Site icon Sikh Siyasat News

ਡੋਕਲਾਮ ਵਿਵਾਦ: ਚੀਨ ਮੁਤਾਬਕ; ਸਾਡਾ ਸਬਰ ਮੁੱਕਣ ਵਾਲਾ ਹੀ ਹੈ

ਬੀਜਿੰਗ: ਸਿੱਕਮ ਸੈਕਟਰ ‘ਚ ਪਿਛਲੇ 2 ਮਹੀਨਿਆਂ ਤੋਂ ਚੱਲ ਰਹੇ ਡੋਕਲਾਮ ਵਿਵਾਦ ਨੂੰ ਲੈ ਕੇ ਚੀਨ ਨੇ ਇਕ ਵਾਰ ਫਿਰ ਸਖ਼ਤ ਰੁਖ਼ ਅਪਣਾਇਆ ਹੈ। ਚੀਨ ਨੇ ਕਿਹਾ ਕਿ ਅਜੇ ਤੱਕ ਭਾਰਤ ਦੇ ਨਾਲ ਇਸ ਵਿਵਾਦ ‘ਚ ਉਸ ਨੇ ਸਦਭਾਵਨਾ ਵਾਲਾ ਰਵੱਈਆ ਅਪਣਾਇਆ ਹੈ ਪਰ ਉਸ ਦੇ ਸੰਜਮ ਦੀ ਵੀ ਕੋਈ ਸੀਮਾ ਹੈ ਅਤੇ ਹੁਣ ਸਬਰ ਦਾ ਪਿਆਲਾ ਭਰ ਚੁੱਕਾ ਹੈ। ਭਾਰਤ ਨੂੰ ਇਸ ਮਾਮਲੇ ‘ਚ ਆਪਣੇ ਭਰਮ ਨੂੰ ਛੱਡ ਦੇਣਾ ਚਾਹੀਦਾ ਹੈ। ਚੀਨ ਦੇ ਰੱਖਿਆ ਮੰਤਰਾਲੇ ਵੱਲੋਂ ਵੀਰਵਾਰ ਰਾਤ ਇਹ ਪ੍ਰਤੀਕਿਰਿਆ ਆਈ। ਦੋਵੇਂ ਦੇਸ਼ਾਂ ਦਰਮਿਆਨ 16 ਜੂਨ ਨੂੰ ਇਹ ਵਿਵਾਦ ਸ਼ੁਰੂ ਹੋਇਆ ਸੀ ਜਦ ਚੀਨੀ ਫੌਜੀਆਂ ਨੇ ਭੁਟਾਨ ਦੇ ਨੇੜੇ ਚੀਨ ਦੇ ਅੰਦਰ ਹੀ ਸੜਕ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ। ਭਾਰਤ ਨੂੰ ਡਰ ਹੈ ਕਿ ਇਸ ਇਲਾਕੇ ‘ਚ ਸੜਕ ਬਣਾਉਣ ਨਾਲ ਚੀਨ ਉਤਰ ਪੂਰਬ ਦੇ ਰਾਜਾਂ ਨੂੰ ਭਾਰਤ ਤੋਂ ਅਲੱਗ ਕਰਨ ਦਾ ਕੰਮ ਕਰੇਗਾ। ਜ਼ਿਕਰਯੋਗ ਹੈ ਕਿ ਭਾਰਤ ਦੇ ਉੱਤਰ ਪੂਰਬ ਦੇ ਸਾਰੇ ਸੂਬਿਆਂ ਵਿਚ ਅਜ਼ਾਦੀ ਦਾ ਸੰਘਰਸ਼ ਚੱਲ ਰਿਹਾ ਹੈ।

ਫੋਟੋ: ਚਾਇਨਾ ਡੇਲੀ

ਚੀਨ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਰੇਨ ਗੁਆਕਿਆਂਗ ਨੇ ਇਕ ਬਿਆਨ ‘ਚ ਭਾਰਤ ਨੂੰ ਇਸ ਸਥਿਤੀ ਨਾਲ ਜਲਦੀ ਤੋਂ ਜਲਦੀ ਅਤੇ ਸਹੀ ਤਰੀਕੇ ਨਾਲ ਨਿਪਟਣ ਲਈ ਕਿਹਾ ਹੈ ਤਾਂਕਿ ਇਸ ਸਰਹੱਦੀ ਖੇਤਰ ‘ਚ ਸ਼ਾਂਤੀ ਬਹਾਲ ਕੀਤੀ ਜਾ ਸਕੇ। ਚੀਨੀ ਬੁਲਾਰੇ ਨੇ ਕਿਹਾ ਕਿ ਭਾਰਤ ਇਸ ਮਾਮਲੇ ‘ਚ ਦੇਰੀ ਕਰਨ ਦੇ ਆਪਣੇ ਭਰਮ ਨੂੰ ਛੱਡ ਦੇਵੇ। ਕਿਸੇ ਵੀ ਦੇਸ਼ ਨੂੰ ਚੀਨ ਦੀ ਫੌਜ ਦੀ ਸ਼ਾਂਤੀ ਨੂੰ ਬਣਾਈ ਰੱਖਣ ਅਤੇ ਰਾਸ਼ਟਰੀ ਪ੍ਰਭੂਸੱਤਾ ਦੀ ਰੱਖਿਆ ਕਰਨ ਦੀ ਸਮਰੱਥਾ ਨੂੰ ਘੱਟ ਕਰ ਕੇ ਨਹੀਂ ਦੇਖਣਾ ਚਾਹੀਦਾ। ਰੇਨ ਨੇ ਕਿਹਾ ਕਿ ਚੀਨ ਦੀ ਫੌਜ ਦੇਸ਼ ਦੀ ਪ੍ਰਭੂਸੱਤਾ ਅਤੇ ਸੁਰੱਖਿਆ ਹਿਤਾਂ ਦੀ ਕਿਸੇ ਵੀ ਕੀਮਤ ‘ਤੇ ਰੱਖਿਆ ਕਰੇਗੀ।

ਚੀਨੀ ਫੌਜ ਵਲੋਂ ਤਿੱਬਤ ‘ਚ ਜੰਗੀ ਮਸ਼ਕਾਂ ਕੀਤੀਆਂ ਗਈਆਂ

ਇਸ ਦੌਰਾਨ ਚੀਨ ਦੇ ਇਕ ਫੌਜੀ ਮਾਹਿਰ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਡੋਕਲਾਮ ਤੋਂ ਆਪਣੇ ਫੌਜੀਆਂ ਨੂੰ ਵਾਪਸ ਨਹੀਂ ਹਟਾਏਗਾ, ਕਿਉਂਕਿ ਜੇਕਰ ਉਹ ਅਜਿਹਾ ਕਰਦਾ ਹੈ ਤਾਂ ਭਾਰਤ ਨੂੰ ਭਵਿੱਖ ‘ਚ ਉਸ ਦੇ ਲਈ ਸਮੱਸਿਆ ਖੜ੍ਹੀ ਕਰਨ ਲਈ ਉਤਸ਼ਾਹ ਮਿਲੇਗਾ। ਨੈਸ਼ਨਲ ਡਿਫੈਂਸ ਯੂਨੀਵਰਸਿਟੀ ਆਫ਼ ਦਿ ਪੀਪਲਜ਼ ਲਿਬਰੇਸ਼ਨ ਆਰਮੀ ਦੇ ਇੰਟਰਨੈਸ਼ਨਲ ਕਾਲਜ ਆਫ਼ ਡਿਫੈਂਸ ‘ਚ ਸਹਾਇਕ ਪ੍ਰੋਫ਼ੈਸਰ ਯੂ ਦੋਂਗਸ਼ਿਓਮ ਨੇ ਕਿਹਾ ਕਿ ਜੇਕਰ ਭਾਰਤੀ ਰਣਨੀਤੀਕਾਰ ਅਤੇ ਨੀਤੀ ਨਿਰਮਾਤਾ ਇਹ ਸੋਚਦੇ ਹਨ ਕਿ ਚੀਨ ਵਾਪਸ ਮੁੜ ਜਾਵੇਗਾ ਤਾਂ ਉਹ ਗ਼ਲਤੀ ਕਰ ਰਹੇ ਹਨ।

ਚੱਲ ਰਹੇ ਤਣਾਅ ਦੇ ਦੌਰਾਨ ਹੀ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਦੇ ਤੋਪਖ਼ਾਨਾ ਰੈਜੀਮੈਂਟ ਦੇ ਫੌਜੀਆਂ ਨੇ ਗੋਬੀ ਮਾਰੂਥਲ ‘ਚ ਜ਼ਿੰਦਾ ਗੋਲਾ ਬਾਰੂਦ ਨਾਲ ਜੰਗੀ ਅਭਿਆਸ ਕੀਤਾ। ਪੀ. ਐਲ. ਏ. ਨੇ 28 ਜੁਲਾਈ ਨੂੰ ਜ਼ਿੰਦਾ ਗੋਲਾ ਬਾਰੂਦ ਦੇ ਨਾਲ ਜੰਗੀ ਅਭਿਆਸ ਕੀਤਾ। ਇਸ ਦੌਰਾਨ ਪੀ. ਐਲ. ਏ. ਨੇ ਟੈਂਕਾਂ ਅਤੇ ਤੋਪਾਂ ਨਾਲ ਅਸਲ ਗੋਲਾ ਬਾਰੂਦ ਦੀ ਵਰਤੋਂ ਕਰਨ ਦੇ ਨਾਲ-ਨਾਲ ਰਾਕਟ ਵੀ ਦਾਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version