November 15, 2017 | By ਸਿੱਖ ਸਿਆਸਤ ਬਿਊਰੋ
ਬਠਿੰਡਾ: ਬਠਿੰਡਾ-ਅੰਮ੍ਰਿਤਸਰ ਮੁੱਖ ਮਾਰਗਾਂ ਉੱਤੇ ਲੱਗੇ ਨਵੇਂ ਸਾਈਨ ਬੋਰਡਾਂ ਵਿੱਚ ਹੁਣ ਪੰਜਾਬੀ ਉੱਪਰ ਅਤੇ ਹੇਠਾਂ ਅੰਗ੍ਰੇਜ਼ੀ ਰਹੇਗੀ। ਇਨ੍ਹਾਂ ਸਾਈਨ ਬੋਰਡਾਂ ’ਤੇ ਹੁਣ ਹਿੰਦੀ ਭਾਸ਼ਾ ਨਹੀਂ ਦਿਖੇਗੀ। ਰਾਜਸਥਾਨ ਵਿੱਚ ਨਵੇਂ ਸਾਈਨ ਬੋਰਡਾਂ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਇਨ੍ਹਾਂ ਨੂੰ 31 ਦਸੰਬਰ ਤੱਕ ਪੁਰਾਣੇ ਬੋਰਡਾਂ ਨਾਲ ਤਬਦੀਲ ਕਰ ਦਿੱਤਾ ਜਾਏਗਾ।
ਜਾਣਕਾਰੀ ਅਨੁਸਾਰ ਲੋਕ ਨਿਰਮਾਣ ਵਿਭਾਗ ਨੇ ਦੋ ਦਿਨ ਪਹਿਲਾਂ ਸੜਕ ਉਸਾਰਨ ਵਾਲੀ ਕੰਪਨੀ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ, ਜਿਸ ਵਿੱਚ ਨਵੇਂ ਸਾਈਨ ਬੋਰਡ ਸਿਰਫ਼ ਪੰਜਾਬੀ ਤੇ ਅੰਗਰੇਜ਼ੀ ਭਾਸ਼ਾ ਵਿੱਚ ਲਿਖਣ ਦੇ ਹੁਕਮ ਕੀਤੇ ਗਏ ਹਨ। ਕੌਮੀ ਸ਼ਾਹਰਾਹ ’ਤੇ ਲੱਗੇ ਸਾਈਨ ਬੋਰਡਾਂ ਵਿੱਚ ਪੰਜਾਬੀ ਨੂੰ ਪਹਿਲਾਂ ਤੀਜੀ ਥਾਂ ’ਤੇ ਰੱਖਿਆ ਹੋਇਆ ਸੀ, ਜਿਸ ਕਾਰਨ ਪੰਜਾਬੀ ਨੂੰ ਪੰਜਾਬ ‘ਚ ਪਹਿਲਾ ਥਾਂ ਦਿਵਾਉਣ ਲਈ ਪੰਜਾਬੀ ਭਾਸ਼ਾ ਦੇ ਹਮਾਇਤੀਆਂ ਵਲੋਂ ਰੋਸ ਪ੍ਰਗਟ ਕੀਤਾ ਗਿਆ ਸੀ ਅਤੇ ਖੁਦ ਹੀ ਹਿੰਦੀ ‘ਤੇ ਕਾਲਾ ਰੰਗ ਪੋਤ ਕੇ ਆਪਣਾ ਗੁੱਸਾ ਜ਼ਾਹਰ ਕੀਤਾ ਗਿਆ ਸੀ। ਇਸ ਤੋਂ ਬਾਅਦ ਬਠਿੰਡਾ ਪੁਲਿਸ ਨੇ ਲੱਖਾ ਸਧਾਣਾ ਅਤੇ ਬਾਬਾ ਹਰਦੀਪ ਸਿੰਘ ਮਹਿਰਾਜ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਸੀ।
