ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਯੂਨੀਵਰਸਿਟੀ ਪ੍ਰਸ਼ਾਸਨ ਨੇ ਹਿੰਦੀ ਥੋਪਣ ਦੀ ਪੂਰੀ ਤਿਆਰੀ ਕਰ ਲਈ ਹੈ। ਪੰਜਾਬ ਦੀ ਵਿਰਾਸਤ ਇਸ ਯੂਨੀਵਰਸਿਟੀ ਵਿਚ ਜਿੱਥੇ ਪੰਜਾਬੀ ਬੋਲੀ ਨੂੰ ਸੁਨੇਹੇ ਦਿੰਦੀਆਂ ਅਤੇ ਰਾਹ ਦਸਦੀਆਂ ਤਖਤੀਆਂ ‘ਤੇ ਲਿਖਵਾਉਣ ਲਈ ਵੀ ਵਿਦਿਆਰਥੀਆਂ ਨੂੰ ਸੰਘਰਸ਼ ਕਰਨਾ ਪੈਂਦਾ ਹੈ ਉੱਥੇ ਯੂਨੀਵਰਸਿਟੀ ਦੀ ਪ੍ਰਬੰਧਕੀ ‘ਸਿੰਡੀਕੇਟ’ ਪੰਜਾਬੀ ਦੀ ਹਿੱਕ ‘ਤੇ ਦੀਵਾ ਬਾਲ ਕੇ ਬਾਹਰੀ ਭਾਸ਼ਾ ਹਿੰਦੀ ਨੂੰ ਆਪ ਮੁਹਾਰੇ ਉਤਸ਼ਾਹਿਤ ਕਰਨ ਲਈ ਨੀਤੀਆਂ ਘੜ ਰਹੀ ਹੈ।
ਬੀਤੇ ਕਲ੍ਹ, ਐਤਵਾਰ ਨੂੰ ਹੋਈ ਯੂਨੀਵਰਸਿਟੀ ‘ਸਿੰਡੀਕੇਟ’ ਦੀ ਬੈਠਕ ਵਿਚ ਫੈਂਸਲਾ ਕੀਤਾ ਗਿਆ ਹੈ ਕਿ ਯੂਨੀਵਰਸਿਟੀ ਦੇ ਦਫਤਰੀ ਕੰਮ ਕਾਜ ਵਿਚ ਹਿੰਦੀ ਭਾਸ਼ਾ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਇਸ ਨੀਤੀ ਨੂੰ ਸਿਰੇ ਚੜ੍ਹਾਉਣ ਲਈ ਇਕ ਪੰਜ ਮੈਂਬਰੀ ਕਮੇਟੀ ਵੀ ਬਣਾਈ ਗਈ ਹੈ। ੨੦ ਜੁਲਾਈ ਨੂੰ ਬਣਾਈ ਗਈ ਇਸ ਕਮੇਟੀ ਨੂੰ ਬੀਤੇ ਕਲ੍ਹ ਬੈਠਕ ਵਿਚ ਪ੍ਰਵਾਨਗੀ ਦੇ ਦਿੱਤੀ ਗਈ ਹੈ।
ਇਸ ਦੇ ਨਾਲ ਹੀ ਬੈਠਕ ਵਿਚ ਫੈਂਸਲਾ ਕੀਤਾ ਗਿਆ ਹੈ ਕਿ ਯੂਨੀਵਰਸਿਟੀ ਅੰਦਰ ਹਿੰਦੀ ਭਾਸ਼ਾ ਨੂੰ ਉਤਸ਼ਾਹਿਤ ਕਰਨ ਲਈ ਇਕ ‘ਹਿੰਦੀ ਡਾਇਰੈਕਟੋਰੇਟ’ ਵੀ ਬਣਾਇਆ ਜਾਵੇਗਾ ਜੋ ਹਿੰਦੀ ਭਾਸ਼ਾ ਦੀ ਪ੍ਰਸ਼ਾਸਨਿਕ ਅਤੇ ਦਫਤਰੀ ਕੰਮ ਕਾਜ ਦੀ ਭਾਸ਼ਾ ਵਜੋਂ ਵਰਤੋਂ ਵਿਚ ਆਉਣ ਵਾਲੀਆਂ ਮੁਸ਼ਕਿਲਾਂ ਨਾਲ ਨਜਿੱਠੇਗਾ।
ਇਸ ਸਾਰੀ ਕਾਰਵਾਈ ਪਿੱਛੇ ਭਾਰਤ ਦੇ ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰਾਲੇ ਦੀ ਇਕ ਚਿੱਠੀ ਨੂੰ ਅਧਾਰ ਬਣਾਇਆ ਜਾ ਰਿਹਾ ਹੈ ਜਿਸ ਰਾਹੀਂ ਭਾਰਤ ਅਧੀਨ ਸਾਰੀਆਂ ਯੂਨੀਵਰਸਿਟੀਆਂ ਵਿਚ ਹਿੰਦੀ ਨੂੰ ਰਾਜ ਭਾਸ਼ਾ ਦਸਦਿਆਂ, ਇਸਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਦੇ ਹੁਕਮ ਦਿੱਤੇ ਗਏ ਸਨ। ਇਸ ਦੇ ਨਾਲ ਹੀ ਇਸ ਮੰਤਰਾਲੇ ਨੇ ਯੂਨੀਵਰਸਿਟੀਆਂ ਦੀ ਜਾਣਕਾਰੀ ਕਿਤਾਬ ਨੂੰ ਵੀ ਹਿੰਦੀ ਵਿਚ ਛਾਪਣ ਦੇ ਹੁਕਮ ਦਿੱਤੇ ਹਨ, ਜਿਸ ਬਾਰੇ ਵੀ ਪੰਜਾਬ ਯੂਨੀਵਰਸਿਟੀ ਦੀ ਸਿੰਡੀਕੇਟ ਨੇ ਇਕ ਵੱਖਰੀ ਕਮੇਟੀ ਬਣਾ ਦਿੱਤੀ ਹੈ।
ਦੂਜੇ ਪਾਸੇ ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਕੌਂਸਲ ਜਿੱਤਣ ਵਾਲੀ ਪਾਰਟੀ ਐਸਐਫਐਸ, ਸੱਥ ਅਤੇ ਪੀਐਸਯੂ ਲਲਕਾਰ ਨੇ ਯੂਨੀਵਰਸਿਟੀ ਵਿਚ ਹਿੰਦੀ ਥੋਪਣ ਦੀ ਸ਼ੁਰੂ ਕੀਤੀ ਗਈ ਇਸ ਕਾਰਵਾਈ ਦਾ ਵਿਰੋਧ ਕਰਨ ਦਾ ਫੈਂਸਲਾ ਕੀਤਾ ਹੈ। ਇਸ ਸਬੰਧੀ ਵਿਦਿਆਰਥੀਆਂ ਨੇ ਛੇਤੀ ਹੀ ਪ੍ਰੋਗਰਾਮ ਉਲੀਕਣ ਦਾ ਫੈਂਸਲਾ ਕੀਤਾ ਹੈ।