ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਾਂ ਨੇ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਤੀਜ਼ੀ ਜਨਮ ਸ਼ਤਾਬਦੀ 22 ਅਪ੍ਰੈਲ ਤੋਂ 3 ਮਈ ਤੱਕ ਮਨਾਈ ਜਾਵੇਗੀ। ਮਨਜੀਤ ਸਿੰਘ ਜੀ.ਕੇ. ਅਤੇ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਸਬੰਧੀ ਸਜਾਏ ਜਾ ਰਹੇ ਪ੍ਰੋਗਰਾਮਾ ਦੀ ਵਿਸਤਾਰ ਨਾਲ ਜਾਣਕਾਰੀ ਦਿੱਤੀ। ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ, ਰਾਸ਼ਟਰੀ ਕ੍ਰਿਤੀ ਆਹਵਾਨ ਸਮਿਤੀ ਦੇ ਕੌਮੀ ਕੋਆਡੀਨੇਟਰ ਵਿਜੈਪਾਲ ਸਿੰਘ ਅਤੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿਤ ਆਦਿ ਇਸ ਮੌਕੇ ਹਾਜ਼ਰ ਸਨ।
ਜੀ.ਕੇ. ਨੇ ਦੱਸਿਆ ਕਿ ਆਹਲੂਵਾਲੀਆ ਦੇ ਜਨਮ ਸਥਾਨ ਲਾਹੌਰ ਦੇ ਆਹਲੂ ਪਿੰਡ ਤੌਂ ਸਮਾਗਮਾਂ ਦੀ ਸ਼ੁਰੂਆਤ ਕਰਨ ਦੀ ਅਸੀਂ ਤਿਆਰੀ ਕੀਤੀ ਹੈ। ਇਸ ਲਈ ਪਾਕਿਸਤਾਨੀ ਸਫ਼ੀਰ ਤੋਂ ਮੁਲਾਕਾਤ ਦਾ ਸਮਾਂ ਮੰਗਿਆ ਹੈ। 22 ਅਪ੍ਰੈਲ ਨੂੰ ਗੁਰਦੁਆਰਾ ਮੰਜੀ ਸਾਹਿਬ, ਅੰਮ੍ਰਿਤਸਰ ਵਿਖੇ ਗੁਰਮਤਿ ਸਮਾਗਮ ਸ਼ੋ੍ਰਮਣੀ ਕਮੇਟੀ ਵੱਲੋਂ ਕਰਵਾਇਆ ਜਾਵੇਗਾ। 23 ਅਪ੍ਰੈਲ ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ਼ ਤੋਂ ਨਗਰ ਕੀਰਤਨ ਦਿੱਲੀ ਲਈ ਚਾਲੇ ਪਾਏਗਾ। ਜੋ ਕਿ 24 ਅਪੈ੍ਰਲ ਨੂੰ ਲੁਧਿਆਣਾ, 25 ਅਪ੍ਰੈਲ ਪਟਿਆਲਾ ਅਤੇ 26 ਅਪ੍ਰੈਲ ਕਰਨਾਲ ਵਿਖੇ ਰਾਤ ਨੂੰ ਵਿਸ਼ਰਾਮ ਕਰਦਾ ਹੋਇਆ 27 ਅਪ੍ਰੈਲ ਨੂੰ ਦਿੱਲੀ ਪੁਜੇਗਾ। ਇਸਦੇ ਨਾਲ ਹੀ ਦਿੱਲੀ ਦੇ ਲਾਲ ਕਿਲਾ ਮੈਦਾਨ ਵਿਖੇ 27-28 ਨੂੰ ਦਿੱਲੀ ਫਤਹਿ ਦਿਵਸ ਸਮਾਗਮਾਂ ਤੋਂ ਬਾਅਦ 29 ਅਪ੍ਰੈਲ ਨੂੰ ਖਾਲਸਾਈ ਖੇਡਾਂ ਕਰਾਉਣ ਦਾ ਫੈਸਲਾ ਲਿਆ ਗਿਆ ਹੈ।
ਲੌੋਂਗੋਵਾਲ ਨੇ ਦਿੱਲੀ ਕਮੇਟੀ,ਨਿਹੰਗ ਜਥੇਬੰਦੀਆਂ, ਸੰਤ ਸਮਾਜ਼ ਅਤੇ ਆਹਲੂਵਾਲੀਆ ਪਿੱਛੋਕੜ ਨਾਲ ਸਬੰਧਿਤ ਸਮੂਹ ਲੋਕਾਂ ਨੂੰ ਨਾਲ ਲੈ ਕੇ ਸ਼ਤਾਬਦੀ ਸਮਾਗਮ ਮਨਾਉਣ ਦੀ ਗੱਲ ਕਹੀ। ਲੌਂਗੋਵਾਲ ਨੇ ਕਿਹਾ ਕਿ ਜਰਨੈਲਾਂ ਦਾ ਇਤਿਹਾਸ ਦੱਸਣ ਨਾਲ ਜਿਥੇ ਸਿੱਖ ਕੌਮ ਦੀ ਜਾਣਕਾਰੀ ’ਚ ਵਾਧਾ ਹੋਵੇਗਾ ਉਥੇ ਹੀ ਨੌਜਵਾਨ ਤਾਕਤਵਰ ਜਰਨੈਲ ਦੇ ਬਹਾਦਰ ਕਾਰਨਾਮਿਆਂ ਤੋਂ ਪ੍ਰੇਰਣਾ ਲੈਣਗੇ।
ਸਿਰਸਾ ਨੇ ਕਿਹਾ ਕਿ ਸਾਡਾ ਮਕਸਦ ਬਾਬਾ ਜੀ ਦੇ ਜਨਮ ਸਥਾਨ ਪਾਕਿਸਤਾਨ ਤੋਂ ਪ੍ਰੋਗਰਾਮਾਂ ਦੀ ਸ਼ੁਰੂਆਤ ਕਰਕੇ ਭਾਰਤ ਦੀ ਰਾਜਧਾਨੀ ਦਿੱਲੀ ਤਕ ਆਉਣ ਦਾ ਹੈ ਤਾਂਕਿ ਲੋਕਾਂ ਨੂੰ ਸਿੱਖਾਂ ਦੀ ਦਿਲੇਰੀ ਅਤੇ ਕਾਰਨਾਮਿਆਂ ਦੀ ਜਾਣਕਾਰੀ ਮਿਲ ਸਕੇ। ਇਨ੍ਹਾਂ ਸਮਾਗਮਾਂ ਦੇ ਸੱਦਾ ਪੱਤਰ ਰਾਸ਼ਟਰਪਤੀ, ਪ੍ਰਧਾਨਮੰਤਰੀ, ਕੇਂਦਰੀ ਮੰਤਰੀ ਸਣੇ ਕਈ ਸੂਬਿਆਂ ਦੇ ਮੁਖਮੰਤਰੀਆਂ ਨੂੰ ਭੇਜਣ ਦਾ ਵੀ ਸਿਰਸਾ ਨੇ ਇਸ਼ਾਰਾ ਕੀਤਾ।
ਬਾਬਾ ਬਲਬੀਰ ਸਿੰਘ ਨੇ ਆਹਲੂਵਾਲੀਆ ਨੂੰ ਬੁੱਢਾ ਦਲ ਦਾ ਚੌਥਾ ਮੁਖੀ ਦੱਸਦੇ ਹੋਏ ਬੁੱਢਾ ਦਲ ਦੇ 10 ਜਥੇਦਾਰਾਂ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਹਿਣ ਦਾ ਵੀ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਕੌਮ ਦੇ ਸ਼ਹੀਦ ਸਭ ਦੇ ਸਾਂਝੇ ਹੰੁਦੇ ਹਨ। ਇਸ ਲਈ ਸਭ ਨੂੰ ਨਾਲ ਲੈ ਕੇ ਉਕਤ ਸਮਾਗਮ ਮਨਾਏ ਜਾਣਗੇ।
ਇਸ ਮੌਕੇ ਲੋਂਗੋਵਾਲ ਦਾ ਸਨਮਾਨ ਵੀ ਕੀਤਾ ਗਿਆ। ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ, ਮੁਖ ਸਲਾਹਕਾਰ ਕੁਲਮੋਹਨ ਸਿੰਘ, ਕਮੇਟੀ ਮੈਂਬਰ ਪਰਮਜੀਤ ਸਿੰਘ ਚੰਢੋਕ, ਆਤਮਾ ਸਿੰਘ ਲੁਬਾਣਾ, ਤ੍ਰਿਲੋਚਨ ਸਿੰਘ ਮਣਕੂ, ਸਾਬਕਾ ਮੈਂਬਰ ਸਤਪਾਲ ਸਿੰਘ, ਹਰਦੇਵ ਸਿੰਘ ਧਨੋਆ, ਸਮਰਦੀਪ ਸਿੰਘ ਸੰਨੀ ਅਤੇ ਕਾਨੂੰਨੀ ਵਿਭਾਗ ਮੁਖੀ ਜਸਵਿੰਦਰ ਸਿੰਘ ਜੌਲੀ ਇਸ ਮੌਕੇ ਮੌਜੂਦ ਸਨ।