ਸਿਆਸੀ ਖਬਰਾਂ

ਚੀਮਾ ਅਧਿਆਪਕਾਂ ਨੂੰ ਦੋਸ਼ ਦੇਣ ਨਾਲੋਂ ਖਾਲੀ ਪੋਸਟਾਂ ਭਰਨ ਵੱਲ ਧਿਆਨ ਦੇਵੇ: ਆਮ ਆਦਮੀ ਪਾਰਟੀ

July 15, 2016 | By

ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਵੀਰਵਾਰ ਨੂੰ ਬਿਆਨ ਜਾਰੀ ਕਰਕੇ ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੂੰ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਬੁਲਾ ਕੇ ਉਨ੍ਹਾਂ ਨੂੰ ਮਾੜੇ ਨਤੀਜਿਆਂ ਲਈ ਦੋਸ਼ ਦੇਣ ਨਾਲੋਂ ਸੂਬੇ ਦੇ ਸਕੂਲਾਂ ਦਾ ਢਾਂਚਾ ਠੀਕ ਕਰਕੇ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਵੱਲ ਧਿਆਨ ਦੇਣ ਲਈ ਕਿਹਾ।

ਸਰਕਾਰ ਅਧਿਆਪਕਾਂ ਨੂੰ ਫਜੂਲ ਦੇ ਕੰਮ ਦੇਣੇ ਬੰਦ ਕਰਕੇ ਬੱਚਿਆਂ ਨੂੰ ਪੜਾਉਣ ਦੇਵੇ: ਪ੍ਰੋ. ਸਾਧੂ ਸਿੰਘ

ਆਪ ਦੇ ਸੀਨੀਅਰ ਆਗੂ ਅਤੇ ਫਰੀਦਕੋਟ ਤੋਂ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਅਤੇ ਇਸਤਰੀ ਵਿੰਗ ਪ੍ਰਧਾਨ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਸਕੂਲਾਂ ਵਿਚ ਮੂਲ ਸੁਵਿਧਾਵਾਂ ਦੀ ਘਾਟ, ਅਧਿਆਪਕਾਂ ਉਤੇ ਸਰਕਾਰ ਦਾ ਫਾਲਤੂ ਦਾ ਬੋਝ ਅਤੇ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਮਾੜੇ ਨਤੀਜੇ ਦਾ ਮੁੱਖ ਕਾਰਨ ਹਨ।

ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ, 'ਆਪ' ਆਗੂ ਪ੍ਰੋ. ਬਲਜਿੰਦਰ ਕੌਰ (ਫਾਈਲ ਫੋਟੋ)

ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ, ‘ਆਪ’ ਆਗੂ ਪ੍ਰੋ. ਬਲਜਿੰਦਰ ਕੌਰ (ਫਾਈਲ ਫੋਟੋ)

ਆਗੂਆਂ ਨੇ ਕਿਹਾ ਕਿ ਅਧਿਆਪਕਾਂ ਨੂੰ ਬੁਲਾ ਕੇ ਉਨ੍ਹਾਂ ਕੋਲੋਂ ਕਾਰਨ ਪੁਛਣ ਨਾਲੋਂ ਮੰਤਰੀ ਸਾਹਿਬ ਉਨ੍ਹਾਂ ਨੂੰ ਸਿੱਖਿਆ ਨਾਲ ਸੰਬੰਧਤ ਉਚ ਅਦਾਰਿਆਂ ਵਿਚ ਅਡਵਾਂਸ ਟ੍ਰੈਨਿੰਗ ਲੈਣ ਲਈ ਭੇਜਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਅਰਵਿੰਦ ਕੇਜਰੀਵਾਲ ਦੀ ਦਿੱਲੀ ਸਰਕਾਰ ਤੋਂ ਸੇਧ ਲੈਣੀ ਚਾਹੀਦੀ ਹੈ ਜਿਸਨੇ ਕਿ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਸਿੱਖਿਆ ਨਾਲ ਸੰਬੰਧਤ ਹੋਰ ਤਕਨੀਕਾਂ ਸਿੱਖਣ ਲਈ ਵਿਦੇਸ਼ੀ ਯੂਨੀਵਰਸਿਟੀਆਂ ਵਿਚ ਭੇਜਿਆ ਹੈ।

