ਸਿਆਸੀ ਖਬਰਾਂ

ਦਿੱਲੀ ਕਮੇਟੀ ਨੇ ਕਮਲਨਾਥ ਦੇ ਖਿਲਾਫ 2 ਸਿੱਖਾਂ ਦੇ ਕਤਲ ਦਾ ਮੁਕੱਦਮਾ ਦਰਜ ਕਰਨ ਦੀ ਕੀਤੀ ਮੰਗ

By ਸਿੱਖ ਸਿਆਸਤ ਬਿਊਰੋ

August 06, 2016

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਲਿਖੇ 11 ਵਰਕੇ ਦੇ ਪੱਤਰ ਵਿੱਚ 1 ਨਵੰਬਰ 1984 ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ‘ਤੇ ਹੋਏ ਹਮਲੇ ਵਿੱਚ ਕਮਲਨਾਥ ਦੀ ਸਮੂਲੀਅਤ ਦਾ ਦਾਅਵਾ ਕਰਦੇ ਹੋਏ ਵਿਸਤਾਰ ਨਾਲ ਤੱਥ ਪੇਸ਼ ਕੀਤੇ ਹਨ। ਆਪਣੀ ਸ਼ਿਕਾਇਤ ਵਿੱਚ ਜੀ. ਕੇ. ਨੇ 1984 ਸਿੱਖ ਕਤਲੇਆਮ ਦੇ ਕੇਸਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਜਾਂ ਸਬੰਧਿਤ ਪੁਲਿਸ ਥਾਣੇ ਨੂੰ ਕਮਲਨਾਥ ਦੇ ਖਿਲਾਫ ਇਸ ਹਮਲੇ ਦੌਰਾਨ 2 ਸਿੱਖਾਂ ਦੇ ਹੋਏ ਕਤਲ ਦੀ ਨਵੀਂ ਐਫ. ਆਈ. ਆਰ. ਦਰਜ ਕਰਨ ਦੀ ਗ੍ਰਹਿ ਮੰਤਰੀ ਤੋਂ ਮੰਗ ਕੀਤੀ ਹੈ।

ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕਾਨਫਰੰਸ ਹਾਲ ਵਿਖੇ ਪੱਤਰਕਾਰਾਂ ਨੂੰ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਜੀ.ਕੇ. ਨੇ ਦੱਸਿਆ ਕਿ ਕਮਲਨਾਥ ਨੇ 1 ਨਵੰਬਰ 1984 ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ‘ਤੇ ਹੋਏ ਹਮਲੇ ਦੀ ਅਗਵਾਈ ਕੀਤੀ ਸੀ। ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ ਸੰਜੈ ਸੂਰੀ ਦੀ ਕਿਤਾਬ ਦਾ ਹਵਾਲਾ ਦਿੰਦੇ ਹੋਏ ਜੀ. ਕੇ. ਨੇ ਕਮਲਨਾਥ ਦੇ ਨਾਲ ਤਿੰਨ ਮੂਰਤੀ ਮਾਰਗ ਤੋਂ ਆਈ ਭੀੜ ਵੱਲੋਂ ਗੁਰਦੁਆਰਾ ਸਾਹਿਬ ‘ਤੇ ਕੀਤੇ ਗਏ ਹਮਲੇ ਦੌਰਾਨ ਮੌਜੂਦ ਰਹੇ ਦਿੱਲੀ ਪੁਲਿਸ ਦੇ ਏ.ਸੀ.ਪੀ. ਗੌਤਮ ਕੌਲ ਅਤੇ ਹੁਕੁਮ ਚੰਦ ਜਾਟਵ ਦੇ ਨਾਲ ਹੀ ਪੁਲਿਸ ਅਤੇ ਸੀ.ਆਰ.ਪੀ.ਐਫ. ਦੇ ਜਵਾਨਾਂ ਵੱਲੋਂ ਕਮਲਨਾਥ ਨੂੰ ਨਾ ਰੋਕਣ ਦੇ ਪਿੱਛੇ ਇਸਨੂੰ ਗਿਣੀ-ਮਿੱਥੀ ਸਾਜਿਸ਼ ਤਹਿਤ ਹਮਲਾ ਦੱਸਿਆ।

ਜੀ.ਕੇ. ਨੇ ਕਿਹਾ ਕਿ ਸੰਜੈ ਸੂਰੀ ਨੇ ਵਿਸਤਾਰ ਨਾਲ ਇਹਨਾਂ ਗੱਲਾਂ ਦਾ ਜਿਕਰ ਰੰਗਨਾਥ ਮਿਸ਼ਰਾ ਤੇ ਨਾਨਾਵਤੀ ਕਮਿਸ਼ਨ ਦੇ ਸਾਹਮਣੇ ਕੀਤਾ ਸੀ ਜਿਸ ਵਿੱਚ ਇੱਕ ਗੱਲ ਸਾਫ਼ ਹੋ ਗਈ ਸੀ ਕਿ ਕਮਲਨਾਥ ਨਾ ਕੇਵਲ ਮੌਕੇ ‘ਤੇ ਮੌਜੂਦ ਸੀ ਸਗੋਂ ਪੁਲਿਸ ਵੀ ਤਮਾਸ਼ਬੀਨ ਬਣੀ ਰਹੀ ਸੀ। ਕਮਲਨਾਥ ਵੱਲੋਂ ਆਪਣੇ ਬਚਾਅ ਵਿੱਚ ਜਾਂਚ ਕਮਿਸ਼ਨਾਂ ਵਿੱਚ ਦਿੱਤੇ ਗਏ ਬਿਆਨਾਂ ਨੂੰ ਜੀ.ਕੇ. ਨੇ ਝੂਠਾ ਦੱਸਿਆ। ਜੀ.ਕੇ. ਨੇ ਕਿਹਾ ਕਿ ਦਿੱਲੀ ਵਿੱਚ ਮੌਜੂਦ ਸਾਰੇ ਕਾਂਗਰਸੀ ਉਸ ਦਿਨ ਤਿੰਨ ਮੂਰਤੀ ਭਵਨ ਵਿਚ ਇੰਦਰਾ ਗਾਂਧੀ ਦੀ ਮ੍ਰਿਤਕ ਦੇਹ ਦੇ ਕੋਲ ਸਨ ਪਰ ਕਮਲਨਾਥ ਦਾ ਗੁਰਦੁਆਰਾ ਰਕਾਬਗੰਜ ਸਾਹਿਬ ਵਿੱਚ ਆਉਣਾ ਹੀ ਉਨ੍ਹਾਂ ਦੀ ਅਪਰਾਧ ਵਿੱਚ ਸ਼ਮੂਲੀਅਤ ਨੂੰ ਪ੍ਰਗਟ ਕਰਦਾ ਹੈ।

ਜੀ.ਕੇ. ਨੇ ਕਿਹਾ ਕਿ ਦੂਰਦਰਸ਼ਨ ਤੇ ਜਦੋਂ ਸਰੇਆਮ “ਖੂਨ ਕਾ ਬਦਲਾ ਖੂਨ” ਨਾਅਰੇ ਲੱਗ ਰਹੇ ਸਨ ਤਾਂ ਉਸ ਸਮੇਂ ਕਮਲਨਾਥ ਦਾ ਭੀੜ ਦੇ ਨਾਲ ਗੁਰੁਦਵਾਰੇ ‘ਤੇ ਹਮਲਾ ਕਰਨਾ ਅਤੇ ਇਸ ਦੌਰਾਨ 2 ਸਿੱਖਾਂ ਦਾ ਕਤਲ ਹੋਣਾ ਸਾਧਾਰਣ ਗੱਲ ਨਹੀਂ ਹੈ। ਜੀ.ਕੇ. ਨੇ ਉਸ ਸਮੇਂ ਸਰਕਾਰੀ ਤੰਤਰ ਵੱਲੋਂ ਲਾਊਡ ਸਪੀਕਰਾਂ ਦੇ ਰਾਹੀਂ ਸਿੱਖ ਕੌਮ ਦੇ ਖਿਲਾਫ ਫੈਲਾਈ ਗਈ ਅਫਵਾਹਾਂ ਨੂੰ ਵੀ ਇਸ ਕੇਸ ਨਾਲ ਜੋੜਿਆ ਹੈ। ਉਨ੍ਹਾਂ ਨੇ ਦੱਸਿਆ ਕਿ ਜਾਣਬੂੱਝ ਕੇ ਸਿੱਖਾਂ ਵੱਲੋਂ ਦਿੱਲੀ ਦੇ ਪਾਣੀ ਵਿੱਚ ਜ਼ਹਿਰ ਮਿਲਾਉਣ ਦੀਆਂ ਅਫਵਾਹਾਂ ਨੂੰ ਫੈਲਾ ਕੇ ਸਿੱਖਾਂ ਦੇ ਖਿਲਾਫ ਨਫਰਤ ਦਾ ਮਾਹੌਲ ਪੈਦਾ ਕੀਤਾ ਗਿਆ ਸੀ ਤਾਂਕਿ ਗਿਣੇ-ਮਿੱਥੇ ਤਰੀਕੇ ਨਾਲ ਸਿੱਖ ਕੌਮ ਦਾ ਸਰਕਾਰੀ ਤੰਤਰ ਦੀ ਮਦਦ ਨਾਲ ਸਫਾਇਆ ਕੀਤਾ ਜਾ ਸਕੇ। ਉਨ੍ਹਾਂ ਨੇ ਸਾਫ਼ ਕਿਹਾ ਕਿ ਦਿੱਲੀ ਕਮੇਟੀ ਹਰ ਹਾਲਾਤ ਵਿਚ ਗੁਰਦੁਆਰਾ ਸਾਹਿਬ ‘ਤੇ ਹੋਏ ਹਮਲੇ ਦੇ ਦੋਸ਼ੀ ਕਮਲਨਾਥ ਦੀ ਗ੍ਰਿਫ਼ਤਾਰੀ ਤੱਕ ਆਪਣਾ ਸੰਘਰਸ਼ ਜਾਰੀ ਰੱਖੇਗੀ।

ਗ੍ਰਹਿ ਮੰਤਰੀ ਵੱਲੋਂ ਕਮਲਨਾਥ ਤੇ ਐਫ਼.ਆਈ.ਆਰ. ਦਰਜ ਕਰਨ ਦਾ ਆਦੇਸ਼ ਨਾ ਦੇਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਜੀ.ਕੇ. ਨੇ ਕਿਹਾ ਕਿ ਇਤਨੇ ਵਿਸਤਾਰ ਨਾਲ ਦਿੱਤੇ ਗਏ ਸਬੂਤਾਂ ਦੇ ਬਾਅਦ ਵੀ ਜੇਕਰ ਗ੍ਰਹਿ ਮੰਤਰੀ ਇਸ ਮਾਮਲੇ ਨੂੰ ਵਿਸ਼ੇਸ਼ ਜਾਂਚ ਦਲ ਨੂੰ ਨਹੀਂ ਸੌਂਪਦੇ ਤਾਂ ਅਸੀਂ ਐਫ਼.ਆਈ.ਆਰ. ਦਰਜ ਕਰਾਉਣ ਲਈ ਅਦਾਲਤ ਦਾ ਰੁੱਖ ਕਰਨ ਤੋਂ ਵੀ ਸੰਕੋਚ ਨਹੀਂ ਕਰਾਂਗੇ।

ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਢਾ, ਮੀਤ ਪ੍ਰਧਾਨ ਸਤਪਾਲ ਸਿੰਘ, ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਹਿਤ, ਕਮੇਟੀ ਮੈਂਬਰ ਕੁਲਮੋਹਨ ਸਿੰਘ, ਪਰਮਜੀਤ ਸਿੰਘ ਰਾਣਾ, ਤਨਵੰਤ ਸਿੰਘ ਰਾਣਾ, ਪਰਮਜੀਤ ਸਿੰਘ ਚੰਢੋਕ, ਸਮਰਦੀਪ ਸਿੰਘ ਸੰਨੀ, ਗੁਰਮੀਤ ਸਿੰਘ ਲੁਬਾਣਾ, ਹਰਦੇਵ ਸਿੰਘ ਧਨੋਆ, ਰਵਿੰਦਰ ਸਿੰਘ ਲਵਲੀ ਅਤੇ ਬੁਲਾਰੇ ਪਰਮਿੰਦਰ ਪਾਲ ਸਿੰਘ ਤੇ ਜਸਵਿੰਦਰ ਸਿੰਘ ਜੌਲੀ ਮੌਜੂਦ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: