ਨਵੀਂ ਦਿੱਲੀ: ਪੰਜਾਬ ਦੇ ਸਾਬਕਾ ਮੁਖਮੰਤਰੀ ਬੇਅੰਤ ਸਿੰਘ ਕਤਲ ਕਾਂਡ ‘ਚ ਭਾਈ ਜਗਤਾਰ ਸਿੰਘ ਤਾਰਾ ਨੂੰ ਅੱਜ ਭਾਰਤੀ ਅਦਾਲਤ ਵਲੋਂ ਸੁਣਾਈ ਗਈ ਤਾਅ ਉਮਰ ਕੈਦ ਸਜ਼ਾ ‘ਤੇ ਪ੍ਰਤੀਕਰਮ ਦਿੰਦਿਆਂ ਦਿੱਲੀ ਸਿੱਖ ਗੁਰੁਦਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਦੋਸ਼ ਲਾਇਆ ਕਿ ਸੀ.ਬੀ.ਆਈ. ਅਤੇ ਨਿਆਪਾਲਿਕਾ ਸਿੱਖਾਂ ਦੇ ਖਿਲਾਫ਼ ਚਲਦੇ ਮੁੱਕਦਮਿਆਂ ’ਚ ਬੜੀ ਤੇਜ਼ੀ ਨਾਲ ਕਾਰਵਾਈ ਕਰਦੀਆਂ ਹਨ, ਪਰ ਉਨ੍ਹਾਂ ਦੀ ਤੇਜ਼ੀ 1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ, ਜਗਦੀਸ਼ ਟਾਈਟਲਰ ਅਤੇ ਕਮਲਨਾਥ ਦੇ ਖਿਲਾਫ਼ ਲਾਪਤਾ ਹੋ ਜਾਂਦੀ ਹੈ। ਮਨਜੀਤ ਸਿੰਘ ਜੀ.ਕੇ. ਨੇ ਸੋਸ਼ਲ ਮੀਡੀਆ ’ਤੇ ਆਪਣਾ ਦਰਦ ਬਿਆਨ ਕਰਦੇ ਹੋਏ ਭਾਈ ਤਾਰਾ ਨੂੰ ਹੋਈ ਸਜ਼ਾ ਦੀ ਤੁਲਨਾ 1984 ਸਿੱਖ ਕਤਲੇਆਮ ’ਚ ਇਨਸਾਫ਼ ਨਾ ਮਿਲਣ ਨਾਲ ਕਰਕੇ ਭਾਰਤੀ ਸੰਵਿਧਾਨ ਦੇ ਦਾਇਰੇ ’ਚੋਂ ਬਾਹਰ ਨਿਕਲਣ ਦੀ ਵੀ ਏਜੰਸੀਆਂ ਨੂੰ ਚੇਤਾਵਨੀ ਦਿੱਤੀ ਹੈ।
ਕਮੇਟੀ ਵਲੋਂ ਜਾਰੀ ਪ੍ਰੈਸ ਬਿਆਨ ਵਿਚ ਜੀ.ਕੇ. ਨੇ ਦੋਸ਼ ਲਗਾਇਆ ਕਿ ਇੱਕ ਪਾਸੇ ਅਦਾਲਤ ’ਚ ਟਾਈਟਲਰ ਦੇ ਖਿਲਾਫ਼ ਅਹਿਮ ਗਵਾਹ ਅਭਿਸ਼ੇਕ ਵਰਮਾ ਲਾਈ ਡਿਟੈਕਟਰ ਟੈਸ਼ਟ ਕਰਾਉਣ ਲਈ ਬਾਰ-ਬਾਰ ਸੀ.ਬੀ.ਆਈ. ਦੇ ਸਾਹਮਣੇ ਬੇਨਤੀ ਕਰ ਰਿਹਾ ਹੈ। ਪਰ ਟਾਈਟਲਰ ਨੂੰ 3 ਵਾਰ ਕਲੀਨ ਚਿੱਟ ਦੇਣ ਵਾਲੀ ਸੀ.ਬੀ.ਆਈ. ਅਭਿਸ਼ੇਕ ਵਰਮਾ ਦਾ ਲਾਈ ਡਿਟੈਕਟਰ ਟੈਸਟ ਕਰਾਉਣ ’ਚ ਨਕਾਮ ਸਾਬਤ ਹੁੰਦੀ ਹੈ। ਦੂਜੇ ਪਾਸੇ ਉਹੀ ਸੀ.ਬੀ.ਆਈ. ਭਾਈ ਤਾਰਾ ਨੂੰ ਜੇਲ ’ਚ ਡੱਕਣ ਲਈ ਸ਼ਿਕਾਰੀ ਅੱਖ ਨਾਲ ਕਾਰਜ ਕਰਦੀ ਹੈ।
ਜੀ.ਕੇ. ਨੇ ਕਿਹਾ ਕਿ 1984 ’ਚ ਸਿੱਖਾਂ ਦੇ ਕਤਲ, ਲੁਟਪਾਟ ਅਤੇ ਬਲਾਤਕਾਰ ਦੇ ਮਾਮਲਿਆਂ ’ਚ 1 ਵੀ ਦੋਸ਼ੀ ਨੂੰ ਸਜ਼ਾ ਨਾ ਦਿਵਾਉਣ ਵਾਲੀ ਸੀ.ਬੀ.ਆਈ. ਹਰ ਵਾਰ ਸਿੱਖਾਂ ਦੇ ਖਿਲਾਫ਼ ਮੁੱਕਦਮਿਆਂ ’ਤੇ ਦੁਗਣੀ ਤਾਕਤ ਨਾਲ ਕਾਰਜ ਕਰਦੀ ਹੈ। ਜੀ.ਕੇ. ਨੇ ਸਿੱਖਾਂ ਨੂੰ ਇੱਕ ਅੱਖ ਨਾਲ ਵੇਖਣ ਦੀ ਜਾਂਚ ਏਜੰਸੀਆਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਏਜੰਸੀਆਂ ਸਾਡੇ ਸਬਰ ਦਾ ਨਾਜਾਇਜ਼ ਫਾਇਦਾ ਚੁੱਕ ਰਹੀਆਂ ਹਨ। ਉਹ ਦਿਨ ਹਿੰਦੁਸਤਾਨ ਲਈ ਸਭ ਤੋਂ ਖਰਾਬ ਹੋਵੇਗਾ ਜਦੋਂ ਇਨਸਾਫ਼ ਲੈਣ ਲਈ ਸਾਨੂੰ ਭਾਰਤੀ ਸੰਵਿਧਾਨ ਦੀ ਲੀਕ ਨੂੰ ਟੱਪਣਾ ਪਵੇਗਾ। ਇਸ ਲਈ ਸਿੱਖਾਂ ਨਾਲ ਦੂਜੇ ਦਰਜ਼ੇ ਦੇ ਸ਼ਹਿਰੀ ਦਾ ਵਿਹਾਰ ਕਰਨ ਤੋਂ ਏਜੰਸੀਆਂ ਨੂੰ ਬਾਜ਼ ਆਉਣਾ ਚਾਹੀਦਾ ਹੈ।
ਜੀ.ਕੇ. ਨੇ ਕਿਹਾ ਕਿ ਇੱਕ ਪਾਸੇ ਤਾਂ ਭਾਰਤੀ ਪੁਲਿਸ 1978 ’ਚ ਜਹਾਜ਼ ਅਗਵਾ ਕਰਨ ਵਾਲੇ ਪਾਂਡੇ ਭਰਾਵਾਂ ਨੂੰ ਨਾ ਸਿਰਫ਼ ਬਾਈਇੱਜਤ ਬਰੀ ਕਰਵਾਉਂਦੀ ਹੈ ਸਗੋਂ ਕਾਂਗਰਸ ਪਾਰਟੀ ਉਨ੍ਹਾਂ ਨੂੰ ਯੂ.ਪੀ. ਵਿਧਾਨ ਪਰਿਸ਼ਦ ਦਾ ਮੈਂਬਰ ਥਾਪਦੀ ਹੈ। ਪਰ ਸਿੱਖਾਂ ਦੀ ਕਿਸੇ ਭਾਵਨਾਤਮਕ ਗਲਤੀ ਨੂੰ ਭੰਡਣ ਦਾ ਕੋਈ ਮੌਕਾ ਹਥੋਂ ਖਾਲੀ ਨਹੀਂ ਜਾਣ ਦਿੰਦੀ। ਜੀ.ਕੇ. ਨੇ ਬੀਤੇ ਦਿਨੀਂ ਦਿੱਲੀ ਏਅਰਪੋਰਟ ’ਤੇ ਪੁਲਿਸ ਵੱਲੋਂ ਸਿੱਖਾਂ ਨੂੰ ਅੱਤਵਾਦੀ ਦੱਸਣ ਵਾਲੇ ਲਗਾਏ ਗਏ ਪੋਸਟਰਾਂ ’ਤੇ ਸਖ਼ਤ ਇਤਰਾਜ਼ ਜਤਾਉਂਦੇ ਹੋਏ ਸਿੱਖਾਂ ਦੇ ਖਿਲਾਫ਼ ਕੌਮਾਂਤਰੀ ਪੱਧਰ ’ਤੇ ਭੰਡੀ ਪ੍ਰਚਾਰ ਕਰਨ ਦਾ ਪੁਲਿਸ ’ਤੇ ਦੋਸ਼ ਲਗਾਇਆ।