿਮਤੀ ਪਰਗਟਾਈ ਹੈ। ਜ਼ਿਕਰਯੋਗ ਹੈ ਕਿ ਕਨੇਡਾ ਦੇ ਓਂਟਾਰੀਓ ਸੂਬੇ ਦੀਆਂ ਮੁੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਜਨਵਰੀ 2018 ਵਿੱਚ ਭਾਰਤੀ ਸਫੀਰਾਂ ਤੇ ਹੋਰ ਭਾਰਤੀ ਨੁਮਾਇੰਦਿਆਂ ਨੂੰ ਗੁਰਦੁਆਰਾ ਸਾਹਿਬਾਨ ਦੇ ਮੰਚ ਤੋਂ ਬੋਲਣ ਦੀ ਇਜਾਜ਼ਤ ਨਾ ਦੇਣ ਦਾ ਐਲਾਨ ਕੀਤਾ ਗਿਆ ਸੀ। ਕਨੇਡਾ ਦੀਆਂ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਐਲਾਨ ਕੀਤਾ ਸੀ ਕਿ ਇਹ ਫੈਸਲਾ ਭਾਰਤੀ ਨੁਮਾਇੰਦਿਆਂ ਵੱਲੋਂ ਸਿੱਖ ਪੰਥ ਦੇ ਅੰਦਰੂਨੀ ਮਾਮਲਿਆਂ ਵਿੱਚ ਕੀਤੀ ਜਾਂਦੀ ਬੇਲੋੜੀ ਦਖਅੰਦਾਜ਼ੀ ਨੂੰ ਰੋਕਣ ਲਈ ਲਿਆ ਗਿਆ ਹੈ। ਇਸ ਤੋਂ ਬਾਅਦ ਅਮਰੀਕਾ, ਇੰਗਲੈਂਡ, ਯੂਰਪ ਤੇ ਆਸਟ੍ਰੇਲੀਆ ਦੇ ਸਿੱਖ ਭਾਈਚਾਰੇ ਵੱਲੋਂ ਵੀ ਭਾਰਤੀ ਨੁਮਾਇੰਦਿਆਂ ਦੇ ਸਰਕਾਰੀ ਦੌਰਿਆਂ ‘ਤੇ ਰੋਕ ਲਾਉਣ ਦਾ ਐਲਾਨ ਕਰ ਦਿੱਤਾ ਸੀ।
ਐਫ. ਐਸ. ਓ. ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਇੰਗਲੈਂਡ ਦੇ ਬਹੁਤੇ ਗੁਰੂਘਰਾਂ ਵਿੱਚ 1984 ਦੇ ਘੱਲੂਘਾਰੇ ਤੋਂ ਬਾਅਦ ਭਾਰਤ ਸਰਕਾਰ ਦੇ ਨੁਮਾਇੰਦਿਆਂ ਦੇ ਸਰਕਾਰੀ ਦੌਰਿਆਂ ‘ਤੇ ਰੋਕ ਲੱਗ ਗਈ ਸੀ ਜੋ ਕਿ ਅੱਜ ਤੱਕ ਜਾਰੀ ਹੈ। ਜਥੇਬੰਦੀ ਨੇ ਕਿਹਾ ਕਿ ਹੁਣ ਤੱਕ ਇੰਗਲੈਂਡ ਦੇ 225 ਗੁਰਦੁਆਰਾ ਸਾਹਿਬਾਨ ਨੇ ਇਸ ਰੋਕ ਦੇ ਜਾਰੀ ਰਹਿਣ ਦੀ ਪੁਸ਼ਟੀ ਕਰ ਦਿੱਤੀ ਹੈ।
ਉਨ੍ਹਾਂ ਭਾਰਤੀ ਮੀਡੀਆ ਵਿੱਚ ਨਸ਼ਰ ਹੋਈਆਂ ਉਨ੍ਹਾਂ ਖਬਰਾਂ ਦਾ ਖੰਡਨ ਕੀਤਾ ਹੈ ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ‘ਕਾਲੀ ਸੂਚੀ” ਦੇ ਡਰੋਂ ਕਮੇਟੀਆਂ ਰੋਕ ਦੇ ਫੈਸਲੇ ਤੋਂ ਪਿੱਛੇ ਹਟਣ ਲੱਗ ਪਈਆਂ ਹਨ।
ਇਸ ਖਬਰ ਨੂੰ ਹੋਰ ਵਧੇਰੇ ਵਿਸਤਾਰ ਨਾਲ ਪੜ੍ਹਨ ਲਈ ਵੇਖੋ – Over 225 UK Gurdwaras Back Restrictions on Indian Government Officials: FSO