ਬਸੀ ਪਠਾਣਾਂ/ਫਤਿਹਗੜ੍ਹ ਸਾਹਿਬ (30 ਅਗਸਤ, 2011): ਹਲਕਾ ਬਸੀ ਪਠਾਣਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲਈ ਪੰਥਕ ਮੋਰਚੇ ਦੇ ਜਨਰਲ ਸੀਟ ਤੋਂ ਉਮੀਦਵਾਰ ਭਾਈ ਹਰਪਾਲ ਸਿੰਘ ਚੀਮਾ ਤੇ ਰਾਖਵੀਂ ਸੀਟ ਤੋਂ ਸੰਤੋਖ ਸਿੰਘ ਸਲਾਣਾ ਦਾ ਚੋਣ ਪ੍ਰਚਾਰ ਹੋਰ ਤੇਜ਼ ਹੋ ਗਿਆ ਹੈ।ਵੋਟਰਾਂ ਵਲੋਂ ਉਨ੍ਹਾਂ ਨੂੰ ਭਰਪੂਰ ਸਮਰਥਨ ਮਿਲਣ ਨਾਲ ਉਨ੍ਹਾਂ ਦੇ ਵਰਕਰਾਂ ਦੇ ਹੌਸਲੇ ਬੁਲੰਦ ਹੋ ਰਹੇ ਹਨ। ਭਾਈ ਚੀਮਾ ਤੇ ਸਲਾਣਾ ਨੇ ਅੱਜ ਪਿੰਡਾਂ ਵਿੱਚ ਚੋਣ ਪ੍ਰਚਾਰ ਦੌਰਾਨ ਅਪੀਲ ਕੀਤੀ ਕਿ ਵੋਟਰ ਪੰਥਕ ਮੋਰਚੇ ਦੇ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਸ਼੍ਰੋਮਣੀ ਕਮੇਟੀ ਵਿੱਚ ਭੇਜਣ। ਪੰਥਕ ਮੋਰਚੇ ਦੇ ਮੈਂਬਰਾਂ ਵਾਲੀ ਸ਼੍ਰੌਮਣੀ ਕਮੇਟੀ ਦਾ ਗਠਨ ਹੋਣ ਤੋਂ ਬਾਅਦ ਬਾਦਲਕਿਆਂ ਵਲੋਂ ਨਿੱਜ਼ੀ ਟਰੱਸਟ ਬਣਾ ਕੇ ਗੁਰੂ ਘਰਾਂ ਦੀਆਂ ਲੁੱਟੀਆਂ ਗਈਆਂ ਜ਼ਾਇਦਾਦਾਂ ਵਾਪਸ ਗੁਰੂ ਗਰਾਂ ਨੂੰ ਦਿਵਾਈਆਂ ਜਾਣਗੀਆਂ ਤੇ ਨਿੱਜ਼ੀ ਟਰੱਸਟ ਬੰਗ ਕਰਵਾਏ ਜਾਣਗੇ। ਉਕਤ ਆਗੂਆਂ ਨੇ ਕਿਹਾ ਕਿ ਨਵੇਂ ਤੇ ਵਿਗਿਆਨਕ ਢੰਗ ਨਾਲ ਨਵੀਂ ਪੀੜ੍ਹੀ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਜਾਵੇਗਾ। ਉਕਤ ਆਗੂਆਂ ਨੇ ਸ਼੍ਰੋਮਣੀ ਕਮੇਟੀ ਦੇ ਮੌਜ਼ੂਦਾ ਪ੍ਰਬੰਧਕਾਂ ‘ਤੇ ਦੋਸ਼ ਲਗਾਉਂਦਿਆ ਕਿਹਾ ਕਿ ਇਨ੍ਹਾਂ ਦੀ ਮਾੜੀ ਕਾਰਗੁਜ਼ਾਰੀ ਕਾਰਨ ਸਿੱਖ ਸਿਧਾਂਤਾਂ ਦਾ ਘਾਣ ਹੋਇਆ ਹੈ। ਪੰਜਾਬ ਦੀ ਧਰਤੀ ’ਤੇ ਨਸ਼ਿਆਂ, ਪਤਿਤਪੁਣੇ ਤੇ ਭਰੂਣ ਬੱਚੀਆਂ ਦੀਆਂ ਭਰੂਣ ਹੱਤਿਆਵਾਂ ਵਿੱਚ ਵਾਧਾ ਹੋਇਆ ਹੈ। ਅਕਾਲ ਤਖ਼ਤ ਸਾਹਿਬ ਦੇ ਅਕਸ ਨੂੰ ਠੇਸ ਪਹੁੰਚਾਉਣ ਦੀ ਵਾਰ-ਵਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਰ.ਐਸ.ਐਸ. ਦੇ ਇਸ਼ਾਰੇ ‘ਤੇ ਸਿੱਖੀ ਨਾਲ ਸਬੰਧਿਤ ਹਰ ਤੱਥ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਾਰ-ਵਾਰ ਹੋ ਰਹੀ ਬੇਅਦਬੀ ਲਈ ਬਾਦਲ ਦਲ ਅਤੇ ਇਸਦੀ ਅਧੀਨਗੀ ਵਾਲੀ ਸ੍ਰੋਮਣੀ ਕਮੇਟੀ ਨੂੰ ਜਿੰਮੇਵਾਰ ਦੱਸਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਦੀ ਢਿਲੀ ਤੇ ਸਿੱਖ ਵਿਰੋਧੀ ਕਾਰਗੁਜ਼ਾਰੀ ਕਾਰਨ ਫ਼ਿਰਕੂ ਅਨਸਰਾਂ ਦੇ ਹੌਸਲੇ ਵਧੇ ਹਨ। ਉਨ੍ਹਾਂ ਅਪੀਲ ਕੀਤੀ ਕਿ ਗੁਰਧਾਮਾਂ ਦੇ ਪ੍ਰਬੰਧ ਵਿੱਚ ਸੁਧਾਰ ਲਈ ਪੰਥਕ ਮੋਰਚੇ ਦੇ ਉਮੀਦਵਾਰਾਂ ਨੂੰ ਵੱਡੇ ਪੱਧਰ ‘ਤੇ ਜਿੱਤਾ ਕੇ ਸ਼੍ਰੋਮਣੀ ਕਮੇਟੀ ਵਿੱਚ ਭੇਜਿਆ ਜਾਵੇ। ਇਸ ਮੌਕੇ ਉਕਤ ਆਗੂਆਂ ਨਾਲ ਸੁਰਿੰਦਰ ਸਿੰਘ, ਦਰਸ਼ਨ ਸਿੰਘ ਬੈਣੀ, ਗੁਰਮੁਖ ਸਿੰਘ ਡਡਹੇੜੀ, ਹਰਪ੍ਰੀਤ ਸਿੰਘ ਹੈਪੀ, ਪਰਮਜੀਤ ਸਿੰਘ ਸਿੰਬਲੀ, ਮਿਹਰ ਸਿੰਘ ਬਸੀ, ਹਰਪਾਲ ਸਿੰਘ ਸ਼ਹੀਦਗੜ੍ਹ, ਕਿਹਰ ਸਿੰਘ ਮਾਰਵਾ, ਪ੍ਰਮਿੰਦਰ ਸਿੰਘ ਕਾਲਾ, ਭਗਵੰਤ ਸਿੰਘ ਮਹੱਦੀਆਂ ਆਦਿ ਵੀ ਹਾਜ਼ਰ ਸਨ।