ਪਟਿਆਲਾ: ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਐਲਾਨ ਕੀਤਾ ਹੈ ਕਿ ਉਹ 1985 ਵਾਲੇ ਐਨਡੀਪੀਐਸ ਐਕਟ ਵਿੱਚ ਸੋਧ ਲਈ ਬਿੱਲ ਅਗਲੇ ਹਫ਼ਤੇ ਸ਼ੁਰੂ ਹੋਣ ਜਾ ਰਹੇ ਮੌਨਸੂਨ ਸੈਸ਼ਨ ਵਿੱਚ ਪੇਸ਼ ਕਰਨਗੇ। ਇਸ ਸੋਧ ਬਿੱਲ ਦਾ ਖਰੜਾ ਦਿੱਲੀ ਦੇ ਕੁਝ ਵਕੀਲਾਂ ਅਤੇ ਮਾਹਿਰਾਂ ਵੱਲੋਂ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੋਧ ਦੀ ਮੰਗ ਇਸ ਲਈ ਕੀਤੀ ਜਾਵੇਗੀ ਤਾਂ ਜੋ ਕੁਦਰਤੀ ਪੈਦਾ ਹੋਣ ਵਾਲੇ ਨਸ਼ਿਆਂ ਜਿਵੇਂ ਕਿ ਅਫ਼ੀਮ, ਭੁੱਕੀ, ਭੰਗ ਆਦਿ ਨੂੰ ਕਾਨੂੰਨੀ ਮਾਨਤਾ ਮਿਲੇ।
ਇਸ ਹਫ਼ਤੇ ਦੇ ਅਖੀਰ ਤੱਕ ਇਸ ਬਾਰੇ ਵੱਖ-ਵੱਖ ਸਿਆਸਤਦਾਨਾਂ, ਵਕੀਲਾਂ, ਮਨੋ-ਵਿਗਿਆਨੀਆਂ, ਸਿੱਖਿਆ-ਸ਼ਾਸਤਰੀਆਂ ਆਦਿ ਤੋਂ ਸੁਝਾਅ ਲੈ ਕੇ ਇਸ ਬਿੱਲ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਡਾ. ਗਾਂਧੀ ਨੇ ਕਿਹਾ ਕਿ ਨਾਰਕੋਟਿਕ ਡਰੱਗ ਐਂਡ ਸਾਈਕੋਟਰੋਪਿਕ ਸਬਸਟਾਂਸਿਜ਼ ਐਕਟ, 1985 (ਐਨਡੀਪੀਐਸ) ਉਦੋਂ ਯੂਐਨਓ ਦੀ ਨਸ਼ਿਆਂ ਬਾਰੇ ਨੀਤੀ ਸਬੰਧੀ ਕਨਵੈਨਸ਼ਨ ਦੀਆਂ ਲੋੜਾਂ ਦੀ ਪੂਰਤੀ ਵਾਸਤੇ ਬਣਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਐਕਟ ਕਾਰਨ ਤਾਕਤਵਰ ਡਰੱਗ ਮਾਫ਼ੀਆ ਪੈਦਾ ਅਤੇ ਪ੍ਰਫੁੱਲਤ ਹੋਇਆ ਹੈ, ਜਿਸ ਨੇ ਸਜ਼ਾ ਦੀਆਂ ਸਖ਼ਤ ਧਾਰਾਵਾਂ ਹੋਣ ਦੇ ਬਾਵਜੂਦ, ਲਗਾਤਾਰ ਨਸ਼ੇ ਸਪਲਾਈ ਕੀਤੇ ਹਨ। ਇਸ ਬਿੱਲ ਦਾ ਮਕਸਦ ਸਿਆਸੀ ਆਗੂਆਂ, ਪੁਲੀਸ ਅਤੇ ਤਸਕਰਾਂ ਦੇ ਗੱਠਜੋੜ ਨੂੰ ਤਬਾਹ ਕਰਨਾ ਹੈ, ਜਿਹੜਾ ਦੇਸ਼ ਦੇ ਨੌਜਵਾਨਾਂ ’ਚ ਘਾਤਕ ਸਿੰਥੈਟਿਕ ਨਸ਼ੇ ਫੈਲਾ ਰਿਹਾ ਹੈ।