ਨਵੀਂ ਦਿੱਲੀ (25 ਮਾਰਚ, 2016): ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਆਪਣੇ ਸਾਰੇ ਪ੍ਰਬੰਧਕੀ ਅਦਾਰਿਆਂ ਵਿੱਚ ਅੱਜ ਕਮੇਟੀ ਵਿਚ ਸੂਚਨਾ ਦਾ ਅਧਿਕਾਰ ਕਾਨੂੰਨ (ਆਰ. ਟੀ. ਆਈ.) ਲਾਗੂ ਕਰਨ ਦਾ ਐਲਾਨ ਕਰ ਦਿਤਾ ਹੈ ।
ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਮੇਟੀ ਦੇ ਜਨਲਰ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ 2013 ਦੀਆਂ ਦਿੱਲੀ ਕਮੇਟੀ ਚੋਣਾਂ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਮਨਜੀਤ ਸਿੰਘ ਜੀ.ਕੇ. ਨੇ ਦਿੱਲੀ ਦੀ ਸੰਗਤ ਨੂੰ ਦਿੱਲੀ ਕਮੇਟੀ ਦੀ ਸੇਵਾ ਅਕਾਲੀ ਦਲ ਨੂੰ ਮਿਲਣ ‘ਤੇ ਕਮੇਟੀ ‘ਚ ਸੂਚਨਾ ਦਾ ਅਧਿਕਾਰ ਕਾਨੂੰਨ ਲਾਗੂ ਕਰਨ ਦਾ ਵਾਅਦਾ ਚੋਣ ਮਨੋਰਥ ਪੱਤਰ ‘ਚ ਕੀਤਾ ਸੀ । ਸਿਰਸਾ ਨੇ ਕਿਹਾ ਕਿ ਅਸੀਂ ਖ਼ੁਸ਼ਕਿਸ਼ਮਤ ਹਾਂ ਕਿ ਸਾਨੂੰ ਕਮੇਟੀ ਦੀ ਕਾਰਜਪ੍ਰਣਾਲੀ ‘ਚ ਪਾਰਦਰਸ਼ਤਾ ਲਿਆਉਣ ਵਾਸਤੇ ਸੂਚਨਾ ਦਾ ਅਧਿਕਾਰ ਕਾਨੂੰਨ ਨੂੰ ਲਾਗੂ ਕਰਨ ਦਾ ਇਤਿਹਾਸਕ ਮੌਕਾ ਮਿਲਿਆ ਹੈ ।
ਜ਼ਿਕਰਯੋਗ ਹੈ ਕਿ 2005 ਵਿਚ ਦਿੱਲੀ ਗੁਰਦਵਾਰਾ ਕਮੇਟੀ ਸੂਚਨਾ ਦਾ ਅਧਿਕਾਰ ਕਾਨੂੰਨ ਅਧੀਨ ਆ ਗਈ ਸੀ । ਉਦੋਂ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਪਹਿਲਾਂ ਸੂਚਨਾ ਦਾ ਅਧਿਕਾਰ ਕਾਨੂੰਨ ਨੂੰ ਹਾਈ ਕੋਰਟ ਵਿਚ ਚੁਨੌਤੀ ਦਿਤੀ ਸੀ । ਪਿੱਛੋਂ ਸੁਪਰੀਮ ਕੋਰਟ ਵਿਚ ਚੁਨੌਤੀ ਦੇ ਕੇ, ਸੂਚਨਾ ਦਾ ਅਧਿਕਾਰ ਕਾਨੂੰਨ ਲਾਗੂ ਕਰਨ ਤੋਂ ਟਾਲਾ ਵੱਟੀ ਰਖਿਆ ਸੀ ।
ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਚੱਢਾ, ਕਮੇਟੀ ਮੈਂਬਰ ਕੁਲਮੋਹਨ ਸਿੰਘ, ਗੁਰਬਚਨ ਸਿੰਘ ਚੀਮਾ, ਦਰਸ਼ਨ ਸਿੰਘ, ਮਨਮਿੰਦਰ ਸਿੰਘ ਅਯੂਰ, ਕੁਲਦੀਪ ਸਿੰਘ ਸਾਹਨੀ ਵੀ ਮੌਜੂਦ ਸਨ ।