ਪ੍ਰੋ. ਸਾਧੂ ਸਿੰਘ ਨੇ ਸਿੱਖਿਆ ਮੰਤਰੀ ਚੀਮਾ ਨੂੰ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਉਤੇ ਸਰਕਾਰ ਦੁਆਰਾ ਪਾਏ ਵਾਧੂ ਬੋਝ ਨੂੰ ਖਤਮ ਕਰਕੇ ਉਨ੍ਹਾਂ ਤੋਂ ਸਿਰਫ ਪੜ੍ਹਾਉਣ ਦਾ ਕਾਰਜ ਕਰਵਾਉਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ, ”ਚਾਹੇ ਨਵੀਂਆਂ ਵੋਟਾਂ ਬਣਾਉਣੀਆਂ ਹੋਣ, ਚਾਹੇ ਜਨਗਣਨਾ ਕਰਨੀ ਹੋਵੇ ਜਾਂ ਸਰਕਾਰੀ ਸਕੀਮਾਂ ਦੀ ਜਾਣਕਾਰੀ ਲੋਕਾਂ ਨੂੰ ਦੇਣੀ ਹੋਵੇ ਅਧਿਆਪਕ ਹਰ ਕਾਰਜ ਕਰਦੇ ਹਨ। ਜੇਕਰ ਸਰਕਾਰ ਅਧਿਆਪਕਾਂ ਨੂੰ ਇੰਨਾ ਸਮਾਂ ਹੀ ਨਹੀਂ ਦਿੰਦੀ ਕਿ ਉਹ ਬੱਚਿਆਂ ਨੂੰ ਪੜ੍ਹਾ ਸਕਣ ਤਾਂ ਚੰਗੇ ਨਤੀਜੇ ਕਿਸ ਤਰ੍ਹਾਂ ਆ ਸਕਦੇ ਹਨ।”

ਚੰਗੀ ਸਿੱਖਿਆ ਦੇਣ ਲਈ ਵਿਦਿਆਰਥੀ-ਅਧਿਆਪਕ ਅਨੁਪਾਤ ਸੁਧਾਰਿਆ ਜਾਵੇ: ਪ੍ਰੋ. ਬਲਜਿੰਦਰ ਕੌਰ

ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸਿੱਖਿਆ ਪ੍ਰਤੀ ਮਤਰੇਏ ਵਿਵਹਾਰ ਕਾਰਨ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਕਰੀਬ 30 ਹਜ਼ਾਰ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਪ੍ਰਦਾਨ ਕਰਨ ਲਈ ਸਰਕਾਰੀ ਸਕੂਲਾਂ ਵਿਚ ਅਧਿਆਪਕ-ਵਿਦਿਆਰਥੀ ਅਨੁਪਾਤ ਨੂੰ ਜਾਂਚਿਆ ਜਾਣਾ ਲਾਜ਼ਮੀ ਹੈ।

ਪ੍ਰੋ. ਬਲਜਿੰਦਰ ਕੌਰ ਨੇ ਪੰਜਾਬ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਸਰਕਾਰ ਦੁਆਰਾ ਠੇਕਾ ਅਧਾਰ ‘ਤੇ ਨੌਕਰੀਆਂ ਦੇਣ ਅਤੇ 3 ਸਾਲ ਤੱਕ ਘਟੋ ਘੱਟ ਤਨਖਾਹ ‘ਤੇ ਕੰਮ ਕਰਾਉਣ ਦੀ ਨੀਤੀ ਨੂੰ ਗਲਤ ਠਹਿਰਾਇਆ। ਉਨ੍ਹਾਂ ਨੇ ਸਿੱਖਿਆ ਮੰਤਰੀ ਚੀਮਾ ਨੂੰ ਅਰਵਿੰਦ ਕੇਜਰੀਵਾਲ ਦੀ ਦਿੱਲੀ ਸਰਕਾਰ ਵਾਂਗੂ ਸਿੱਖਿਆ ਖੇਤਰ ਵਿਚ ਠੇਕਾ ਅਧਾਰਿਤ ਭਰਤੀਆਂ ਬੰਦ ਕਰਕੇ ਪੱਕੇ ਤੌਰ ਤੇ ਨੌਕਰੀ ਦੇਣ ਦਾ ਸੁਝਾਅ ਵੀ ਦਿੱਤਾ।

ਪ੍ਰੋ. ਸਾਧੂ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸੂਬੇ ਦੇ ਸਕੂਲਾਂ ਵਿਚਲੀਆਂ ਖਾਲੀ ਪਈਆਂ ਅਸਾਮੀਆਂ ਪਹਿਲ ਦੇ ਅਧਾਰ ‘ਤੇ ਭਰੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਪੜ੍ਹਾਉਣ ਤੋਂ ਬਿਨਾ ਕੋਈ ਹੋਰ ਕਾਰਜ ਕਰਨ ਲਈ ਨਹੀਂ ਕਿਹਾ ਜਾਵੇਗਾ ਅਤੇ ਉਨ੍ਹਾਂ ਨੂੰ ਵਾਧੂ ਬੋਝ ਤੋਂ ਮੁਕਤ ਕੀਤਾ ਜਾਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,