ਸਿਆਸੀ ਖਬਰਾਂ

ਨਸ਼ਾ ਤਸਕਰੀ: ਸਰਵਣ ਸਿੰਘ ਫਿਲੌਰ ਅਤੇ ਅਵਿਨਾਸ਼ ਚੰਦਰ ਸਣੇ 13 ਲੋਕਾਂ ਦੀਆਂ ਜਾਇਦਾਦਾਂ ਕੁਰਕ ਕਰਨ ਦੇ ਹੁਕਮ

By ਸਿੱਖ ਸਿਆਸਤ ਬਿਊਰੋ

April 04, 2017

ਜਲੰਧਰ: ਜਗਦੀਸ਼ ਭੋਲਾ ਨਸ਼ਾ ਤਸਕਰੀ ਮਾਮਲੇ ’ਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪਹਿਲੀ ਵਾਰ ਰਾਜਸੀ ਆਗੂਆਂ ਦੀਆਂ ਜਾਇਦਾਦਾਂ ਕੁਰਕ ਕਰਨ ਦੇ ਹੁਕਮ ਦਿੱਤੇ ਹਨ। ਈਡੀ ਨੇ ਬਾਦਲ ਦਲ ਦੇ ਮੰਤਰੀ ਸਰਵਣ ਸਿੰਘ ਫਿਲੌਰ, ਉਸ ਦੇ ਪੁੱਤਰ ਦਮਨਬੀਰ ਸਿੰਘ ਅਤੇ ਸਾਬਕਾ ਅਕਾਲੀ ਦਲ ਬਾਦਲ ਵਿਧਾਇਕ ਅਵਿਨਾਸ਼ ਚੰਦਰ ਸਮੇਤ 13 ਜਣਿਆਂ ਦੀਆਂ 61 ਕਰੋੜ 62 ਲੱਖ ਦੀਆਂ ਜਾਇਦਾਦਾਂ ਕੁਰਕ ਕਰਨ ਦਾ ਆਦੇਸ਼ ਦਿੱਤਾ ਹੈ। ਕੁਰਕ ਹੋਣ ਵਾਲੀਆਂ ਜਾਇਦਾਦਾਂ ’ਚ ਦੋਵੇਂ ਸਾਬਕਾ ਅਕਾਲੀ ਦਲ ਬਾਦਲ ਦੇ ਆਗੂਆਂ ਦੇ ਮਕਾਨ ਵੀ ਸ਼ਾਮਲ ਹਨ। ਇਸ ਮਾਮਲੇ ਵਿੱਚ ਈਡੀ ਨੇ ਵਿਦੇਸ਼ੀ ਰਹਿੰਦੇ ਅਤੇ ਚਾਰ ਵੱਡੇ ਕਾਰੋਬਾਰੀ ਖ਼ਿਲਾਫ਼ ਵੀ ਕਾਰਵਾਈ ਕੀਤੀ ਹੈ। ਇਸ ਮਾਮਲੇ ਦੀ ਜਾਂਚ ਈਡੀ ਦੇ ਡਿਪਟੀ ਡਾਇਰੈਕਟਰ ਨਿਰੰਜਣ ਸਿੰਘ ਕਰ ਰਹੇ ਹਨ।

ਈਡੀ ਦੇ ਦਫ਼ਤਰ ਵੱਲੋਂ 31 ਮਾਰਚ ਨੂੰ ਜਾਰੀ ਕੀਤੇ ਗਏ ਇਨ੍ਹਾਂ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ 13 ਜਣਿਆਂ ਦੀਆਂ ਚੱਲ ਤੇ ਅਚੱਲ ਜਾਇਦਾਦਾਂ ਸਮੇਤ ਖੇਤੀਬਾੜੀ ਵਾਲੀ ਜ਼ਮੀਨ, ਰਿਹਾਇਸ਼ੀ ਮਕਾਨ, 7 ਲਗਜ਼ਰੀ ਕਾਰਾਂ (ਰੇਂਜ ਰੋਵਰ, ਲੈਂਡ ਰੋਵਰ, ਮਰਸਡੀਜ਼, ਬੀ.ਐਮ.ਡਬਲਿਊ, ਹੌਂਡਾ ਐਕੌਰਡ, ਹੁੰਡਈ ਆਦਿ) ਜ਼ਬਤ ਕੀਤੀਆਂ ਜਾਣ। ਈਡੀ ਵੱਲੋਂ ਪੰਜਾਬ ਪੁਲਿਸ ਦੇ ਸਾਬਕਾ ਡੀ.ਐਸ.ਪੀ. ਜਗਦੀਸ਼ ਭੋਲਾ ਨਸ਼ਾ ਤਸਕਰੀ ਮਾਮਲੇ ਵਿੱਚ ਹੁਣ ਤਕ 182 ਕਰੋੜ ਦੀ ਜਾਇਦਾਦ ਕੁਰਕ ਕਰਨ ਦੇ ਹੁਕਮ ਦਿੱਤੇ ਜਾ ਚੁੱਕੇ ਹਨ।

ਸਾਬਕਾ ਬਾਦਲ ਦਲ ਦੇ ਮੰਤਰੀ ਫਿਲੌਰ ਤੇ ਦਮਨਬੀਰ ਸਿੰਘ ਦੀ ਕੁਰਕ ਕੀਤੀ ਜਾਣ ਵਾਲੀ ਜਾਇਦਾਦ ਦੀ ਕੀਮਤ ਤਕਰੀਬਨ 4 ਕਰੋੜ 86 ਲੱਖ ਦੱਸੀ ਜਾ ਰਹੀ ਹੈ। ਸਾਬਕਾ ਵਿਧਾਇਕ ਅਵਿਨਾਸ਼ ਚੰਦਰ ਦੀ ਜਾਇਦਾਦ ਦੀ ਕੀਮਤ 55 ਲੱਖ 45 ਹਜ਼ਾਰ ਰੁਪਏ ਹੈ। ਜਿਹੜੇ ਹੋਰ ਵਿਅਕਤੀਆਂ ਦੀ ਜਾਇਦਾਦ ਕੁਰਕ ਕਰਨ ਦੇ ਹੁਕਮ ਕੀਤੇ ਗਏ ਹਨ, ਉਨ੍ਹਾਂ ਵਿੱਚ ਕੈਨੇਡਾ ਵਾਸੀ ਸੁਖਰਾਜ ਸਿੰਘ, ਜਸਵਿੰਦਰ ਸਿੰਘ ਤੇ ਅਵਤਾਰ ਸਿੰਘ ਉਰਫ਼ ਤਾਰੀ ਸ਼ਾਮਲ ਹਨ। ਇਸ ਸੂਚੀ ਅਨੁਸਾਰ ਸਭ ਤੋਂ ਵੱਧ ਜਾਇਦਾਦ ਜਗਜੀਤ ਸਿੰਘ ਚਾਹਲ, ਪਰਮਜੀਤ ਸਿੰਘ ਚਾਹਲ ਤੇ ਇੰਦਰਜੀਤ ਕੌਰ ਦੀ ਹੈ, ਜਿਸ ਦੀ ਕੀਮਤ 54 ਕਰੋੜ 59 ਲੱਖ ਤੋਂ ਵੱਧ ਬਣਦੀ ਹੈ। ਇਸ ਸੂਚੀ ਵਿੱਚ ਸਚਿਨ ਸਰਦਾਨਾ, ਦਵਿੰਦਰ ਕਾਂਤ ਸ਼ਰਮਾ ਅਤੇ ਚੂਨੀ ਲਾਲ ਗਾਬਾ ਦੇ ਨਾਂ ਵੀ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਪਟਿਆਲਾ ਦਾ ਹਰਪ੍ਰੀਤ ਸਿੰਘ ਵੀ ਸ਼ਾਮਲ ਹੈ।

ਈਡੀ ਵੱਲੋਂ ਇਸ ਕੇਸ ’ਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੂੰ ਵੀ ਤਲਬ ਕੀਤਾ ਗਿਆ ਸੀ। ਸਾਬਕਾ ਵਿਧਾਇਕ ਅਵਿਨਾਸ਼ ਚੰਦਰ ਨੂੰ ਈਡੀ ਨੇ ਹੁਣ ਤਕ 6 ਵਾਰ ਸੰਮਨ ਭੇਜੇ ਸਨ। ਉਸ ਕੋਲੋਂ ਸਭ ਤੋਂ ਲੰਬੀ ਪੁੱਛ ਪੜਤਾਲ ਵੀ ਕੀਤੀ ਗਈ ਸੀ। ਇਨ੍ਹਾਂ ਸਾਰੇ ਮੁਲਜ਼ਮਾਂ ਨੂੰ ਜੂਨ 2014 ਤੋਂ ਈਡੀ ਵੱਲੋਂ ਸੰਮਨ ਭੇਜੇ ਜਾ ਰਹੇ ਹਨ। ਇਸ ਮਾਮਲੇ ਵਿੱਚ ਹੁਣ ਤਕ 48 ਜਣਿਆਂ ਵਿਰੁੱਧ ਕੇਸ ਦਰਜ ਹੋ ਚੁੱਕੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: