ਚੰਡੀਗੜ੍ਹ: ਤਖ਼ਤ ਪਟਨਾ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਗਠਨ ਲਈ ਚੋਣ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਸਬੰਧੀ ਮੁੱਖ ਚੋਣ ਅਧਿਕਾਰੀ ਫੂਲ ਸਿੰਘ ਨੇ ਚੋਣ ਪ੍ਰੋਗਰਾਮ ਜਾਰੀ ਕੀਤਾ ਹੈ। ਵੋਟਾਂ ਦੀ ਸੁਧਾਈ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ 30 ਮਈ ਤੋਂ 5 ਜੂਨ ਤੱਕ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਜਾਣਗੇ ਜਦਕਿ 13 ਜੁਲਾਈ ਨੂੰ ਵੋਟਾਂ ਪੈਣਗੀਆਂ ਅਤੇ ਉਸੇ ਦਿਨ ਵੋਟਾਂ ਦੀ ਗਿਣਤੀ ਕਰਕੇ ਨਤੀਜਾ ਐਲਾਨਿਆ ਜਾਵੇਗਾ। ਚੋਣ ਪ੍ਰੋਗਰਾਮ ਮੁਤਾਬਕ 15 ਮੈਂਬਰੀ ਪ੍ਰਬੰਧਕੀ ਬੋਰਡ ਵਿੱਚੋਂ ਤਿੰਨ ਮੈਂਬਰ ਸਿੱਧੀ ਵੋਟਿੰਗ ਰਾਹੀਂ ਚੁਣੇ ਜਾਣਗੇ ਅਤੇ ਬਾਕੀ ਦੇ 11 ਮੈਂਬਰ ਵੱਖ-ਵੱਖ ਸਿੱਖ ਸੰਸਥਾਵਾਂ, ਸਿੱਖ ਸੰਗਤ, ਚੀਫ ਖ਼ਾਲਸਾ ਦੀਵਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੁਣਕੇ ਭੇਜੇ ਜਾਣਗੇ।
ਚੋਣ ਪ੍ਰਕਿਰਿਆ ਦੀ ਸੂਚਨਾ 10 ਮਈ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ ਜਦਕਿ ਚੋਣਾਂ ਲਈ ਨਾਮਜ਼ਦਗੀ ਪੱਤਰ 22 ਮਈ ਤੋਂ ਮਿਲਣੇ ਸ਼ੁਰੂ ਹੋਣਗੇ। ਨਾਮਜ਼ਦਗੀ ਪੱਤਰ ਤਖ਼ਤ ਦੀ ਵੈੱਬਸਾਈਟ ਤੋਂ ਵੀ ਡਾਊਨਲੋਡ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ 30 ਮਈ ਤੋਂ 5 ਜੂਨ ਤੱਕ ਨਾਮਜ਼ਦਗੀ ਪੱਤਰ ਚੋਣ ਅਧਿਕਾਰੀ ਕੋਲ ਦਾਖ਼ਲ ਕੀਤੇ ਜਾਣਗੇ। ਪੱਤਰਾਂ ਦੀ ਮੁੱਢਲੀ ਸੂਚੀ 6 ਜੂਨ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ ਜਦਕਿ ਕਾਗਜ਼ਾਂ ਦੀ ਪੜਤਾਲ 7 ਜੂਨ ਨੂੰ ਹੋਵੇਗੀ। ਖ਼ਾਮੀਆਂ ਦੇ ਇਤਰਾਜ਼ 9 ਜੂਨ ਤੱਕ ਲਏ ਜਾ ਸਕਣਗੇ ਜਦਕਿ ਨਾਮਜ਼ਦਗੀ ਵਾਪਸ ਲੈਣ ਦੀ ਮਿਤੀ 11 ਤੋਂ 14 ਜੂਨ ਤੱਕ ਹੋਵੇਗੀ। ਚੋਣ ਲੜਨ ਵਾਲੇ ਉਮੀਦਵਾਰਾਂ ਦੀ ਸਮੁੱਚੀ ਅੰਤਿਮ ਸੂਚੀ 21 ਜੂਨ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ ਅਤੇ 28 ਜੂਨ ਨੂੰ ਚੋਣ ਕੇਂਦਰਾਂ ਦੀ ਸੂਚੀ ਪ੍ਰਕਾਸ਼ਿਤ ਕੀਤੀ ਜਾਵੇਗੀ। ਵੋਟਿੰਗ 13 ਜੁਲਾਈ ਨੂੰ ਸਵੇਰੇ 7 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਹੋਵੇਗੀ।
ਚੋਣ ਅਧਿਕਾਰੀ ਅਨੁਸਾਰ ਪਟਨਾ ਸ਼ਹਿਰ ਨੂੰ 3 ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਉੱਤਰੀ ਅਤੇ ਦੱਖਣੀ ਬਿਹਾਰ ਦੇ ਰਜਿਸਟਰਡ ਗੁਰਦੁਆਰਿਆਂ ਦੇ ਪ੍ਰਧਾਨ ਅਤੇ ਜਨਰਲ ਸਕੱਤਰ 1-1 ਮੈਂਬਰ ਦੀ ਚੋਣ ਕਰਕੇ ਭੇਜਣਗੇ। ਪੱਛਮੀ ਬੰਗਾਲ, ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਸਨਾਤਨੀ ਸਿੱਖਾਂ ਦਾ 1-1 ਪ੍ਰਤੀਨਿਧ ਵੀ ਬੋਰਡ ਨੂੰ ਦਿੱਤਾ ਜਾਵੇਗਾ ਜਦਕਿ ਚੀਫ਼ ਖ਼ਾਲਸਾ ਦੀਵਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ 1-1 ਪ੍ਰਤੀਨਿਧੀ ਭੇਜਿਆ ਜਾਵੇਗਾ। ਜ਼ਿਲ੍ਹਾ ਮੈਜਿਸਟਰੇਟ ਆਪਣੇ 3 ਪ੍ਰਤੀਨਿਧ ਨਾਮਜ਼ਦ ਕਰੇਗਾ ਜਦਕਿ 14 ਮੈਂਬਰਾਂ ਦੇ ਹਾਊਸ ਵੱਲੋਂ 1 ਪ੍ਰਤੀਨਿਧ ਦੀ ਚੋਣ ਕੀਤੀ ਜਾਵੇਗੀ। 15 ਮੈਂਬਰੀ ਹਾਊਸ ਬੋਰਡ ਦੇ ਗਠਨ ਤੋਂ ਬਾਅਦ ਪ੍ਰਧਾਨ, ਜਨਰਲ ਸਕੱਤਰ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ।
ਵੋਟਾਂ ਦੀ ਸੁਧਾਈ ਦਾ ਕੰਮ ਆਖ਼ਰੀ ਪੜਾਅ ਉਤੇ: ਮੱਕੜ ਤਖ਼ਤ ਪਟਨਾ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਦੱਸਿਆ ਕਿ ਪ੍ਰਬੰਧਕੀ ਬੋਰਡ ਦੇ ਗਠਨ ਲਈ ਕਾਰਵਾਈ ਸ਼ੁਰੂ ਹੋ ਗਈ ਹੈ ਅਤੇ ਵੋਟਾਂ ਦੀ ਸੁਧਾਈ ਦਾ ਕੰਮ ਲਗਭਗ ਮੁਕੰਮਲ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਬੋਰਡ ਦੀ ਮੀਟਿੰਗ ਇਸੇ ਮਹੀਨੇ ਦੇ ਅੰਤ ਤੱਕ ਹੋਵੇਗੀ, ਜਿਸ ਵਿੱਚ ਚੋਣ ਪ੍ਰਬੰਧਾਂ ਬਾਰੇ ਵਿਚਾਰ ਕੀਤੀ ਜਾਵੇਗੀ।