ਜਲੰਧਰ: ਨਸ਼ਿਆਂ ਤੇ ਅਸਲੇ ਸਮੇਤ ਫੜੇ ਗਏ ਇੰਸਪੈਕਟਰ ਇੰਦਰਜੀਤ ਸਿੰਘ ਤੇ ਸਹਾਇਕ ਸਬ ਇੰਸਪੈਕਟਰ ਅਜੈਬ ਸਿੰਘ ਨੂੰ ਕਪੂਰਥਲਾ ਦੇ ਐਸ.ਐਸ.ਪੀ. ਸੰਦੀਪ ਸ਼ਰਮਾ ਨੇ ਬਰਖ਼ਾਸਤ ਕਰ ਦਿੱਤਾ ਹੈ। ਅਜੈਬ ਸਿੰਘ ਨੂੰ ਐਸ.ਟੀ.ਐਫ. ਨੇ ਇੰਦਰਜੀਤ ਸਿੰਘ ਦੀ ਗ੍ਰਿਫ਼ਤਾਰੀ ਤੋਂ ਇਕ ਦਿਨ ਬਾਅਦ ਗ੍ਰਿਫ਼ਤਾਰ ਕੀਤਾ ਸੀ। ਇੰਦਰਜੀਤ ਸਿੰਘ ਦੀ ਬਦਲੀ ਗ੍ਰਿਫ਼ਤਾਰੀ ਤੋਂ ਪਹਿਲਾਂ ਕਪੂਰਥਲਾ ਤੋਂ ਮੋਗਾ ਹੋਈ ਸੀ ਪਰ ਉਹ ਨਵੀਂ ਥਾਂ ਡਿਊਟੀ ’ਤੇ ਹਾਜ਼ਰ ਨਹੀਂ ਸੀ ਹੋਇਆ ਜਦਕਿ ਅਜੈਬ ਸਿੰਘ ਕਪੂਰਥਲਾ ਹੀ ਤਾਇਨਾਤ ਸੀ।
ਐਸ.ਐਸ.ਪੀ. ਸੰਦੀਪ ਸ਼ਰਮਾ ਨੇ ਇਨ੍ਹਾਂ ਨੂੰ ਬਰਖ਼ਾਸਤ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਦੋਹਾਂ ਵਿਰੁੱਧ ਗੰਭੀਰ ਦੋਸ਼ ਸਨ। ਜ਼ਿਕਰਯੋਗ ਹੈ ਕਿ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਜਲੰਧਰ ਤੋਂ ਉਸ ਦੇ ਪੁਲਿਸ ਲਾਈਨ ਵਿਚਲੇ ਘਰੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਸ ਕੋਲੋਂ ਚਾਰ ਕਿਲੋ ਹੈਰੋਇਨ, ਤਿੰਨ ਕਿਲੋ ਸਮੈਕ, ਇੱਕ ਏੇ.ਕੇ. 47, 100 ਰੌਂਦ ਅਤੇ ਤਿੰਨ ਪਿਸਤੌਲ ਬਰਾਮਦ ਕੀਤੇ ਗਏ ਸਨ। ਅਜੈਬ ਸਿੰਘ, ਜੋ ਕਿ ਕਪੂਰਥਲਾ ਵਿੱਚ ਬਤੌਰ ਏ.ਐਸ.ਆਈ. ਤਾਇਨਾਤ ਸੀ, ਨੂੰ ਇੰਸਪੈਕਟਰ ਇੰਦਰਜੀਤ ਸਿੰਘ ਦੀ ਗ੍ਰਿਫ਼ਤਾਰੀ ਤੋਂ ਇੱਕ ਦਿਨ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਐਸ.ਟੀ.ਐਫ. ਨੂੰ ਜਾਣਕਾਰੀ ਸੀ ਕਿ ਅਜੈਬ ਸਿੰਘ ਨੇ ਇੰਦਰਜੀਤ ਸਿੰਘ ਦੇ ਭਰੋਸੇਮੰਦ ਹੋਣ ਵਜੋਂ ਭੂਮਿਕਾ ਨਿਭਾਈ ਸੀ ਤੇ ਕਈ ਥਾਵਾਂ ’ਤੇ ਕੀਤੇ ਗਏ ਅਪਰੇਸ਼ਨਾਂ ਦੌਰਾਨ ਅਜੈਬ ਸਿੰਘ ਨੇ ਉਸ ਦਾ ਸਾਥ ਦਿੱਤਾ ਸੀ। ਦੋਹਾਂ ਨਸ਼ੇ ਦੇ ਵਪਾਰੀਆਂ ਨੂੰ 19 ਜੂਨ ਤੱਕ ਪੁਲਿਸ ਰਿਮਾਂਡ ’ਤੇ ਭੇਜਿਆ ਗਿਆ ਹੈ।
ਸਬੰਧਤ ਖ਼ਬਰ: ਸਿੱਖ ਨੌਜਵਾਨਾਂ ਨੂੰ ਮਾਰ ਮੁਕਾਉਣ ਲਈ ਅਪਣਾਏ ਗਏ ਕੈਟ ਸਿਸਟਮ ਦਾ ਹਿੱਸਾ ਰਿਹੈ ਇੰਦਰਜੀਤ ਸਿੰਘ? …