ਜਲੰਧਰ( 26 ਅਪਰੈਲ, 2014): ਅੰਗਰੇਜ਼ੀ ਦੀਆਂ ਦੋ ਪ੍ਰਮੁੱਖ ਅਖਬਾਰਾਂ ਹਿੰਦੂਸਤਾਨ ਟਾਈਮਜ਼ ਅਤੇ ਟ੍ਰਿਬਿਊਨ ਨੇ ਪੰਜਾਬ ਅਡੀਸ਼ਨ ‘ਚ ਐਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਮਾਲ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਤੋਂ ਡਰੱਗ ਤਸਕਰੀ ਅਤੇ ਹਵਾਲਾ ਰੈਕੇਟ ਦੇ ਮਾਮਲੇ ‘ਚ ਪੁੱਛਗਿੱਛ ਕੀਤੇ ਜਾਣ ਦੀ ਤਿਆਰੀ ਦੀ ਖਬਰ ਛਾਪੀ ਹੈ।
ਪੰਜਾਬ ਦੀ ਸਿਆਸਤ ‘ਚ ਧਮਾਕਾ ਕਰਦਿਆਂ ਇਨ੍ਹਾਂ ਦੋਹਾਂ ਅਖਬਾਰਾਂ ਨੇ ਬੁੱਧਵਾਰ ਦੇ ਆਪਣੇ ਪੰਜਾਬ ਐਡੀਸ਼ਨ ਵਿੱਚ ਲਿਖਿਆ ਹੈ ਕਿ ਈ. ਡੀ. ਨੇ ਮਜੀਠੀਆ ਪਾਸੋਂ ਪੁੱਛੇਜਾਣ ਵਾਲੇ 50 ਸਵਾਲਾਂ ਦੀ ਲਿਸਟ ਵੀ ਤਿਆਰ ਕਰ ਲਈ ਹੈ।
ਖਬਰਾਂ ‘ਚ ਲਿਖਿਆ ਗਿਆ ਹੈ ਕਿ ਇਹ ਪੂਰਾ ਮਾਮਲਾ ਸਿਆਸੀ ਤੌਰ ‘ਤੇ ਸੰਵੇਦਨਸ਼ੀਲ ਹੋਣ ਦੇ ਚਲਦਿਆਂ ਈ. ਡੀ. ਇਸ ਮਾਮਲੇ ‘ਚ ਦਿੱਲੀ ਸਥਿਤ ਆਪਣੇ ਦਫਤਰ ਵਲੋਂ ਪੁੱਛਗਿੱਛ ਲਈ ਮਨਜ਼ੂਰੀ ਦਾ ਇੰਤਜ਼ਾਰ ਕਰ ਰਿਹਾ ਹੈ ਅਤੇ ਦਿੱਲੀ ਦਫਤਰ ਤੋਂ ਹਰੀ ਝੰਡੀ ਮਿਲਦਿਆਂ ਹੀ ਮਜੀਠੀਆ ਨੂੰ ਤਲਬ ਕੀਤਾ ਜਾ ਸਕਦਾ ਹੈ।
ਹਾਲਾਂਕਿ ਈ. ਡੀ. ਦੇ ਅਫਸਰ ਇਹ ਵੀ ਕਹਿ ਰਹੇ ਹਨ ਕਿ ਕਿਸੇ ਨੂੰ ਪੁੱਛਗਿੱਛ ਲਈ ਤਲਬ ਕੀਤੇ ਜਾਣ ਦਾ ਮਤਲਬ ਉਸ ਦਾ ਕਿਸੇ ਮਾਮਲੇ ‘ਚ ਦੋਸ਼ੀ ਹੋਣਾ ਨਹੀਂ ਹੈ।
ਇਹ ਦੋਵੇਂ ਅਖਬਾਰਾਂ ਪਿਛਲੇ ਤਿੰਨ ਦਿਨ ਤੋਂ ਇਸ ਮਾਮਲੇ ਨੂੰ ਪ੍ਰਮੁੱਖਤਾ ਨਾਲ ਛਾਪ ਰਹੀਆਂ ਹਨ। ਇਨ੍ਹਾਂ ਅਖਬਾਰਾਂ ‘ਚ ਖਬਰਾਂ ਛੱਪਣ ਤੋਂ ਬਾਅਦ ਪੰਜਾਬ ਦੀ ਸਿਆਸਤ ‘ਚ ਪੂਰਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।