ਸਬੰਧਤ ਖ਼ਬਰ:
ਚੰਡੀਗੜ੍ਹ ‘ਚ ਪੰਜਾਬੀ ਨੂੰ ਪ੍ਰਸ਼ਾਸਕੀ ਭਾਸ਼ਾ ਬਣਾਉਣ ਦੀ ਮੰਗ, ਪੰਜਾਬੀ ਮੰਚ ਵਲੋਂ ਗਵਰਨਰ ਨੂੰ ਮੰਗ ਪੱਤਰ …
ਲੋਕ ਨਿਰਮਾਣ ਵਿਭਾਗ ਨੇ ਹੁਣ ਨਵੇਂ ਫ਼ੈਸਲੇ ਤਹਿਤ ਹਿੰਦੀ ਭਾਸ਼ਾ ਨੂੰ ਨਵੇਂ ਸਾਈਨ ਬੋਰਡਾਂ ਤੋਂ ਬਾਹਰ ਕਰ ਦਿੱਤਾ ਹੈ। ਬਠਿੰਡਾ-ਅੰਮ੍ਰਿਤਸਰ ਮਾਰਗ ’ਤੇ 120 ਕਿਲੋਮੀਟਰ ਦੇ ਦਾਇਰੇ ਵਾਲੇ ਸਾਈਨ ਬੋਰਡ ਤਬਦੀਲ ਹੋਣੇ ਹਨ। ਬਠਿੰਡਾ-ਜ਼ੀਰਕਪੁਰ ਸੜਕ ਮਾਰਗ ’ਤੇ ਜਿਹੜੇ ਸਾਈਨ ਬੋਰਡ ਲੱਗੇ ਹਨ, ਉਨ੍ਹਾਂ ਵਿੱਚ ਪੰਜਾਬੀ ਭਾਸ਼ਾ ਉਪਰ ਹੈ ਅਤੇ ਹੇਠਾਂ ਅੰਗਰੇਜ਼ੀ ਭਾਸ਼ਾ ਹੈ। ਬਠਿੰਡਾ-ਅੰਮ੍ਰਿਤਸਰ ਕੌਮੀ ਸ਼ਾਹਰਾਹ ਦੇ ਨੋਡਲ ਅਧਿਕਾਰੀ ਅੰਗਰੇਜ਼ ਸਿੰਘ ਨੇ ਕਿਹਾ ਕਿ ਨਵੇਂ ਸਾਈਨ ਬੋਰਡ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ ਤੇ ਜਲਦੀ ਹੀ ਸੜਕਾਂ ’ਤੇ ਨਵੇਂ ਬੋਰਡ ਨਜ਼ਰ ਪੈਣਗੇ। ਲੋਕ ਨਿਰਮਾਣ ਵਿਭਾਗ ਦੇ ਮੁੱਖ ਇੰਜਨੀਅਰ ਏ.ਕੇ.ਸਿੰਗਲਾ ਨੇ ਕਿਹਾ ਕਿ ਮਿੱਥੀ ਤਰੀਕ (31 ਦਸੰਬਰ, 2017) ਤੱਕ ਸਾਰੇ ਸਾਈਨ ਬੋਰਡ ਤਬਦੀਲ ਹੋ ਜਾਣਗੇ।
ਸਬੰਧਤ ਖ਼ਬਰ:
ਹਿੰਦੂ ਰਾਸ਼ਟਰਵਾਦ ਦੇ ਉਭਾਰ ਨੇ ਪੰਜਾਬੀ ਭਾਸ਼ਾ ਲਈ ਖੜ੍ਹੇ ਕੀਤੇ ਨਵੇਂ ਖ਼ਤਰੇ (ਲੇਖਕ: ਜਸਪਾਲ ਸਿੰਘ ਸਿੱਧੂ) …
Related Topics: Bhai Hardeep Singh, Hindi imposition in punjab, lakha sidhana, Punjabi language in punjab