ਫਤਿਹਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਪ੍ਰੈਸ ਬਿਆਨ ‘ਚ ਕਿਹਾ ਕਿ ਹਿੰਦੂ ਆਗੂਆਂ ਵੱਲੋਂ ਸਿੱਖ ਕੌਮ ਨਾਲ ਧੋਖੇ ਫਰੇਬ ਕਰਨ ਅਤੇ ਸਿੱਖਾਂ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਨੂੰ ਭੁੱਲਕੇ ਕੇਵਲ ਆਪਣਾ ਹਿੰਦੂ ਮੁਲਕ ਬਣਾਉਣ ਦੇ ਅਮਲ ਜਾਰੀ ਹਨ। ਅਜਿਹੇ ਸਮੇਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਜਿਹੇ ਧੋਖੇਬਾਜ਼ਾਂ ਦੇ ਤਿਰੰਗੇ ਝੰਡੇ ਲਹਿਰਾਉਣ ਦੇ ਦੁੱਖਦਾਇਕ ਅਮਲਾਂ ਉਤੇ ਵੱਡਾ ਪ੍ਰਸ਼ਨ ਚਿੰਨ੍ਹ ਖੜ੍ਹਾ ਹੁੰਦਾ ਹੈ।
ਸ. ਮਾਨ ਨੇ ਕਿਹਾ ਕਿ ਜਿਸ ਤਿਰੰਗੇ ਝੰਡੇ ਲਈ ਸਭ ਹਿੰਦੂ ਆਗੂਆਂ ਦੇ ਪ੍ਰਭਾਵ ਥੱਲ੍ਹੇ ਗੁੰਮਰਾਹ ਹੋਏ ਸਿੱਖ ਝੰਡਾ ਚੜ੍ਹਾਉਣ ਦੀ ਰਸਮ ਕਰਨ ਜਾ ਰਹੇ ਹਨ ਜਾਂ ਇਨ੍ਹਾਂ ਸਮਾਗਮਾਂ ਵਿਚ ਸਾਮਿਲ ਹੋਣ ਜਾ ਰਹੇ ਹਨ, ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਤਿਰੰਗੇ ਝੰਡੇ ਦਾ ਪਹਿਲਾ ਰੰਗ ਜੋ ਭਗਵਾ ਹੈ, ਉਹ ਹਿੰਦੂਆਂ ਦਾ ਹੈ ਅਤੇ ਫਿਰ ਵਿਚਕਾਰ ਰੰਗ ਜੋ ਚਿੱਟਾ ਹੈ, ਉਹ ਜੈਨੀਆ ਦਾ ਹੈ ਅਤੇ ਜੋ ਅਸੋਕ ਚੱਕਰ ਹੈ, ਉਹ ਬੁੱਧ ਧਰਮ ਦਾ ਹੈ ਅਤੇ ਜੋ ਹਰਾ ਰੰਗ ਹੈ, ਉਹ ਮੁਸਲਮਾਨਾਂ ਦਾ ਹੈ। ਜਦੋਂ ਇਸ ਤਿਰੰਗੇ ਝੰਡੇ ਵਿਚ ਸਿੱਖਾਂ ਦਾ ਕੁਝ ਵੀ ਨਹੀਂ, ਫਿਰ ਸਿੱਖ ਕੌਮ ਜਾਂ ਸਿੱਖ ਵਿਦਿਆਰਥੀ, ਬੱਚੇ ਇਸ ਤਿਰੰਗੇ ਝੰਡੇ ਨੂੰ, ਜਿਸ ਨੇ 47 ਤੋਂ ਲੈਕੇ ਅੱਜ ਤੱਕ ਸਿੱਖ ਕੌਮ ਨੂੰ ਜ਼ਲਾਲਤ, ਨਮੋਸੀ ਤੋਂ ਇਲਾਵਾ ਕੁਝ ਨਹੀਂ ਦਿੱਤਾ, ਉਸ ਨੂੰ ਸਲਾਮ ਕਰਨ ਅਤੇ ਇਨ੍ਹਾਂ ਹਿੰਦੂਆਂ ਦੇ ਆਜ਼ਾਦੀ ਸਮਾਗਮ ਵਿਚ ਸ਼ਾਮਲ ਹੋਣ ਲਈ ਕਿਉਂ ਜਾਣਗੇ?
ਇਸ ਲਈ ਮੇਰੀ ਸਮੁੱਚੀ ਸਿੱਖ ਕੌਮ, ਉਨ੍ਹਾਂ ਦੇ ਬੱਚਿਆਂ ਸਕੂਲਾਂ ਤੇ ਕਾਲਜਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਅਪੀਲ ਹੈ ਕਿ ਉਹ ਸਕੂਲਾਂ, ਕਾਲਜਾਂ ਵਿਚ 15 ਅਗਸਤ ਨੂੰ ਇਸ ਤਿਰੰਗੇ ਝੰਡੇ ਨੂੰ ਦਿੱਤੀ ਜਾਣ ਵਾਲੀ ਸਲਾਮੀ ਸਮਾਗਮਾਂ ਵਿਚ ਬਿਲਕੁਲ ਸ਼ਾਮਲ ਨਾ ਹੋਣ। ਬਲਕਿ ਉਸ ਦਿਨ ਹਰ ਗੁਰਸਿੱਖ ਪਰਿਵਾਰ, ਬੱਚੇ ਆਪੋ-ਆਪਣੀਆਂ ਕਾਲੀਆਂ ਦਸਤਾਰਾਂ, ਚੁੰਨੀਆਂ, ਕਾਲੀ ਪੱਟੀ ਜਾਂ ਕਾਲੀਆਂ ਜੁਰਾਬਾਂ ਪਹਿਨਕੇ ਇਸ ਦਿਨ ਨੂੰ ਕਾਲੇ ਦਿਨ ਵੱਜੋਂ ਮਨਾਉਣ। ਕਿਉਂਕਿ ਇਸ ਦਿਨ ਸਾਡੇ ਨਾਲ ਹਿੰਦੂ ਆਗੂਆਂ ਨਹਿਰੂ, ਗਾਂਧੀ, ਪਟੇਲ ਨੇ ਧੋਖਾ ਕਰਕੇ ਸਾਡੇ ਵੱਲੋਂ ਦਿੱਤੀਆਂ ਕੁਰਬਾਨੀਆਂ ਦੇ ਬਿਨ੍ਹਾਂ ਤੇ ਆਪਣਾ ਆਜ਼ਾਦ ਹਿੰਦ ਮੁਲਕ ਬਣਾਇਆ ਸੀ। ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਸਿੱਖ ਕੌਮ ਆਪਣੇ ਨਾਲ ਹੁਕਮਰਾਨਾਂ ਵੱਲੋਂ ਬੀਤੇ ਸਮੇਂ ਵਿਚ ਹੋਈਆਂ ਜ਼ਿਆਦਤੀਆਂ ਅਤੇ ਅਜੋਕੇ ਸਮੇਂ ਵਿਚ ਹੋ ਰਹੇ ਵੱਡੇ ਘੋਰ ਵਿਤਕਰਿਆਂ, ਜ਼ਬਰ-ਜ਼ੁਲਮ ਨੂੰ ਮੁੱਖ ਰੱਖਦੇ ਹੋਏ 15 ਅਗਸਤ ਦੇ ਦਿਨ ਨੂੰ ਕਾਲੇ ਦਿਨ ਵੱਜੋ ਮਨਾਉਣਗੇ ਅਤੇ ਕੋਈ ਵੀ ਸਿੱਖ ਵਿਦਿਆਰਥੀ, ਬੱਚਾਂ 15 ਅਗਸਤ ਦੇ ਸਮਾਗਮ ਵਿਚ ਸ਼ਾਮਲ ਨਹੀਂ ਹੋਵੇਗਾ।
ਸਬੰਧਤ ਖ਼ਬਰ: