ਨਵੀਂ ਦਿੱਲੀ(22 ਫਰਵਰੀ, 2016): ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦਾ ਅੱਜ ਸਿੱਖ ਭਾਈਚਾਰੇ ਵੱਲੋਂ ਜੰਤਰ-ਮੰਤਰ ’ਤੇ ਪੁਤਲਾ ਸਾੜਿਆ ਗਿਆ। ਬੀਤੇ ਦਿਨੀਂ ਕੇਜਰੀਵਾਲ ਅਤੇ ਟਾਈਟਲਰ ਦੀ ਕਥਿਤ ਮੁਲਾਕਾਤ ਦਿੱਲੀ ਸਰਕਾਰ ਦੇ ਮੰਤਰੀ ਇਮਰਾਨ ਹੁਸੈਨ ਵੱਲੋਂ ਕਰਵਾਉਣ ਦਾ ਫੋਟੋ ਸ਼ੋਸਲ ਮੀਡੀਆ ’ਤੇ ਵਾਇਰਲ ਹੋਣ ਦੇ ਬਾਅਦ ਦਿੱਲੀ ਦਾ ਸਿੱਖ ਭਾਈਚਾਰਾ ਗੁੱਸੇ ਵਿਚ ਹੈ।
ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਦਲ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ 1984 ਸਿੱਖ ਕਤਲੇਆਮ ਦੇ ਪੀੜਿਤ ਪਰਿਵਾਰਾਂ ਦੇ ਸੈਂਕੜੇ ਮੈਂਬਰਾਂ ਨੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਜੰਤਰ-ਮੰਤਰ ਤਕ ਇਨਸਾਫ ਮਾਰਚ ਕੱਢਦੇ ਹੋਏ ਇਸ ਕਥਿਤ ਮੁਲਾਕਾਤ ’ਚ ਸ਼ਾਮਿਲ ਤਿੰਨਾਂ ਆਗੂਆਂ ਦੀ ਭੂਮਿਕਾ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਉਣ ਦੀ ਮੰਗ ਕੀਤੀ।
ਇਸਦੇ ਨਾਲ ਹੀ ਅੱਜ ਟਾਈਟਲਰ ਕੇਸ ਦੀ ਸੁਣਵਾਈ ਕੜਕੜਡੂਮਾ ਕੋਰਟ ’ਚ ਹੋਣ ਦੇ ਕਾਰਨ ਬਾਦਲ ਦਲ ਵੱਲੋਂ ਕੋਰਟ ਦੇ ਬਾਹਰ ਇੱਕ ਪ੍ਰਦਰਸ਼ਨ ਸਾਬਕਾ ਵਿਧਾਇਕ ਜਤਿੰਦਰ ਸਿੰਘ ਸ਼ੰਟੀ ਦੀ ਅਗਵਾਈ ਹੇਠ ਕੀਤਾ ਗਿਆ।
ਜੀ.ਕੇ. ਨੇ ਸਵਾਲ ਕੀਤਾ ਕਿ ਹਰ ਮਸਲੇ ’ਤੇ ਟਵੀਟ ਕਰਨ ਵਾਲੇ ਅਤੇ ਪੰਜਾਬ ਜਾ ਕੇ ਸਿੱਖਾਂ ਦੇ ਨਾਲ ਹਮਦਰਦੀ ਦਾ ਸਵਾਂਗ ਰਚਣ ਵਾਲੇ ਕੇਜਰੀਵਾਲ ਇਸ ਮੁਲਾਕਾਤ ਤੇ ਚੁੱਪ ਕਿਉਂ ਹਨ ? ਜਦਕਿ ਇਸ ਮੁਲਾਕਾਤ ਦੇ ਬਾਅਦ ਦਿੱਲੀ ਸਰਕਾਰ ਵੱਲੋਂ 1984 ਦੇ ਇਨਸਾਫ ਲਈ ਬਣਾਈ ਗਈ ਐਸ.ਆਈ.ਟੀ. ਦੀ ਫਾਈਲ ਗੁਮ ਹੋ ਗਈ ਹੈ। ਕੇਜਰੀਵਾਲ ਵਲੋਂ ਪਰਸੋਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਟਾਈਟਲਰ ਦੇ ਖਿਲਾਫ਼ ਲਿਖੇ ਗਏ ਪੱਤਰ ਨੂੰ ਜੀ.ਕੇ. ਨੇ ਸਿੱਖਾਂ ਦੀ ਅੱਖਾਂ ਵਿਚ ਕੇਜਰੀਵਾਲ ਵਲੋਂ ਘੱਟਾ ਸੁਟਣ ਦੀ ਆਖਰੀ ਕੋਸ਼ਿਸ਼ ਵੀ ਦੱਸਿਆ।
ਜੀ.ਕੇ. ਨੇ ਕਿਹਾ ਕਿ 14 ਜਨਵਰੀ 2016 ਨੂੰ ਪੰਜਾਬ ’ਚ ਮਾਘੀ ਮੇਲੇ ਦੌਰਾਨ ਕੇਜਰੀਵਾਲ ਨੇ ਪੰਜਾਬ ਦੇ ਮੁਖਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਤਾਇਆ ਪ੍ਰਧਾਨਮੰਤਰੀ ਮੋਦੀ ਨੂੰ ਦੱਸਦੇ ਹੋਏ ਮੋਦੀ ਤੋਂ ਨਾ ਡਰਣ ਦਾ ਦਾਅਵਾ ਕੀਤਾ ਸੀ। ਪਰ ਅੱਜ ਕਿ ਮਜਬੂਰੀ ਹੋ ਗਈ ਕਿ ਉਸ ਤਾਏ ਦੀ ਕੇਜਰੀਵਾਲ ਨੂੰ ਆਪਣੀ ਗਲਤੀ ਤੇ ਪਰਦਾ ਪਾਉਣ ਲਈ ਲੋੜ ਪੈ ਗਈ।
ਇਨ੍ਹਾਂ ਪ੍ਰਦਰਸ਼ਨਾਂ ਵਿਚ ਦਿੱਲੀ ਕਮੇਟੀ ਦੇ ਮੀਤ ਪ੍ਰਧਾਨ ਸਤਪਾਲ ਸਿੰਘ, ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਦਿੱਲੀ ਕਮੇਟੀ ਮੈਂਬਰ ਕੁਲਮੋਹਨ ਸਿੰਘ, ਤਨਵੰਤ ਸਿੰਘ, ਗੁਰਵਿੰਦਰ ਪਾਲ ਸਿੰਘ, ਕੈਪਟਨ ਇੰਦਰਪ੍ਰੀਤ ਸਿੰਘ,ਚਮਨ ਸਿੰਘ, ਗੁਰਦੇਵ ਸਿੰਘ ਭੋਲਾ, ਹਰਵਿੰਦਰ ਸਿੰਘ ਕੇ.ਪੀ., ਹਰਦੇਵ ਸਿੰਘ ਧਨੌਵਾ, ਗੁਰਬਚਨ ਸਿੰਘ ਚੀਮਾ, ਜਤਿੰਦਰ ਪਾਲ ਸਿੰਘ ਗੋਲਡੀ, ਮਨਮੋਹਨ ਸਿੰਘ, ਰਵਿੰਦਰ ਸਿੰਘ ਲਵਲੀ, ਦਰਸ਼ਨ ਸਿੰਘ, ਗੁਰਮੀਤ ਸਿੰਘ ਲੁਬਾਣਾ, ਗੁਰਬਖਸ਼ ਸਿੰਘ ਮੌਂਟੂਸ਼ਾਹ, ਸਾਬਕਾ ਕਮੇਟੀ ਮੈਂਬਰ ਆਤਮਾ ਸਿੰਘ ਲੁਬਾਣਾ, ਤੇਜਪਾਲ ਸਿੰਘ, ਰਜਿੰਦਰ ਸਿੰਘ ਰਾਜਵੰਸ਼ੀ ਅਤੇ ਅਕਾਲੀ ਆਗੂ ਅਮਰਜੀਤ ਕੌਰ ਪਿੰਕੀ, ਵਿਕਰਮ ਸਿੰਘ ਤੇ ਰਾਜਾ ਸਿੰਘ ਚਾਵਲਾ ਸਣੇ ਵਡੀ ਗਿਣਤੀ ਵਿਚ ਸਿੱਖ ਸੰਗਤਾਂ ਵੀ ਮੌਜੂਦ ਸਨ।