ਸਿਆਸੀ ਖਬਰਾਂ

ਜੀ.ਕੇ., ਸਿਰਸਾ ਦੇ ਭਿਸ਼ਟਾਚਾਰ ਕਰਕੇ ਇੰਜੀਨੀਅਰਿੰਗ ਤੇ ਪੋਲੀਟੈਕਨੀਕ ਇੰਸਟੀਚਿਊਟ ਬੰਦ ਹੋਏ: ਸਰਨਾ

By ਸਿੱਖ ਸਿਆਸਤ ਬਿਊਰੋ

August 04, 2016

ਨਵੀਂ ਦਿੱਲੀ: ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਅੱਜ ਇਥੇ ਪੱਤਰਕਾਰਾਂ ਨਾਲ ਮਿਲਣੀ ਦੌਰਾਨ ਕਿਹਾ ਕਿ ਬਾਦਲ ਦਲੀਆਂ ਵਲੋਂ ਫੈਲਾਏ ਗਏ ਘੋਰ ਭ੍ਰਿਸ਼ਟਾਚਾਰ ਤੇ ਪ੍ਰਬੰਧਕੀ ਨਾਕਾਮੀਆਂ ਕਰਕੇ ਹੀ ਦਿੱਲੀ ਦੇ ਸਿੱਖਾਂ ਦੇ 2 ਨਾਮਵਰ ਉਚ ਤਕਨੀਕੀ ਵਿਦਿਅਕ ਅਦਾਰੇ ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਟੈਕਨਾਲੋਜੀ (ਇੰਜੀਨੀਰਿੰਗ ਕਾਲਜ) ਰਾਜੌਰੀ ਗਾਰਡਨ ਅਤੇ ਗੁਰੂ ਤੇਗ ਬਹਾਦਰ ਪੋਲੀਟੈਕਨਿਕ ਇੰਸਟੀਚਿਊਟ ਵਸੰਤ ਵਿਹਾਰ ਬੰਦ ਹੋ ਗਏ ਹਨ। ਉਨ੍ਹਾਂ ਨੇ ਕਿਹਾ ਕਿ ਦਿੱਲੀ ਹਾਈਕੋਰਟ ਨੇ ਇਨ੍ਹਾਂ ਵਿਦਿਅਕ ਸੰਸਥਾਵਾਂ ਵਿਚ ਸਾਲ 2016-17 ਵਿਦਿਅਕ ਵਰ੍ਹੇ ਲਈ ਪ੍ਰੋਵਿਜ਼ਨਲ ਦਾਖਲੇ ਦੇਣ ਸਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ। ਜਿਸ ਨਾਲ ਸੈਂਕੜੇ ਸਿੱਖ ਬੱਚੇ ਇਨ੍ਹਾਂ ਅਦਾਰਿਆਂ ਵਿਚ ਉਚ ਤਕਨੀਕੀ ਸਿੱਖਿਆ ਪ੍ਰਾਪਤ ਕਰਨ ਤੋਂ ਵਾਂਝੇ ਰਹਿ ਜਾਣਗੇ।

ਸਰਨਾ ਨੇ ਕਿਹਾ ਕਿ ਸਿੱਖ ਵਿਦਿਅਕ ਜਗਤ ਇਸ ਵੇਲੇ ਕਾਲੇ ਦੌਰ ਤੋਂ ਗੁਜਰ ਰਿਹਾ ਹੈ। ਜਿਸ ਦੀ ਮੂਲ ਵਜ੍ਹਾ ਬਾਦਲ ਦਲੀਆਂ ਵਲੋਂ ਭ੍ਰਿਸ਼ਟਾਚਾਰ ਅਤੇ ਉਨ੍ਹਾਂ ਦੀਆਂ ਪ੍ਰਬੰਧਕੀ ਨਾਕਾਮੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜੀ.ਕੇ. ਤੇ ਸਿਰਸਾ ਦੀਆਂ ਨਾਲਾਇਕੀਆਂ ਦੀ ਵਜ੍ਹਾ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚਲਦੇ ਵਿਦਿਅਕ ਅਦਾਰਿਆਂ ਦੀ ਗਿਣਤੀ ਵੱਧਣ ਦੀ ਬਜਾਏ ਪਹਿਲਾਂ ਤੋਂ ਸਥਾਪਤ ਅਦਾਰੇ ਵੀ ਬੰਦ ਹੁੰਦੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜੀ.ਕੇ. ਤੇ ਉਨ੍ਹਾਂ ਦੇ ਸਿਆਸੀ ਅਕਾਵਾਂ ਨੇ ਗੁਰਦੁਆਰਾ ਕਮੇਟੀ ਦੀਆਂ ਪਿਛਲੀਆਂ ਆਮ ਚੋਣਾਂ ਸਮੇਂ ਦਿੱਲੀ ਦੀਆਂ ਸੰਗਤਾਂ ਨਾਲ ਵਾਅਦੇ ਕੀਤੇ ਸਨ ਕਿ ਦਿੱਲੀ ਵਿਚ 12 ਨਵੇਂ ਸਕੂਲ ਖੋਲ੍ਹੇ ਜਾਣਗੇ। ਉਨ੍ਹਾਂ ਵਾਅਦਿਆਂ ਨੂੰ ਪੂਰਾ ਕਰਨਾ ਤਾਂ ਦੂਰ ਇਨ੍ਹਾਂ ਨੇ ਤਾਂ ਵਰ੍ਹਿਆਂ ਤੋਂ ਚਲੇ ਆ ਰਹੇ ਉਚ ਤਕਨੀਕੀ ਵਿਦਿਅਕ ਅਦਾਰਿਆਂ ਨੂੰ ਹੀ ਬੰਦ ਕਰਵਾ ਦਿੱਤਾ ਹੈ।

ਸਰਨਾ ਨੇ ਕਿਹਾ ਕਿ ਇਨ੍ਹਾਂ ਉਚ ਸਿੱਖਿਅਕ ਅਦਾਰਿਆਂ ਤੋਂ ਇਲਾਵਾ ਜੀ.ਕੇ. ਤੇ ਸਿਰਸਾ ਨੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਖਾਤਿਆਂ ਨੂੰ ਇਕ ਪੂਲ ਵਿਚ ਜੋੜਣ ਦੀ ਸਾਜਿਸ਼ ਵੀ ਰਚੀ ਹੈ। ਜਿਸ ਨਾਲ ਆਰਥਕ ਤੌਰ ‘ਤੇ ਮਜਬੂਤ ਸਕੂਲਾਂ ਦੇ ਫੰਡਾਂ ਦੀ ਲੁਟ ਖਸੂਟ ਕੀਤੀ ਜਾ ਸਕੇ। ਸਰਨਾ ਨੇ ਕਿਹਾ ਕਿ ਜੀ.ਕੇ., ਸਿਰਸਾ ਸਾਜਿਸ਼ ਅਧੀਨ ਸਿੱਖ ਵਿਦਿਅਕ ਅਦਾਰਿਆਂ ਤੇ ਸਕੂਲਾਂ ਦਾ ਭਗਵਾ ਕਰਣ ਵਿਚ ਲੱਗੇ ਹੋਏ ਹਨ ਤਾਂ ਜੋ ਸਿੱਖ ਵਿਚਾਰਧਾਰਾ ‘ਤੇ ਆਧਾਰਤ ਸਕੂਲਾਂ ਦੀ ਸਿੱਖੀ ਦੀ ਨੀਂਵ ਨੂੰ ਕਮਜ਼ੋਰ ਕੀਤਾ ਜਾ ਸਕੇ।

ਸਰਨਾ ਨੇ ਕਿਹਾ ਕਿ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਿੱਖ ਵਿਦਿਅਕ ਅਦਾਰਿਆਂ ਦੇ ਬੰਦ ਹੋਣ ਤੇ ਭਗਵਾਕਰਣ ਤੋਂ ਬਚਾਉਣ ਲਈ ਵੱਡੀ ਮੁਹਿੰਮ ਆਰੰਭ ਕਰੇਗਾ ਤਾਂ ਜੋ ਕੌਮ ਦੇ ਬੱਚਿਆਂ ਦੇ ਉਚ ਮਿਆਰੀ ਤਕਨੀਕੀ ਸਿੱਖਿਆ ਪ੍ਰਾਪਤ ਕਰਨ ਦੇ ਅਧਿਕਾਰ ਦੀ ਰਾਖੀ ਕੀਤੀ ਜਾ ਸਕੇ ਤੇ ਸੰਗਤਾਂ ਦੇ ਪੈਸੇ ਨਾਲ ਬਣਾਏ ਗਏ ਇਨ੍ਹਾਂ ਵਿਦਿਅਕ ਅਦਾਰਿਆਂ ਨੂੰ ਕਿਸੇ ਵੀ ਕੀਮਤ ਤੇ ਬੰਦ ਨਹੀਂ ਹੋਣ ਦਿੱਤਾ ਜਾਵੇਗਾ। ਇਹ ਕੌਮ ਦੀ ਅਮਾਨਤ ਹਨ ਕਿਸੇ ਪਰਿਵਾਰ ਦੀ ਨਿੱਜੀ ਜਾਗੀਰ ਨਹੀਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: