ਸਿੰਘੇਵਾਲਾ-ਫਤੂਹੀਵਾਲਾ ਵਿੱਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਤੇ ਲਛਮਣ ਸਿੰਘ ਸੇਵੇਵਾਲਾ ਤੋਂ ਖੇਤ ਮਜ਼ਦੂਰਾਂ ਦੀ ਵਿਿਥਆ ਸੁਣਦੇ ਹੋਏ ਡਾ. ਪੀ. ਸਾਈਨਾਥ

ਖਾਸ ਖਬਰਾਂ

ਖੇਤ ਮਜ਼ਦੂਰਾਂ ਦੇ ਦੁੱਖੜਿਆਂ ਨੇ ਪੱਤਰਕਾਰ ਡਾ. ਪੀ. ਸਾਈਨਾਥ ਦੇ ਰੌਂਗਟੇ ਖੜ੍ਹੇ ਕੀਤੇ

By ਸਿੱਖ ਸਿਆਸਤ ਬਿਊਰੋ

May 09, 2018

ਚੰਡੀਗੜ: ਖੇਤ ਮਜ਼ਦੂਰਾਂ ਨੇ ਆਪਣੇ ਦੁੱਖੜੇ ਫਰੋਲ ਕੇ ਮੈਗਸਾਸੇ ਐਵਾਰਡ ਜੇਤੂ ਪੱਤਰਕਾਰ ਡਾ. ਪੀ. ਸਾਈਨਾਥ ਦੇ ਵੀ ਰੌਂਗਟੇ ਖੜ੍ਹੇ ਕਰ ਦਿੱੱਤੇ। ਸਾਈਨਾਥ ਆਪਣੀ ਟੀਮ ਦੇ ਮੈਂਬਰਾਂ ਨਵਸ਼ਰਨ ਕੌਰ ਅਤੇ ਡਾ. ਪਰਮਿੰਦਰ ਸਿੰਘ ਨਾਲ ਅੱਜ ਪਿੰਡ ਸਿੰਘੇਵਾਲਾ-ਫਤੂਹੀਵਾਲਾ ਵਿੱਚ ਪੁੱਜੇ। ਉਨ੍ਹਾਂ ਵੱਲੋਂ ਖੇਤ ਮਜ਼ਦੂਰ ਔਰਤਾਂ ਨਾਲ ਸੰਵਾਦ ਰਚਾਇਆ ਗਿਆ ਤਾਂ ਕਿਰਤ ਦੀ ਉਜਰਤ ਦੇ ਬਹੀ ਖਾਤੇ ਖੁੱਲ੍ਹੇ। ਇਸ ’ਤੇ ਡਾ. ਪੀ. ਸਾਈਨਾਥ ਵੀ ਉਂਗਲਾਂ ਦੇ ਪੋਟਿਆਂ ’ਤੇ ਮਿਹਨਤਾਨੇ ਦਾ ਨਿਗੂਣਾ ਜੋੜ ਲਗਾ ਹੈਰਾਨ-ਪ੍ਰੇਸ਼ਾਨ ਹੋ ਗਏ। ਇਸ ਦੌਰਾਨ ਜ਼ਮੀਨ ਹੱਦਬੰਦੀ ਕਾਨੂੰਨ ਦੀ ਅਣਦੇਖੀ ਖੇਤ ਮਜ਼ਦੂਰਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ’ਚ ਵੱਡੇ ਅੜਿੱਕੇ ਵਜੋਂ ਉੱਭਰੀ।

ਸੰਵਾਦ ਮੌਕੇ ਕਈ ਪਿੰਡਾਂ ਦੀਆਂ ਖੇਤ ਮਜ਼ਦੂਰ ਔਰਤਾਂ ਨੇ ਦੱਸਿਆ ਕਿ ਉਹ ਮਿਹਨਤਾਂ ਕਰਦੇ ਹਨ ਅਤੇ ਚੌਧਰੀ ਐਸ਼ਾਂ ਕਰਦੇ ਨੇ। ਸੌ-ਸੌ ਕਿੱਲਿਆਂ ਵਾਲੇ ਸਰਮਾਏਦਾਰ ਉਨ੍ਹਾਂ ’ਤੇ ਹੁਕਮ ਚਲਾਉਂਦੇ ਹਨ ਅਤੇ ਉਹ ਖੂਨ-ਪਸੀਨਾ ਵਹਾਉਂਦੇ ਹਨ। ਕੰਮੀਆਂ ਦੇ ਕੱਚੇ ਮਕਾਨਾਂ ਦਾ ਘੇਰਾ ਉਨ੍ਹਾਂ ਦੇ ਗੁਸਲਖਾਨਿਆਂ ਨਾਲੋਂ ਵੀ ਸੁੰਗੜਿਆ ਹੋਇਆ ਹੈ। ਸਿੰਘੇਵਾਲਾ ਦੀ ਮਜ਼ਦੂਰ ਔਰਤ ਫੰਬੀ ਕੌਰ ਨੇ ਦੱਸਿਆ ਕਿ ਝੋਨਾ ਲਾਉਂਦੇ ਸਮੇਂ ਕਿਸਾਨਾਂ ਵੱਲੋਂ ਪਾਣੀ ’ਚ ਪਾਈ ਜਾਂਦੀ ਕੀਟਨਾਸ਼ਕ ਨਾਲ ਪੈਰ ਗਲ ਜਾਂਦੇ ਹਨ ਅਤੇ ਰੋਗਾਂ ਨੇ ਅੱਖਾਂ ਦੀ ਰੌਸ਼ਨੀ ਖੋਹ ਲਈ ਹੈ। ਢੂਈਆਂ ਵਿੱਚ ਪੈਂਦੇ ਕੁੱਬ ਹੁਣ ਜ਼ਿੰਦਗੀ ਦੇ ਪੱਕੇ ਰੋਗ ਬਣ ਗਏ ਹਨ ਅਤੇ ਬਹੁਤੇ ਮਜ਼ਦੂਰਾਂ ਦੀ ਮਿਹਨਤ ਦੀ ਕਮਾਈ ਵੀ ਇਲਾਜ ’ਤੇ ਖ਼ਰਚ ਹੁੰਦੀ ਹੈ। ਨਿਰਮਲ ਕੌਰ ਨੇ ਆਖਿਆ ਕਿ ਮਸ਼ੀਨੀਕਰਨ ਨੇ ਤੂੜੀ ਦੀ ਟਰਾਲੀ ਭਰਨ ਜਿਹੇ ਮਾਮੂਲੀ ਕਿੱਤੇ ਵੀ ਮੁਕਾ ਦਿੱਤੇ ਹਨ। ਦਸ ਮਜ਼ਦੂਰਾਂ ਵਾਲਾ ਕਾਰਜ ਸਿਰਫ਼ ਇੱਕ ਮਜ਼ਦੂਰ ਨਾਲ ਹੋ ਰਿਹਾ ਹੈ। ਆਰਥਿਕ ਅਤੇ ਸਮਾਜਿਕ ਕਾਣੀ ਵੰਡ ਕਾਰਨ ਮਜ਼ਦੂਰਾਂ ਲਈ ਡੰਗ ਟਪਾਉਣਾ ਔਖਾ ਹੋ ਰਿਹਾ ਹੈ।

ਪ੍ਰਧਾਨ ਮੰਤਰੀ ਦੇ ਸਸਤੇ ਭਾਅ ਵਾਲੇ ਸਿਲੰਡਰ ਵੀ ਪੈਸਿਆਂ ਦੀ ਥੁੜ੍ਹ ਕਾਰਨ ਬੇਕਾਰ ਹੋ ਰਹੇ ਹਨ।ਤਾਰਾਵੰਤੀ ਕਿੱਲਿਆਂਵਾਲੀ ਨੇ ਆਖਿਆ ਕਿ ਜਥੇਬੰਦਕ ਸੰਘਰਸ਼ਾਂ ਨਾਲ ਹਾਸਲ ਕੁਝ ਸਹੂਲਤਾਂ ਨੂੰ ਅਮਲੀ ਜਾਮਾ ਪਾਉਣ ਸਮੇਂ ਪੁਲੀਸ ਅਤੇ ਸਰਕਾਰਾਂ ਚੌਧਰੀਆਂ ਨਾਲ ਖੜ੍ਹੀਆਂ ਨਜ਼ਰ ਆਉਂਦੀਆਂ ਹਨ। ਮਰਹੂਮ ਖੇਤ ਮਜ਼ਦੂਰ ਆਗੂ ਨਾਨਕ ਸਿੰਘ ਦੀ ਧੀ ਮਮਤਾ ਰਾਣੀ ਨੇ ਗੰਧੜ ਕਾਂਡ ਵਿੱਚ ਸੰਘਰਸ਼ੀ ਟਾਕਰੇ ਬਾਰੇ ਚਾਨਣਾ ਪਾਇਆ ਅਤੇ ਆਖਿਆ ਕਿ ਖੇਤ ਮਜ਼ਦੂਰਾਂ ’ਤੇ ਆਰਥਿਕ ਸ਼ੋਸ਼ਣ ਏਨਾ ਬੋਝ ਬਣ ਰਿਹਾ ਹੈ ਕਿ ਕਿੰਨੂਆਂ ਦੇ ਬਾਗਾਂ ’ਚ ਮਜ਼ਦੂਰਾਂ ਦੀ ਡੇਢ ਸੌ ਰੁਪਏ ਦਿਹਾੜੀ ਚਾਰ ਸਾਲਾਂ ਮਗਰੋਂ ਸਿਰਫ਼ ਦਸ ਰੁਪਏ ਵਧ ਸਕੀ ਅਤੇ ਕੰਮ 11-11 ਘੰਟੇ ਕਰਨਾ ਪੈਂਦਾ ਹੈ। ਇਸ ਦੌਰਾਨ ਡਾ. ਪੀ. ਸਾਈਨਾਥ ਨੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਅਤੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨਾਲ ਖੇਤ ਮਜ਼ਦੂਰਾਂ ਦੇ ਮਸਲਿਆਂ ਅਤੇ ਜਥੇਬੰਦਕ ਸੰਘਰਸ਼ਾਂ ਬਾਰੇ ਜਾਣਕਾਰੀ ਲਈ। ਇਸ ਮੌਕੇ ਪੱਤਰਕਾਰ ਹਮੀਰ ਸਿੰਘ, ਐੱਸ.ਪੀ. ਸਿੰਘ, ਹਰਮੇਸ਼ ਮਾਲੜੀ, ਕਿਰਨਜੀਤ ਕੌਰ ਝੁਨੀਰ, ਖੋਜਾਰਥੀ ਪ੍ਰੀਤ ਅਨਮੋਲ ਕੌਰ, ਜਗਦੀਪ ਖੁੱਡੀਆਂ ਅਤੇ ਹਰਿੰਦਰ ਕੌਰ ਬਿੰਦੂ ਮੌਜੂਦ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: