Dharamvir Gandhi from Punjab front addressing the media persons during the press congruence held at press club in Chandigarh on Monday Tribune Photo-S.Chandan

ਪੰਜਾਬ ਦੀ ਰਾਜਨੀਤੀ

ਗਾਂਧੀ ਦੀ ਅਗਵਾਈ ਵਾਲੇ ਫਰੰਟ ਵਲੋਂ 11 ਹੋਰ ਉਮੀਦਵਾਰਾਂ ਅਤੇ ‘ਆਪ’ ਦੇ ਕੰਵਰ ਸੰਧੂ ਦੀ ਹਮਾਇਤ ਦਾ ਐਲਾਨ

By ਸਿੱਖ ਸਿਆਸਤ ਬਿਊਰੋ

January 03, 2017

ਚੰਡੀਗੜ੍ਹ: ਪੰਜਾਬ ਫਰੰਟ ਦੇ ਸਰਪ੍ਰਸਤ ਡਾ. ਧਰਮਵੀਰ ਗਾਂਧੀ ਨੇ ਸੋਮਵਾਰ ਨੂੰ ਆਮ ਆਦਮੀ ਪਾਰਟੀ ਦੇ ਖਰੜ ਹਲਕੇ ਤੋਂ ਉਮੀਦਵਾਰ ਕੰਵਰ ਸੰਧੂ ਵਿਰੁੱਧ ਆਪਣਾ ਉਮੀਦਵਾਰ ਖੜ੍ਹਾ ਨਾ ਕਰਨ ਦਾ ਐਲਾਨ ਕਰਕੇ ਉਨ੍ਹਾਂ ਦੀ ਹਮਾਹਿਤ ਕਰ ਦਿੱਤੀ ਹੈ।

ਡਾ. ਗਾਂਧੀ ਵੱਲੋਂ ਕੱਲ੍ਹ ਚੰਡੀਗੜ੍ਹ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਹੀ ਉਸ ਵੇਲੇ ਹੰਗਾਮਾ ਹੋ ਗਿਆ ਜਦ ਨਰੇਗਾ ਫਰੰਟ ਦੇ ਆਗੂਆਂ ਨੇ ਦੋਸ਼ ਲਾਇਆ ਕਿ ਡਾ. ਗਾਂਧੀ ਆਰਐਸਐਸ ਨਾਲ ਸਬੰਧਤ ਸਾਬਕਾ ਵਿਧਾਇਕ ਹਰੀਸ਼ ਢਾਂਡਾ ਦੇ ਇਸ਼ਾਰੇ ’ਤੇ ਉਮੀਦਵਾਰਾਂ ਦਾ ਐਲਾਨ ਕਰ ਰਹੇ ਹਨ। ਨਰੇਗਾ ਵਰਕਰਜ਼ ਫਰੰਟ ਦੇ ਚੇਅਰਮੈਨ ਰੇਸ਼ਮ ਸਿੰਘ ਤੇ ਪ੍ਰਧਾਨ ਅਜਾਇਬ ਸਿੰਘ ਨੇ ਇਸ ਧਿਰ ਦਾ ਬਾਈਕਾਟ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਉਨ੍ਹਾਂ ਦੋ ਆਗੂਆਂ ਨੂੰ ਪਟਿਆਲਾ ਦਿਹਾਤੀ ਤੇ ਸਮਾਣਾ ਹਲਕਿਆਂ ਲਈ ਉਮੀਦਵਾਰ ਬਣਾਉਣਾ ਸੀ ਪਰ ਮੌਕੇ ’ਤੇ ਇਹ ਫੈਸਲਾ ਮੁਲਤਵੀ ਕਰ ਦਿੱਤਾ ਹੈ।

ਫਰੰਟ ਦੀ ਸਟੇਅਰਿੰਗ ਕਮੇਟੀ ਦੇ ਮੈਂਬਰ ਰੇਸ਼ਮ ਸਿੰਘ ਨੇ ਕਿਹਾ ਕਿ ਫਰੰਟ ਬਣਾਉਣ ਵਾਲਿਆਂ ਵਿੱਚ ਉਹ ਮੁੱਢਲੇ ਆਗੂ ਹਨ ਪਰ ਹੁਣ ਫਰੰਟ ਆਰਐਸਐਸ ਦੇ ਗਲਬੇ ਹੇਠ ਆ ਚੁੱਕਿਆ ਹੈ, ਜਿਸ ਕਾਰਨ ਉਹ ਇਸ ਦਾ ਬਾਈਕਾਟ ਕਰਨਗੇ। ਡਾ. ਗਾਂਧੀ ਨੇ ਇਨ੍ਹਾਂ ਦੋਸ਼ਾਂ ਨੂੰ ਗਲਤ ਦੱਸਦਿਆਂ ਕਿਹਾ ਕਿ ਸੰਧੂ ਨੇ ਸੁੱਚਾ ਸਿੰਘ ਛੋਟੇਪੁਰ ਨੂੰ ਪਾਰਟੀ ਵਿੱਚੋਂ ਕੱਢਣ ਮੌਕੇ ਦਿੱਲੀ ਦੀ ਲੀਡਰਸ਼ਿਪ ਅੱਗੇ ਸਿਰ ਝੁਕਾਉਣ ਦੀ ਥਾਂ ਸੱਚ ਉਪਰ ਪਹਿਰਾ ਦਿੱਤਾ ਸੀ। ਇਸ ਕਾਰਨ ਪੰਜਾਬ ਫਰੰਟ ਨੇ ਖਰੜ ਵਿੱਚ ਕੰਵਰ ਸੰਧੂ ਵਿਰੁੱਧ ਉਮਦੀਵਾਰ ਖੜ੍ਹਾ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਐਲਾਨ ਕੀਤਾ ਕਿ ਚੋਣਾਂ ਦੌਰਾਨ ਜਿੱਥੇ ਫਰੰਟ ਆਪਣਾ ਉਮੀਦਵਾਰ ਖੜ੍ਹਾ ਨਹੀਂ ਕਰੇਗਾ, ਉਥੇ ਛੋਟੇਪੁਰ ਦੀ ਆਪਣਾ ਪੰਜਾਬ ਪਾਰਟੀ ਦੇ ਉਮੀਦਵਾਰ ਦੀ ਹਮਾਇਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ‘ਆਪ’ ਦੇ ਇਮਾਨਦਾਰ ਉਮੀਦਵਾਰਾਂ ਦੀ ਹਮਾਇਤ ਕਰਨ ਦਾ ਫੈਸਲਾ ਵੀ ਲਿਆ ਜਾਵੇਗਾ।

ਡਾ. ਗਾਂਧੀ ਨੇ ਕਿਹਾ ਕਿ ਭਾਵੇਂ ਉਨ੍ਹਾਂ ਸਮੇਤ ਛੋਟੇਪੁਰ ਧੜਾ ਅਤੇ ਖੱਬੀਆਂ ਧਿਰਾਂ ਵੀ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਰਹੀਆਂ ਹਨ ਪਰ ਇਸ ਦੇ ਬਾਵਜੂਦ ਇਨ੍ਹਾਂ ਦੋਵਾਂ ਧਿਰਾਂ ਨਾਲ ਉਨ੍ਹਾਂ ਦੀ ਚੋਣ ਸਮਝੌਤੇ ਬਾਰੇ ਗੱਲ ਜਾਰੀ ਹੈ।

ਇਸ ਮੌਕੇ ਉਨ੍ਹਾਂ ਪੰਜਾਬ ਫਰੰਟ ਦੀਆਂ ਵੱਖ-ਵੱਖ ਧਿਰਾਂ ਦੇ ਆਗੂਆਂ ਪ੍ਰੋ. ਮਨਜੀਤ ਸਿੰਘ, ਸੁਮੀਤ ਸਿੰਘ, ਡਾ. ਹਰਿੰਦਰ ਸਿੰਘ ਜ਼ੀਰਾ, ਡਾ. ਕਰਮਜੀਤ ਸਿੰਘ ਸਰਾ, ਡਾ. ਜਗਜੀਤ ਸਿੰਘ ਆਦਿ ਸਮੇਤ 11 ਉਮੀਦਵਾਰਾਂ ਦਾ ਐਲਾਨ ਕੀਤਾ। ਇਨ੍ਹਾਂ ਵਿੱਚ ਜਤਿੰਦਰ ਸਿੰਘ ਚੋਪੜਾ ਨੂੰ ਜਲੰਧਰ ਕੇਂਦਰੀ, ਗੁਰਪ੍ਰਸਾਦ ਥਾਪਾ ਨੂੰ ਜਲੰਧਰ ਪੱਛਮੀ, ਗੁਰਸੇਵਕ ਸਿੰਘ ਅੰਟਾਲ ਨੂੰ ਘਨੌਰ, ਬਿੰਦਰ ਸਿੰਘ ਮੌਜੀਆ ਨੂੰ ਬੁਢਲਾਡਾ, ਸਮੁੰਦਰ ਸਿੰਘ ਨੂੰ ਬਸੀਪਠਾਣਾਂ, ਬਲਵਿੰਦਰ ਸਿੰਘ ਕੁੰਭੜਾ ਨੂੰ ਮੁਹਾਲੀ, ਜਰਮਨਜੀਤ ਸਿੰਘ ਨੂੰ ਨਿਹਾਲ ਸਿੰਘ ਵਾਲਾ, ਸੁਰਿੰਦਰ ਪਾਲ ਸਿੰਘ ਨੂੰ ਭੁੱਚੋ ਮੰਡੀ, ਕੰਵਲਜੀਤ ਸਿੰਘ ਨੂੰ ਬਾਬਾ ਬਕਾਲਾ, ਰਵਿੰਦਰਪਾਲ ਕੌਰ ਨੂੰ ਫ਼ਰੀਦਕੋਟ ਅਤੇ ਕੁਲਵਿੰਦਰ ਸਿੰਘ ਸ਼ੁਤਰਾਣਾ ਵਿਧਾਨ ਸਭਾ ਹਲਕਿਆਂ ਲਈ ਉਮੀਦਵਾਰ ਐਲਾਨਿਆ ਹੈ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Dr. Gandhi led Punjab Front Announces 11 More Candidates for Punjab Polls …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: